ਪੰਜਾਬ ਦੀਆਂ ਲੋਕ-ਖੇਡਾਂ : ਪ੍ਰਸ਼ਨ-ਉੱਤਰ
ਪੰਜਾਬ ਦੀਆਂ ਲੋਕ-ਖੇਡਾਂ : 70-80 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਪੰਜਾਬ ਦੀਆਂ ਲੋਕ-ਖੇਡਾਂ’ ਨਾਂ ਦੇ ਪਾਠ ਵਿੱਚ ਲੇਖਕ (ਸੁਖਦੇਵ ਮਾਦਪੁਰੀ) ਨੇ ਕੀ ਜਾਣਕਾਰੀ ਦਿੱਤੀ ਹੈ?
ਜਾਂ
ਪ੍ਰਸ਼ਨ. ਪੰਜਾਬ ਦੀਆਂ ਲੋਕ-ਖੇਡਾਂ’ ਨਾਂ ਦੇ ਪਾਠ ਦੇ ਵਿਸ਼ੇ-ਵਸਤੂ ਬਾਰੇ ਜਾਣਕਾਰੀ ਦਿਓ।
ਉੱਤਰ : ‘ਪੰਜਾਬ ਦੀਆਂ ਲੋਕ-ਖੇਡਾਂ’ ਨਾਂ ਦਾ ਪਾਠ ਸੁਖਦੇਵ ਮਾਦਪੁਰੀ ਦੀ ਰਚਨਾ ਹੈ। ਇਸ ਪਾਠ ਵਿੱਚ ਲੇਖਕ ਨੇ ਮਨੁੱਖੀ ਜੀਵਨ ਵਿੱਚ ਲੋਕ-ਖੇਡਾਂ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਲੋਕ-ਖੇਡਾਂ ਨੂੰ ਪਰਿਭਾਸ਼ਿਤ ਕਰਦਾ ਲੇਖਕ ਦੱਸਦਾ ਹੈ ਕਿ ਖੇਡ-ਗੀਤਾਂ, ਕਾਰਜ-ਵਿਧੀ ਅਤੇ ਸਮਾਜ ਤੋਂ ਪਛਾਣੀਆਂ ਜਾਣ ਵਾਲੀਆਂ ਖੇਡਾਂ ਨੂੰ ਲੋਕ-ਖੇਡਾਂ ਕਹਿੰਦੇ ਹਨ ਕਿਉਂਕਿ ਇਹਨਾਂ ਖੇਡਾਂ ਦਾ ਸੰਚਾਰ ਪੀੜ੍ਹੀ-ਦਰ-ਪੀੜ੍ਹੀ ਹੁੰਦਾ ਹੋਇਆ ਸਾਡੇ ਤੱਕ ਪਹੁੰਚਿਆ ਹੈ। ਇਸ ਪਾਠ ਵਿੱਚ ਲੇਖਕ ਨੇ ਲੋਕ-ਖੇਡਾਂ ਦੇ ਲੱਛਣ, ਇਹਨਾਂ ਦੀ ਵਰਗ-ਵੰਡ ਅਤੇ ਇਹਨਾਂ ਦੇ ਖੇਡਣ ਦੀਆਂ ਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਸ ਨੇ ਇਹਨਾਂ ਖੇਡਾਂ ਰਾਹੀਂ ਸਮਾਜ ਵਿੱਚ ਪੈਦਾ ਹੁੰਦੀ ਭਾਈਚਾਰਿਕ ਸਾਂਝ ਨੂੰ ਵੀ ਉਜਾਗਰ ਕੀਤਾ ਹੈ। ਇਹ ਖੇਡਾਂ ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ।
ਪ੍ਰਸ਼ਨ 2. ‘ਪੰਜਾਬ ਦੀਆਂ ਲੋਕ-ਖੇਡਾਂ’ ਦੇ ਆਧਾਰ ‘ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।
ਉੱਤਰ : ਲੋਕ-ਖੇਡਾਂ ਪੰਜਾਬੀਆਂ ਦੇ ਲੋਕ-ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ/ਸ਼ੁਰੂ ਤੋਂ ਹੀ ਖੇਡਦਾ ਆ ਰਿਹਾ ਹੈ। ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਹੈ। ਆਪਣੇ ਸਰੀਰ, ਵਿੱਤ (ਤਾਕਤ) ਅਤੇ ਸੁਭਾਅ ਅਨੁਸਾਰ ਮਨੁੱਖ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇੱਕ ਸਹਿਜ ਕਰਮ ਹੈ। ਬੱਚੇ ਦੇ ਜਨਮ ਲੈਣ ਨਾਲ ਹੀ ਉਸ ਦੀ ਖੇਡ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਕੁਝ ਦਿਨਾਂ ਦਾ ਬੱਚਾ ਹੀ ਲੱਤਾ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।
ਪ੍ਰਸ਼ਨ 3. ‘ਲੋਕ-ਖੇਡਾਂ’ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ?
ਉੱਤਰ : ਲੋਕ-ਖੇਡਾਂ ਸਰੀਰਿਕ ਕਸਰਤ ਤੋਂ ਬਿਨਾਂ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹੁੰਦੀਆਂ ਹਨ। ਇਹ ਜਿੱਥੇ ਮਨੁੱਖ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ, ਉੱਥੇ ਰੂਹ ਨੂੰ ਵੀ ਅਕਹਿ ਖ਼ੁਸ਼ੀ ਅਥਵਾ ਖੇੜੇ ਦੀ ਭਾਵਨਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਸਾਡਾ ਮਨੋਬਲ ਵਧਦਾ ਹੈ ਅਤੇ ਜੀਵਨ ਪ੍ਰਤੀ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਉਪਰੰਤ ਜੀਵਨ ਦੀ ਦੌੜ ਵਿੱਚ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਲੋਕ-ਖੇਡਾਂ ਮਨੁੱਖ ਨੂੰ ਹਰ ਤਰ੍ਹਾਂ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਕਰਨ ਤੋਂ ਬਿਨਾਂ ਹਾਰ ਦੀ ਸਥਿਤੀ ਵਿੱਚ ਇਸ ਨੂੰ ਖਿੜੇ ਮੱਥੇ ਸਹਿਨ ਕਰਨ ਦੀ ਸ਼ਕਤੀ ਦੀ ਭਾਵਨਾ ਵੀ ਪ੍ਰਦਾਨ ਕਰਦੀਆਂ ਹਨ। ਇਸ ਤਰ੍ਹਾਂ ਲੋਕ-ਖੇਡਾਂ ਸਾਡੇ ਸਰੀਰ ਨੂੰ ਰਿਸ਼ਟ-ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ। ਲੋਕ-ਖੇਡਾਂ ਵਾਧੂ ਸਰੀਰਿਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ ਸਗੋਂ ਕਮਜ਼ੋਰ ਸਰੀਰ ਵਾਲਿਆਂ ਦੀ ਤਾਕਤ ਨੂੰ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ।
ਇਸ ਤਰ੍ਹਾਂ ਲੋਕ-ਖੇਡਾਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ।
ਪ੍ਰਸ਼ਨ 4. ‘ਪੰਜਾਬ ਦੀਆਂ ਲੋਕ-ਖੇਡਾਂ’ ਪਾਠ ਦੇ ਆਧਾਰ ‘ਤੇ ਦੱਸੋ ਕਿ ਲੋਕ-ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਕਿਵੇਂ?
ਉੱਤਰ : ਖੇਡਾਂ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਖੇਡ-ਰੁਚੀਆਂ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ਼ ਦੀਆਂ ਸੂਚਕ ਹਨ। ਭਾਵੇਂ ਕਈ ਵਿਦਵਾਨਾਂ ਨੇ ਖੇਡਾਂ ਨੂੰ ਮਨੋਰੰਜਨ ਦੇ ਸ਼ੁਗਲੀ ਸਾਧਨ ਮੰਨਿਆ ਹੈ ਪਰ ਖੇਡਾਂ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੀ ਲੋੜ ਅਤੇ ਜੀਵਨ ਦੇ ਵਿਕਾਸ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕਾਰਜ ਹਨ।
ਇਸ ਤਰ੍ਹਾਂ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਮਹੱਤਵਪੂਰਨ ਅਥਵਾ ਅਹਿਮ ਭੂਮਿਕਾ ਹੈ।
ਪ੍ਰਸ਼ਨ 5. ‘ਲੋਕ-ਖੇਡਾਂ’ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਕਿਵੇਂ ਹਨ?
ਉੱਤਰ : ਲੋਕਧਾਰਾ ਦੇ ਹੋਰ ਅੰਗਾਂ, ਜਿਵੇਂ ਲੋਕ-ਕਹਾਣੀਆਂ, ਲੋਕ-ਗੀਤਾਂ, ਬੁਝਾਰਤਾਂ ਅਤੇ ਅਖਾਣਾਂ ਵਾਂਗ ਲੋਕ-ਖੇਡਾਂ ਵੀ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਪੰਜਾਬ ਦੀਆਂ ਲੋਕ-ਖੇਡਾਂ ਸੈਂਕੜਿਆਂ ਦੀ ਗਿਣਤੀ ਵਿੱਚ ਮਿਲਦੀਆਂ ਹਨ ਜਿਨ੍ਹਾਂ ਤੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਪੰਜਾਬੀ ਲੋਕਾਂ ਦਾ ਸੁਭਾਅ, ਉਹਨਾਂ ਦਾ ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਲੋਕ-ਖੇਡਾਂ ਵਿੱਚ ਓਤਪੋਤ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਲੋਕ-ਖੇਡਾਂ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਲੋਕ-ਖੇਡਾਂ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੀਆਂ ਰਹੀਆਂ ਹਨ।
ਪ੍ਰਸ਼ਨ 6. ਪੰਜਾਬ ਦੀਆਂ ਲੋਕ-ਖੇਡਾਂ ਦੀ ਕੀ ਖ਼ਾਸੀਅਤ ਹੈ?
ਉੱਤਰ : ਪੰਜਾਬ ਦੀਆਂ ਲੋਕ-ਖੇਡਾਂ ਪੰਜਾਬੀ ਲੋਕਾਂ ਦੇ ਸੁਭਾਅ ਨੂੰ ਪ੍ਰਗਟਾਉਂਦੀਆਂ ਹਨ। ਇਹਨਾਂ ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਇਹਨਾਂ ਖੇਡਾਂ ਦਾ ਸਮਾਂ ਅਤੇ ਸਥਾਨ ਵੀ ਨਿਸ਼ਚਿਤ ਨਹੀਂ। ਇਹ ਖੇਡਾਂ ਗਰਮੀਆਂ ਨੂੰ ਦੁਪਹਿਰ ਵੇਲ਼ੇ, ਚਾਨਣੀਆਂ ਰਾਤਾਂ ਵਿੱਚ, ਖੁੱਲ੍ਹੇ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ ਅਤੇ ਬੋਹੜਾਂ ਦੀਆਂ ਛਾਵਾਂ ਵਿੱਚ ਅਤੇ ਕਿਸੇ ਵੀ ਮੋਕਲੀ ਥਾਂ ‘ਤੇ ਖੇਡੀਆਂ ਜਾਂਦੀਆਂ ਹਨ। ਇਹਨਾਂ ਖੇਡਾਂ ਲਈ ਕੋਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਸਗੋਂ ਸਥਾਨਿਕ ਪੱਧਰ ‘ਤੇ ਮਿਲਦੀ ਸਮੱਗਰੀ ਨਾਲ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਦੀਆਂ ਲੋਕ-ਖੇਡਾਂ ਦੀ ਆਪਣੀ ਵਿਸ਼ੇਸ਼ ਖ਼ਾਸੀਅਤ ਹੈ।
ਪ੍ਰਸ਼ਨ 7. ਲੋਕ-ਖੇਡਾਂ ਨਾਲ ਬੱਚੇ ਅੰਦਰ ਕਿਹੜੇ-ਕਿਹੜੇ ਗੁਣ ਪ੍ਰਵੇਸ਼ ਕਰਦੇ ਹਨ? ਇਹ ਵੀ ਦੱਸੋ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ?
ਜਾਂ
ਪ੍ਰਸ਼ਨ. ਬੱਚੇ ਆਮ ਤੌਰ ‘ਤੇ ਕਿਹੜੀਆਂ ਖੇਡਾਂ ਖੇਡਦੇ ਹਨ? ਬੱਚਿਆਂ ਦੀਆਂ ਲੋਕ-ਖੇਡਾਂ ਕਿਹੜੀਆਂ ਹਨ?
ਉੱਤਰ: ਲੋਕ-ਖੇਡਾਂ ਨਾਲ ਬੱਚੇ ਅੰਦਰ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਬੱਚੇ ਆਮ ਤੌਰ ‘ਤੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਬੱਚਿਆਂ ਦੀਆਂ ਲੋਕ-ਖੇਡਾਂ ਵਿੱਚ ਬੁੱਢੀ ਮਾਈ, ਭੰਡਾ-ਭੰਡਾਰੀਆਂ ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁੱਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ ਲੱਕੜ-ਕਾਠੀ, ਖ਼ਾਨ-ਘੋੜੀ, ਅੰਨ੍ਹਾ ਝੋਟਾ, ਗੁੱਲੀ-ਡੰਡਾ, ਪਿੱਠੂ, ਪੀਚੋ-ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ/ਅਖਰੋਟ ਅਤੇ ਸੱਕਰ-ਭਿੱਜੀ ਆਦਿ ਵਰਣਨਯੋਗ ਹਨ।
ਪ੍ਰਸ਼ਨ 8. ‘ਪੁੱਗਣ ਦੇ ਨਿਯਮ’ ਬਾਰੇ ਜਾਣਕਾਰੀ ਦਿਓ।
ਉੱਤਰ : ਖੇਡਣ ਵੇਲੇ ਕਿਸੇ ਨਾ ਕਿਸੇ ਨੇ ਦਾਈ, ਮਿੱਤ ਜਾਂ ਮੀਤੀ/ਮੀਟੀ/ਵਾਰੀ/ਪਿੱਤ ਦੇਣੀ ਹੁੰਦੀ ਹੈ। ਸਭ ਤੋਂ ਪਹਿਲਾਂ ਦਾਈ ਕੌਣ ਦੇਵੇਗਾ, ਇਸ ਲਈ ਪੁੱਗਣ ਦਾ ਨਿਯਮ ਹੈ। ਖੇਡਣ ਵਾਲੇ ਸਾਰੇ ਬੱਚੇ ਇੱਕ ਗੋਲ ਚੱਕਰ ਵਿੱਚ ਖੜ੍ਹੇ ਹੋ ਜਾਂਦੇ ਹਨ। ਉਹਨਾਂ ਵਿੱਚੋਂ ਇੱਕ ਇਕੱਲੇ-ਇਕੱਲੇ ਦੀ ਛਾਤੀ ‘ਤੇ ਆਪਣੀ ਉਂਗਲ ਛੁਹਾਂਦਾ ਇਹ ਛੰਦ ਬੋਲਦਾ ਹੈ :
ਈਂਗਣ ਮੀਂਗਣ ਤਲ਼ੀ-ਤਲੀਂਗਣ
…………………………..
ਨਿਕਲ ਬਾਲਿਆ ਤੇਰੀ ਬਾਰੀ ਆਈ ਐ।
ਆਖ਼ਰੀ ਸ਼ਬਦ ‘ਤੇ ਹੱਥ ਲੱਗਣ ਵਾਲਾ ਪੁੱਗ ਜਾਂਦਾ ਹੈ। ਇਸ ਤਰ੍ਹਾਂ ਇਹ ਛੰਦ ਵਾਰ-ਵਾਰ ਬੋਲਿਆ ਜਾਂਦਾ ਹੈ। ਪੁੱਗਣ ਲਈ ਇੱਕ ਹੋਰ ਰੀਤ ਵੀ ਅਪਣਾਈ ਜਾਂਦੀ ਹੈ। ਜਿੰਨੇ ਬੱਚੇ ਖੇਡਣਾ ਚਾਹੁੰਦੇ ਹਨ ਉਹ ਆਪਣੇ-ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਦੂਜੇ ਬੱਚੇ ਦਾ ਹੱਥ ਫੜ ਕੇ ਅਤੇ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਆਪਣੇ-ਆਪਣੇ ਹੱਥ ਪੁੱਠੇ-ਸਿੱਧੇ ਰੱਖਦੇ ਹਨ। ਜੇਕਰ ਪੁੱਗਣ ਵਾਲੇ ਤਿੰਨ ਬੱਚੇ ਹੋਣ ਅਤੇ ਉਹਨਾਂ ਵਿੱਚੋਂ ਦੋ ਹੱਥ ਪੁੱਠੇ ਅਤੇ ਇੱਕ ਦਾ ਸਿੱਧਾ ਹੋਵੇ ਤਾਂ ਸਿੱਧੇ ਹੱਥਾਂ ਵਾਲਾ ਬੱਚਾ ਪੁੱਗੇਗਾ। ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੈ ਅਤੇ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਸ ਸਿਰ ਦਾਈ/ਵਾਰੀ/ਮੀਟੀ ਆ ਜਾਂਦੀ ਹੈ।
ਪ੍ਰਸ਼ਨ 9. ਟੋਲੀਆਂ ਦੀ ਚੋਣ ਲਈ ‘ਆੜੀ ਮੜਿੱਕਣ’ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਕਈ ਲੋਕ-ਖੇਡਾਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ। ਅਜਿਹੀਆਂ ਖੇਡਾਂ ਵਿੱਚ ਕਬੱਡੀ, ਰੱਸਾ-ਕਸ਼ੀ, ਸੱਕਰ-ਭਿੱਜੀ, ਨੂਣ-ਮਿਆਣੀ, ਕੂਕਾਂ-ਕਾਂਗੜੇ ਅਤੇ ਟਿਬਲਾ-ਟਿਬਲੀ ਆਦਿ ਹਨ। ਟੋਲੀਆਂ ਦੀ ਚੋਣ ਲਈ ਵੀ ਨਿਯਮ ਹਨ ਜਿਸ ਨੂੰ ‘ਆੜੀ ਮੜਿੱਕਣਾ’ ਕਿਹਾ ਜਾਂਦਾ ਹੈ। ਖੇਡਣ ਵਾਲ਼ੇ ਬੱਚੇ ਇੱਕ ਥਾਂ ਇਕੱਠੇ ਬੈਠ ਜਾਂਦੇ ਹਨ। ਉਹਨਾਂ ਵਿੱਚੋਂ ਦੋ ਬੱਚੇ ਦੋ ਟੋਲੀਆਂ ਦੇ ਮੁਖੀ ਬਣ ਕੇ ਇੱਕ ਪਾਸੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿੱਚੋਂ ਦੋ-ਦੋ ਬੱਚੇ ਥੋੜ੍ਹੀ ਦੂਰ ਜਾ ਕੇ ਆਪਣੇ ਫ਼ਰਜੀ ਨਾਂ (ਜਿਵੇਂ ਸੋਨਾ, ਚਾਂਦੀ) ਰੱਖਦੇ ਹਨ ਅਤੇ ਗਲਵੱਕੜੀ ਪਾਈ ਆਉਂਦੇ ਹਨ ਤੇ ਟੋਲੀਆਂ ਦੇ ਮੁਖੀਆਂ ਨੂੰ ਕਹਿੰਦੇ ਹਨ : ਕੋਈ ਲੈ ਲਓ ਚਾਂਦੀ ਕੋਈ ਲੈ ਲਓ ਸੋਨਾ। ਜੇਕਰ ਇੱਕ ਟੋਲੀ ਦਾ ਮੁਖੀ ਚਾਂਦੀ ਮੰਗ ਲਵੇ ਤਾਂ ਚਾਂਦੀ ਬਣਿਆ ਬੱਚਾ ਉਸ ਦੀ ਟੋਲੀ ਵਿੱਚ ਆ ਜਾਂਦਾ ਹੈ ਅਤੇ ਦੂਜਾ ਦੂਜੀ ਟੋਲੀ ਵਿੱਚ ਚਲੇ ਜਾਂਦਾ ਹੈ। ਇਸ ਤਰ੍ਹਾਂ ਬੱਚੇ ਵਾਰੋ-ਵਾਰੀ ਚੋਣ ਕਰਾਉਂਦੇ ਹਨ।
ਪ੍ਰਸ਼ਨ 10. ਆੜੀ ਚੁਣਨ ਸਮੇਂ ਦੇ ਪ੍ਰਚਲਿਤ ਗੀਤਾਂ ਦੀਆਂ ਦੋ ਉਦਾਹਰਨਾਂ ਦਿਓ।
ਉੱਤਰ:
(ੳ) ਖੂਹ ਵਿੱਚ ਪਪੀਤਾ
ਕੋਈ ਮੰਗੇ ਰਾਮ
ਕੋਈ ਮੰਗੇ ਸੀਤਾ।
(ਅ) ਇੱਕਮ ਇੱਕਮ ਛਈਆ ਡੋ
ਜੀਵੇ ਥੋਡਾ ਮਾਂ ਪਿਓ
ਖੂਹ ਵਿੱਚ ਮਾਰੀ ਪਾਥੀ
ਕੋਈ ਲਓ ਸ਼ੇਰ
ਕੋਈ ਲਓ ਹਾਥੀ।
ਪ੍ਰਸ਼ਨ 11. ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀ ਖ਼ੁਰਾਕ ਦਾ ਪ੍ਰਬੰਧ ਕਿਉਂ ਕਰਦਾ ਸੀ?
ਜਾਂ
ਪ੍ਰਸ਼ਨ. ਪੁਰਾਤਨ ਸਮੇਂ ਵਿੱਚ ਪਿੰਡ-ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਸਨਮਾਨਿਤ ਕਰਦੇ ਸਨ?
ਉੱਤਰ : ਪੁਰਾਤਨ ਸਮੇਂ ਵਿੱਚ ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀ ਖ਼ੁਰਾਕ ਦਾ ਪ੍ਰਬੰਧ ਕਰਦਾ ਸੀ। ਦੇਸੀ ਘਿਓ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਨ। ਅਜਿਹਾ ਇਸ ਲਈ ਹੁੰਦਾ ਸੀ ਕਿਉਂਕਿ ਇਹ ਗੱਭਰੂ ਪਿੰਡ ਦਾ ਮਾਣ ਹੁੰਦੇ ਸਨ ਅਤੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਚਮਕਾਉਂਦੇ ਸਨ। ਉਹ ਬੋਰੀ ਚੁੱਕਣ, ਮੂੰਗਲੀਆਂ ਫੇਰਨ, ਰੱਸਾ-ਕਸ਼ੀ ਅਤੇ ਕਬੱਡੀ ਵਿੱਚ ਆਪਣਾ-ਆਪਣਾ ਨਾਂ ਕੱਢਦੇ ਅਤੇ ਪਿੰਡ ਨੂੰ ਪ੍ਰਸਿੱਧੀ ਦਵਾਉਂਦੇ। ਇਹ ਖਿਡਾਰੀ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸੀ ਢੁੱਕਣ ਦਿੰਦੇ। ਸਮੁੱਚੇ ਪਿੰਡ ਦੀ ਸ਼ਾਨ ਉਹ ਰਲ-ਮਿਲ ਕੇ ਰਹਿੰਦੇ ਅਤੇ ਪਿਆਰ ਨਾਲ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਇਹਨਾਂ ਦਾ ਮਨੋਰਥ ਹੁੰਦਾ ਸੀ। ਅਜਿਹਾ ਕਰਕੇ ਉਹ ਪਿੰਡ ਦੀ ਸ਼ਾਨ ਵਧਾਉਂਦੇ ਸਨ। ਇਸੇ ਲਈ ਪੁਰਾਤਨ ਸਮੇਂ ਵਿੱਚ ਪਿੰਡ-ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਉਹਨਾਂ ਦੀ ਖ਼ੁਰਾਕ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਨਿਵਾਜਦੇ ਅਥਵਾ ਸਨਮਾਨਿਤ ਕਰਦੇ ਸਨ।
ਪ੍ਰਸ਼ਨ 12. ਪੰਜਾਬੀਆਂ ਦੇ ਜੀਵਨ ਵਿੱਚ ਕੁਸ਼ਤੀਆਂ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਦੱਸੋ ਕਿ ਪੰਜਾਬ ਦੀ ਧਰਤੀ ਨੇ ਕਿਹੜੇ ਜਗਤ-ਪ੍ਰਸਿੱਧ ਪਹਿਲਵਾਨ ਪੈਦਾ ਕੀਤੇ?
ਉੱਤਰ : ਪੁਰਾਣੇ ਸਮੇਂ ਤੋਂ ਹੀ ਕੁਸ਼ਤੀਆਂ ਪੰਜਾਬੀਆਂ ਲਈ ਖਿੱਚ-ਭਰਪੂਰ ਰਹੀਆਂ ਹਨ। ਪਿੰਡਾਂ ਵਿੱਚ ਛਿੰਝਾਂ ਅਤੇ ਮੇਲਿਆਂ ‘ਤੇ ਜੁੜਦੇ ਕੁਸ਼ਤੀਆਂ ਦੇ ਦੰਗਲ ਪਿੰਡ ਦੇ ਲੋਕਾਂ ਨੂੰ ਵਧੇਰੇ ਸਾਹਸ ਪ੍ਰਦਾਨ ਕਰਦੇ ਰਹੇ ਹਨ। ਇਹਨਾਂ ਛਿੰਝਾਂ ਤੋਂ ਗੱਭਰੂਆਂ ਨੂੰ ਆਪਣੇ ਸਰੀਰਾਂ ਨੂੰ ਤਾਕਤਵਰ ਬਣਾਉਣ ਲਈ ਉਤਸ਼ਾਹ ਮਿਲਦਾ ਰਿਹਾ ਹੈ। ਇਸੇ ਲਈ ਪੰਜਾਬ ਦੀ ਧਰਤੀ ਨੇ ਜਗਤ-ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ ਜਿਨ੍ਹਾਂ ਵਿਚ ਗਾਮਾ, ਗੂੰਗਾ, ਮੇਹਰਦੀਨ, ਕੇਸਰ ਸਿੰਘ, ਦਾਰਾ ਸਿੰਘ ਅਤੇ ਕਿੱਕਰ ਸਿੰਘ ਵਰਗੇ ਨਾਂ ਵਰਨਣਯੋਗ ਹਨ। ਇਹਨਾਂ ਨੇ ਸੰਸਾਰ ਵਿੱਚ ਵੱਡੀਆਂ ਜਿੱਤਾਂ ਪ੍ਰਾਪਤ ਕਰ ਕੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ।
ਪ੍ਰਸ਼ਨ 13. ‘ਕਬੱਡੀ’ ਦੀ ਖੇਡ ਦੇ ਮਹੱਤਵ ਅਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ।
ਉੱਤਰ : ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ। ਇਸ ਰਾਹੀਂ ਪੰਜਾਬੀਆਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਿਕ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਹੀ ਕਿਸਮਾਂ ਹਨ ਜੋ ਬਹੁਤ ਹਰਮਨ-ਪਿਆਰੀਆਂ ਰਹੀਆਂ ਹਨ। ਅੱਜ ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ। ਸੌਂਚੀ ਪੱਕੀ ਪੰਜਾਬ ਦੇ ਜਵਾਨਾਂ ਦੀ ਮਨਪਸੰਦ ਖੇਡ ਰਹੀ ਹੈ। ਮੇਲਿਆਂ-ਮੁਸਾਹਵਿਆਂ ‘ਤੇ ਆਮ ਕਰਕੇ ਅਤੇ ਛਪਾਰ ਦੇ ਮੇਲੇ ‘ਤੇ ਖ਼ਾਸ ਕਰਕੇ ਇਸ ਦੇ ਮੁਕਾਬਲੇ ਹੁੰਦੇ ਸਨ। ਦਰਸ਼ਕ ਇਹਨਾਂ ਨੂੰ ਬੜੇ ਉਤਸ਼ਾਹ ਨਾਲ ਦੇਖਦੇ ਅਤੇ ਅਨੰਦ ਮਾਣਦੇ ਸਨ। ਇਸ ਖੇਡ ਰਾਹੀਂ ਗੱਭਰੂ ਆਪਣੇ ਸਰੀਰਿਕ ਬਲ ਦਾ ਪ੍ਰਗਟਾਵਾ ਕਰਦੇ ਸਨ। ਸੌਂਚੀ ਪੱਕੀ ਨਾਂ ਦੀ ਖੇਡ ਕਿ ਵਿ ਹੱਦ ਤੱਕ ਬੌਕਸਿੰਗ ਨਾਲ ਮਿਲਦੀ-ਜੁਲਦੀ ਹੈ।
ਪ੍ਰਸ਼ਨ 14. ਹੇਠ ਦਿੱਤੀਆਂ ਖੇਡਾਂ ਬਾਰੇ ਸੰਖੇਪ ਜਾਣਕਾਰੀ ਦਿਓ।
ਖਿੱਦੋ-ਖੂੰਡੀ, ਲੂਣ-ਤੇਲ-ਲੱਲੇ, ਅੱਡੀ-ਛੜੱਪਾ/ਅੱਡੀ ਟੱਪਾ।
ਉੱਤਰ : ‘ਖਿੱਦੋ-ਖੂੰਡੀ’ ਅਤੇ ‘ਲੂਣ-ਤੇਲ ਲੱਲੇ’ ਬੜੀਆਂ ਦਿਲਚਸਪ ਖੇਡਾਂ ਹਨ। ਇਹ ਖੇਡਾਂ ਲੀਰਾਂ ਦੀਆਂ ਖਿੱਦੋਆਂ ਅਤੇ ਕਿੱਕਰਾਂ/ਬੇਰੀਆਂ ਦੇ ਖੂੰਡਿਆਂ ਨਾਲ ਖੇਡੀਆਂ ਜਾਂਦੀਆਂ ਸਨ। ਖਿੱਦੋ-ਖੂੰਡੀ ਦੀ ਥਾਂ ਹੁਣ ਹਾਕੀ ਦੀ ਖੇਡ ਨੇ ਮੱਲ ਲਈ ਹੈ ਅਤੇ ਲੂਣ-ਤੇਲ ਲੱਲ੍ਹੇ ਕ੍ਰਿਕਟ ਵਿੱਚ ਸਮਾਂ ਗਏ ਹਨ।
ਕੁੜੀਆਂ ਦੀ ਹਰਮਨ-ਪਿਆਰੀ ਖੇਡ ਅੱਡੀ-ਛੜੱਪਾ ਜਾਂ ਅੱਡੀ-ਟੱਪਾ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਹਰ ਟੋਲੀ ਵਿੱਚ ਕੁੜੀਆਂ ਦੀ ਗਿਣਤੀ ਚਾਰ-ਪੰਜ ਤੱਕ ਹੁੰਦੀ ਹੈ। ਇਸ ਖੇਡ ਨੂੰ ਖੇਡ ਕੇ ਕੁੜੀਆਂ ਦੌੜਨ, ਉੱਚੀਆਂ ਛਾਲਾਂ-ਮਾਰਨ ਅਤੇ ਆਪਣੇ ਸਰੀਰ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।
ਪ੍ਰਸ਼ਨ 15. ਸੱਕਰ ਭਿੱਜੀ ਖੇਡ ਬਾਰੇ ਜਾਣਕਾਰੀ ਦਿਓ।
ਉੱਤਰ : ‘ਸੱਕਰ-ਭਿੱਜੀ’ ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ, ਜੋ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਇੱਕ ਟੋਲੀ ਦੇ ਖਿਡਾਰੀਆਂ ਦੀ ਗਿਣਤੀ ਚਾਰ-ਪੰਜ ਤੱਕ ਹੁੰਦੀ ਹੈ। ਜਿਸ ਟੋਲੀ ਦੀ ਵਾਰੀ ਹੁੰਦੀ ਹੈ ਉਸ ਦੇ ਖਿਡਾਰੀ ਇੱਕ-ਦੂਜੇ ਦਾ ਲੱਕ ਫੜ ਕੇ ਅਤੇ ਕੁੱਬੇ ਹੋ ਕੇ ਖੜ੍ਹੇ ਹੋ ਜਾਂਦੇ ਹਨ। ਦੂਜੀ ਟੋਲੀ ਦਾ ਇੱਕ ਖਿਡਾਰੀ ਦੂਰੋਂ ਦੌੜਦਾ ਹੋਇਆ ਆਉਂਦਾ ਹੈ ਅਤੇ ਪਲਾਕੀ ਮਾਰ ਕੇ ਝੁਕ ਕੇ ਕਤਾਰ ਵਿੱਚ ਖੜ੍ਹੇ ਖਿਡਾਰੀਆਂ ਦੀ ਪਿੱਠ ‘ਤੇ ਬੈਠਦਾ ਹੈ। ਜਦ ਸਾਰੇ ਖਿਡਾਰੀ ਲੰਮੀ ਘੋੜੀ ‘ਤੇ ਚੜ੍ਹ ਜਾਂਦੇ ਹਨ ਤਾਂ ਉਹ ਵੀ ਇੱਕ-ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵਲਦੇ ਹਨ। ਹੇਠਲੀ ਟੋਲੀ ਦੇ ਖਿਡਾਰੀਆਂ ਵੱਲੋਂ ਹਿਲ-ਜੁਲ ਕੇ ਅਤੇ ਝੁਕ-ਝੁਕ ਕੇ ਉੱਪਰਲੀ ਟੋਲੀ ਵਾਲਿਆਂ ਦੇ ਪੈਰ ਧਰਤੀ ‘ਤੇ ਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇਕਰ ਉੱਪਰਲੀ ਟੋਲੀ ਦੇ ਸਵਾਰ ਕਿਸੇ ਖਿਡਾਰੀ ਦੇ ਪੈਰ ਧਰਤੀ ਨਾਲ ਲੱਗ ਜਾਣ ਤਾਂ ਹੇਠਲੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਪਰ ਜੇਕਰ ਉੱਪਰਲੀ ਟੋਲੀ ਵਿੱਚੋਂ ਕਿਸੇ ਦਾ ਵੀ ਪੈਰ ਧਰਤੀ ਨੂੰ ਨਾ ਲੱਗੇ ਅਤੇ ਹੇਠਲੀ ਟੋਲੀ ਖੜ੍ਹੀ-ਖੜ੍ਹੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ – ‘ਸੱਕਰ ਭਿੱਜੀ ਕਿ ਨਾ’? ਜੇਕਰ ਹੇਠਲੀ ਟੋਲੀ ਦੇ ਖਿਡਾਰੀ ਹਾਂ ਕਹਿਣ ਵਿਗਾ ਤਾਂ ਉਹਨਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ ਅਤੇ ਹੇਠਲੇ ਉੱਪਰ ਆ ਕੇ ਸਵਾਰੀ ਕਰਦੇ ਹਨ। ਇਸ ਤਰ੍ਹਾਂ ਇਹ ਖੇਡ ਅੱਗੇ ਚੱਲਦੀ ਰਹਿੰਦੀ ਹੈ।
ਪ੍ਰਸ਼ਨ 16. ‘ਡੰਡਾ-ਡੁਕ’, ‘ਡੰਡ ਪਲਾਂਘੜਾ’ ਜਾਂ ‘ਪੀਲ-ਪਲੀਂਘਣ’ ਨਾਂ ਦੀ ਖੇਡ ਤੋਂ ਜਾਣੂ ਕਰਵਾਓ।
ਉੱਤਰ : ਡੰਡਾ-ਡੁਕ/ਡੰਡ-ਪਲਾਂਗੜਾ ਜਾਂ ਪੀਲ-ਪਲੀਂਘਣ ਨਾਂ ਦੀ ਖੇਡ ਬਹੁਤ ਦਿਲਚਸਪ ਖੇਡ ਸੀ। ਇਹ ਖੇਡ ਗਰਮੀਆਂ ਦੀ ਰੁੱਤ ਵਿੱਚ ਆਮ ਤੌਰ ‘ਤੇ ਪਿੱਪਲਾਂ, ਬੋਹੜਾਂ, ਟਾਹਲੀਆਂ ਆਦਿ ਦਰਖ਼ਤਾਂ ‘ਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤਾਂ ‘ਤੇ ਚੜ੍ਹ ਜਾਂਦੇ ਸਨ। ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦਿੰਦਾ ਸੀ। ਦਰਖ਼ਤ ਥੱਲੇ ਇੱਕ ਗੋਲ ਚੱਕਰ ਵਿੱਚ ਡੇਢ ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ ਸੀ। ਦਰਖ਼ਤ ‘ਤੇ ਚੜ੍ਹਿਆ ਇੱਕ ਖਿਡਾਰੀ ਬੱਚਾ ਥੱਲੇ ਆ ਕੇ ਗੋਲ ਚੱਕਰ ਵਿੱਚੋਂ ਡੰਡਾ ਚੁੱਕਦਾ ਅਤੇ ਇਸ ਨੂੰ ਆਪਣੀ ਖੱਬੀ ਲੱਤ ਦੇ ਥੱਲਿਓਂ ਘੁਮਾ ਕੇ ਦੂਰ ਸੁੱਟ ਦਿੰਦਾ ਅਤੇ ਆਪ ਮੁੜ ਦਰਖ਼ਤ ‘ਤੇ ਚੜ੍ਹ ਜਾਂਦਾ। ਇਸ ਤਰ੍ਹਾਂ ਖੇਡ ਸ਼ੁਰੂ ਹੋ ਜਾਂਦੀ। ਦਾਈ ਦੇਣ ਵਾਲਾ ਦੌੜ ਕੇ ਪਹਿਲਾਂ ਡੰਡੇ ਨੂੰ ਚੁੱਕਦਾ ਅਤੇ ਉਸ ਨੂੰ ਗੋਲ ਚੱਕਰ ਵਿੱਚ ਮੁੜ ਰੱਖ ਕੇ ਦੂਜੇ ਖਿਡਾਰੀਆਂ ਨੂੰ ਛੂਹਣ ਲਈ ਦਰਖ਼ਤ ‘ਤੇ ਜਾ ਚੜ੍ਹਦਾ ਅਤੇ ਦੂਜੇ ਖਿਡਾਰੀ ਦਰਖ਼ਤ ਦੀਆਂ ਟਾਹਣੀਆਂ ਨਾਲ ਲਮਕਦੇ ਹੋਏ ਧਰਤੀ ‘ਤੇ ਛਾਲਾਂ ਮਾਰਦੇ ਅਤੇ ਦੌੜ ਕੇ ਡੰਡੇ ਨੂੰ ਚੁੱਕ ਕੇ ਚੁੰਮਦੇ। ਦਾਈ ਦੇਣ ਵਾਲਾ ਜਿਸ ਖਿਡਾਰੀ ਨੂੰ ਡੰਡਾ ਚੁੰਮਣ ਤੋਂ ਪਹਿਲਾਂ ਛੂਹ ਲੈਂਦਾ ਉਸ ਦੇ ਸਿਰ ਦਾਈ/ਵਾਰੀ ਆ ਜਾਂਦੀ।
ਪ੍ਰਸ਼ਨ 17. ‘ਬਾਂਦਰ-ਕੀਲਾ’ ਨਾਂ ਦੀ ਖੇਡ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ : ਬਾਂਦਰ-ਕੀਲਾ ਨਾਂ ਦੀ ਖੇਡ ਨੂੰ ਮੁੰਡੇ-ਕੁੜੀਆਂ ਰਲ ਕੇ ਖੇਡਦੇ ਹਨ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਮੈਦਾਨ ਵਿੱਚ ਗੱਡੇ ਕੀਲੇ ਨਾਲ ਤਿੰਨ-ਚਾਰ ਮੀਟਰ ਲੰਮੀ ਰੱਸੀ ਬੰਨ੍ਹ ਦਿੱਤੀ ਜਾਂਦੀ ਹੈ। ਦਾਈ ਦੇਣ ਵਾਲੇ ਦਾ ਮੁੱਖ ਕੰਮ ਕੀਲੇ ਦੁਆਲੇ ਲੱਗੇ ਖਿਡਾਰੀਆਂ ਦੀਆਂ ਜੁੱਤੀਆਂ ਦੇ ਢੇਰ ਦੀ ਰਾਖੀ ਕਰਨਾ ਹੁੰਦਾ ਹੈ। ਚਹੁੰਆਂ ਪਾਸਿਆਂ ਤੋਂ ਖਿਡਾਰੀ ਚੋਰ-ਭੁਲਾਈਆਂ (ਝਕਾਨੀਆਂ) ਦੇ ਕੇ ਜੁੱਤੀਆਂ ਚੁੱਕਣ ਦਾ ਯਤਨ ਕਰਦੇ। ਦਾਈ/ਵਾਰੀ ਦੇਣ ਵਾਲਾ ਆਪਣੇ ਪੈਰਾਂ ਅਤੇ ਹੱਥਾਂ ਨਾਲ ਉਹਨਾਂ ਨੂੰ ਛੂੰਹਦਾ। ਪਰ ਛੂਹਣ ਸਮੇਂ ਉਹ ਆਪਣੇ ਹੱਥ ਵਿੱਚੋਂ ਰੱਸੀ ਨਹੀਂ ਸੀ ਛੱਡ ਸਕਦਾ। ਜੇਕਰ ਉਹ ਕਿਸੇ ਨੂੰ ਛੂਹ ਲੈਂਦਾ ਤਾਂ ਉਸ ਸਿਰ ਦਾਈ/ਵਾਰੀ ਆ ਜਾਂਦੀ। ਜੇਕਰ ਉਹ ਕਿਸੇ ਨੂੰ ਨਾ ਛੂਹ ਸਕਦਾ ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਉਹ ਕੀਲੇ ਵਾਲੀ ਥਾਂ ਤੋਂ ਪੱਚੀ ਤੀਹ ਮੀਟਰ ਦੀ ਦੂਰੀ ‘ਤੇ ਨਿਯਤ ਕੀਤੀ ਥਾਂ ‘ਤੇ ਜਾ ਖੜ੍ਹਾ ਹੁੰਦਾ। ਬਾਕੀ ਖਿਡਾਰੀ ਆਪੋ-ਆਪਣੀਆਂ ਚੁੱਕੀਆਂ ਜੁੱਤੀਆਂ ਲੈ ਕੇ ਕੀਲੇ ਕੋਲ ਇੱਕ ਕਤਾਰ ਵਿੱਚ ਖੜ੍ਹੇ ਹੋ ਜਾਂਦੇ। ਦਾਈ ਦੇਣ ਵਾਲਾ ਪੂਰੇ ਜ਼ੋਰ ਨਾਲ ‘ਚੰਮ ਦੀਆਂ ਰੋਟੀਆਂ, ਚਿਚੜਾਂ ਦੀ ਦਾਲ, ਖਾ ਲਓ ਮੁੰਡਿਓ ਸੁਆਦਾਂ ਨਾਲ’ ਕਹਿ ਕੇ ਸ਼ੂਟ ਵੱਟ ਕੇ ਦੌੜਦਾ। ਦੂਜੇ ਖਿਡਾਰੀ ਉਸ ‘ਤੇ ਟੁੱਟ ਪੈਂਦੇ ਅਤੇ ਉਸ ਦੇ ਸਿਰ ‘ਤੇ ਜੁੱਤੀਆਂ ਉੱਨੀ ਦੇਰ ਤੱਕ ਪੈਂਦੀਆਂ ਰਹਿੰਦੀਆਂ ਜਿੰਨੀ ਦੇਰ ਤੱਕ ਉਹ ਕੀਲੇ ‘ਤੇ ਪਹੁੰਚ ਕੇ ਰੱਸੀ ਨਹੀਂ ਸੀ ਫੜ ਲੈਂਦਾ। ਬੱਚੇ ਦੁਬਾਰਾ ਆਪਣੀਆਂ ਜੁੱਤੀਆਂ ਕੀਲੇ ਦੁਆਲੇ ਰੱਖ ਦਿੰਦੇ ਸਨ। ਦਾਈ ਦੇਣ ਵਾਲਾ ਰੱਸੀ ਦਾ ਸਿਰਾ ਫੜ ਕੇ ਖੇਡ ਸ਼ੁਰੂ ਕਰ ਦਿੰਦਾ ਸੀ। ਦਾਈ ਉਦੋਂ ਤੱਕ ਜਾਰੀ ਰਹਿੰਦੀ ਜਦ ਤੱਕ ਉਹ ਕਿਸੇ ਨੂੰ ਛੂਹ ਨਾ ਲੈਂਦਾ।
ਪ੍ਰਸ਼ਨ 18. “ਲੋਕ-ਖੇਡਾਂ’ ਅਲੋਪ ਕਿਉਂ ਹੋ ਰਹੀਆਂ ਹਨ?
ਉੱਤਰ : ‘ਲੋਕ-ਖੇਡਾਂ’ ਭਾਵੇਂ ਸਾਡੇ ਜੀਵਨ ਦਾ ਅਨਿੱਖੜ ਅੰਗ ਰਹੀਆਂ ਹਨ ਪਰ ਕੁਝ ਕਾਰਨਾਂ ਕਰਕੇ ਅਨੇਕਾਂ ਲੋਕ-ਖੇਡਾਂ ਸਾਡੇ ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ। ਹੁਣ ਨਾ ਤਾਂ ਪਿੰਡਾਂ ਵਿੱਚ ਖੇਡਾਂ ਦੇ ਪਿੜ ਜੁੜਨ ਵਾਲੀਆਂ ਜੂਹਾ ਰਹੀਆਂ ਹਨ ਅਤੇ ਨਾ ਹੀ ਕਿਸੇ ਕੋਲ ਖੇਡਣ ਲਈ ਵਿਹਲ ਹੈ। ਹੁਣ ਤਾਂ ਬੱਸ ਖੇਡਾਂ ਦੇ ਨਾਂ ਹੀ ਯਾਦ ਰਹਿ ਗਏ ਹਨ। ਪੰਜਾਬੀ ਦਾ ਅਖਾਣ ਹੈ- “ਖੇਡਾਂ ਅਤੇ ਮਾਂਵਾਂ ਮੁੱਕਣ ‘ਤੇ ਹੀ ਚੇਤੇ ਆਉਂਦੀਆਂ ਹਨ।” ਇਹ ਲੋਕ-ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ। ਇਹ ਸਾਨੂੰ ਆਪਣੀ ਬਲਵਾਨ ਵਿਰਾਸਤ ਨਾਲ ਜੋੜਦੀਆਂ ਹਨ।
ਪ੍ਰਸ਼ਨ 19. ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ। ਕਿਉਂ?
ਉੱਤਰ : ਪੰਜਾਬ ਦੀਆਂ ਲੋਕ-ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਾਡੇ ਜੀਵਨ ਦਾ ਅਨਿਖੜ ਅੰਗ ਰਹੀਆਂ ਹਨ। ਇਹਨਾਂ ਖੇਡਾਂ ਤੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਇਹਨਾਂ ਖੇਡਾਂ ਤੋਂ ਪੰਜਾਬੀਆਂ ਦਾ ਸੁਭਾਅ, ਉਹਨਾਂ ਦਾ ਰਹਿਣ-ਸਹਿਣ ਤੇ ਖਾਣ-ਪੀਣ ਅਤੇ ਉਹਨਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਉਜਾਗਰ ਹੁੰਦੀਆਂ ਹਨ। ਇਹ ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪੈਦਾ ਕਰਦੀਆਂ ਹਨ। ਪਰ ਪੰਜਾਬ ਦੀਆਂ ਅਨੇਕਾਂ ਲੋਕ-ਖੇਡਾਂ ਸਾਡੇ ਲੋਕ-ਜੀਵਨ ਵਿੱਚੋਂ ਅਲੋਪ ਹੋ ਰਹੀਆਂ ਹਨ। ਹੁਣ ਪਿੰਡਾਂ ਵਿੱਚ ਉਹ ਜੂਹਾਂ ਨਹੀਂ ਰਹੀਆਂ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ। ਹੁਣ ਕਿਸੇ ਕੋਲ ਇਹਨਾਂ ਲੋਕ-ਖੇਡਾਂ ਨੂੰ ਖੇਡਣ ਦੀ ਵਿਹਲ ਵੀ ਨਹੀਂ ਰਹੀ। ਸਾਨੂੰ ਇਹਨਾਂ ਲੋਕ-ਖੇਡਾਂ ਦੇ ਕੇਵਲ ਨਾਂ ਹੀ ਯਾਦ ਰਹਿ ਗਏ ਹਨ। ਪਰ ਇਹ ਲੋਕ-ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਸ ਲਈ ਇਹਨਾਂ ਖੇਡਾਂ ਦੀ ਸੰਭਾਲ ਅਤੇ ਇਹਨਾਂ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ।
ਪ੍ਰਸ਼ਨ 20. ਜੀਵਨ ਦੇ ਵਿਕਾਸ ਵਿੱਚ ਲੋਕ ਖੇਡਾਂ ਦੀ ਕੀ ਭੂਮਿਕਾ ਹੈ?
ਜਾਂ
ਪ੍ਰਸ਼ਨ. ਲੋਕ-ਖੇਡਾਂ/ਖੇਡਾਂ ਦੇ ਗੁਣ-ਲੱਛਣ ਬਿਆਨ ਕਰੋ।
ਉੱਤਰ : ਲੋਕ-ਖੇਡਾਂ/ਖੇਡਾਂ ਸਰੀਰਿਕ ਕਸਰਤ ਤੋਂ ਬਿਨਾਂ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹੁੰਦੀਆਂ ਹਨ। ਇਹ ਜਿੱਥੇ ਮਨੁੱਖ ਦੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਉੱਥੇ ਰੂਹ ਨੂੰ ਵੀ ਅਕਹਿ ਖ਼ੁਸ਼ੀ ਅਥਵਾ ਖੇੜਾ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਸਾਡਾ ਮਨੋਬਲ ਵਧਦਾ ਹੈ ਅਤੇ ਜੀਵਨ ਪ੍ਰਤੀ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਤੋਂ ਬਿਨਾਂ ਜੀਵਨ ਦੀ ਦੌੜ ਵਿੱਚ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਵੀ ਪੈਦਾ ਹੁੰਦੀ ਹੈ। ਖੇਡਾਂ ਮਨੁੱਖ ਨੂੰ ਹਰ ਤਰ੍ਹਾਂ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਕਰਨ ਤੋਂ ਬਿਨਾਂ ਹਾਰ ਦੀ ਸਥਿਤੀ ਵਿੱਚ ਇਸ ਨੂੰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਦਿੰਦੀਆਂ ਹਨ। ਇਸ ਤਰ੍ਹਾਂ ਖੇਡਾਂ ਸਾਡੇ ਸਰੀਰ ਨੂੰ ਰਿਸ਼ਟ-ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ। ਖੇਡਾਂ ਕੇਵਲ ਵਾਧੂ ਸਰੀਰਿਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ ਸਗੋਂ ਕਮਜ਼ੋਰ ਸਰੀਰ ਵਾਲਿਆਂ ਦੀ ਦੀ ਤਾਕਤ ਨੂੰ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ। ਇਸ ਤਰ੍ਹਾਂ ਖੇਡਾਂ ਸਾਡੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੀ ਲੋੜ ਅਤੇ ਜੀਵਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕਾਰਜ ਹਨ। ਜੀਵਨ ਦੇ ਵਿਕਾਸ ਵਿੱਚ ਖੇਡਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਨਿਰਸੰਦੇਹ ਲੋਕ-ਖੇਡਾਂ/ਖੇਡਾਂ ਦੇ ਬਹੁਤ ਸਾਰੇ ਲਾਭ ਹਨ।