ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਬਾਰੇ ਚਰਚਾ ਕਰੋ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਅਕਾਲੀ ਪੱਤ੍ਰਿਕਾ’,
ਜਲੰਧਰ।
ਵਿਸ਼ਾ : ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਪਿੰਡਾਂ ਅਤੇ ਕਸਬਿਆਂ ਵਿੱਚ ਲਾਇਬ੍ਰੇਰੀਆਂ ਦੀ ਘਾਟ ਬਾਰੇ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰ ਕੇ ਇਸ ਸੰਬੰਧ ਵਿੱਚ ਕੁਝ ਸੁਝਾਅ ਦੇਣੇ ਚਾਹੁੰਦਾ ਹਾਂ।
ਲਾਇਬ੍ਰੇਰੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਪਾਠਕਾਂ ਨੂੰ ਗਿਆਨ ਦੇਣ ਵਿੱਚ ਇਹਨਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਨਾ ਕੇਵਲ ਪਿੰਡਾਂ ਵਿੱਚ ਸਗੋਂ ਕਸਬਿਆਂ ਵਿੱਚ ਵੀ ਇਹਨਾਂ ਲਾਇਬ੍ਰੇਰੀਆਂ ਦੀ ਘਾਟ ਹੈ। ਅਸੀਂ ਦੇਖਦੇ ਹਾਂ ਕਿ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਤੋਂ ਬਿਨਾਂ ਪਬਲਿਕ ਲਾਇਬ੍ਰੇਰੀਆਂ ਵੀ ਹੁੰਦੀਆਂ ਹਨ। ਆਮ ਪਾਠਕਾਂ ਦਾ ਸੰਬੰਧ ਇਹਨਾਂ ਪਬਲਿਕ ਲਾਇਬ੍ਰੇਰੀਆਂ ਨਾਲ ਹੀ ਹੁੰਦਾ ਹੈ। ਅਜਿਹੀਆਂ ਕੁਝ ਲਾਇਬ੍ਰੇਰੀਆਂ ਵਿੱਚ ਤਾਂ ਕੇਵਲ ਅਖ਼ਬਾਰ ਅਤੇ ਰਸਾਲੇ ਆਦਿ ਹੀ ਉਪਲਬਧ ਹੁੰਦੇ ਹਨ ਪਰ ਕੁਝ ਵੱਡੀਆਂ ਪਬਲਿਕ ਲਾਇਬ੍ਰੇਰੀਆਂ ਵੀ ਹੁੰਦੀਆਂ ਹਨ ਜਿੱਥੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਵੀ ਪ੍ਰਾਪਤ ਹੋ ਸਕਦੀਆਂ ਹਨ। ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ‘ਤੇ ਅਜਿਹੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਹੋਈ ਹੈ। ਇਸ ਤੋਂ ਬਿਨਾਂ ਕਸਬਿਆਂ ਵਿੱਚ ਨਗਰ-ਪਾਲਕਾਵਾਂ ਵੱਲੋਂ ਵੀ ਲੋਕਾਂ ਦੀ ਸਹੂਲਤ ਲਈ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ ਹਨ। ਕੁਝ ਪਿੰਡਾਂ ਵਿੱਚ ਵੀ ਨੌਜਵਾਨ ਸਭਾਵਾਂ ਜਾਂ ਸਮਾਜ ਭਲਾਈ ਦੀਆਂ ਕੁਝ ਹੋਰ ਸੰਸਥਾਵਾਂ ਵੱਲੋਂ ਪਬਲਿਕ ਲਾਇਬ੍ਰੇਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਪਰ ਅਜਿਹੀਆਂ ਸਹੂਲਤਾਂ ਹਰ ਪਿੰਡ ਵਿੱਚ ਉਪਲਬਧ ਨਹੀਂ ਹਨ। ਅਬਾਦੀ ਅਤੇ ਖੇਤਰ ਦੇ ਹਿਸਾਬ ਨਾਲ ਤਾਂ ਕਸਬਿਆਂ ਵਿੱਚ ਵੀ ਇਹਨਾਂ ਦੀ ਬੜੀ ਘਾਟ ਹੈ। ਪਿੰਡਾਂ ਵਿੱਚ ਤਾਂ ਇਹ ਘਾਟ ਹੋਰ ਵੀ ਜ਼ਿਆਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰੀ ਅਤੇ ਗ਼ੈਰਸਰਕਾਰੀ ਦੋਹਾਂ ਹੀ ਪੱਧਰਾਂ ‘ਤੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿੱਚ ਇੱਕ ਛੋਟੀ ਲਾਇਬ੍ਰੇਰੀ ਦੀ ਸਥਾਪਨਾ ਕਰੇ ਜਿੱਥੇ ਰੋਜ਼ਾਨਾ ਅਖ਼ਬਾਰਾਂ ਤੋਂ ਬਿਨਾਂ ਮਨੋਰੰਜਕ ਅਤੇ ਗਿਆਨ ਵਧਾਉਣ ਵਾਲੀਆਂ ਕੁਝ ਸਿਹਤਮੰਦ ਪੁਸਤਕਾਂ ਵੀ ਉਪਲਬਧ ਹੋਣ। ਅਜਿਹੀਆਂ ਲਾਇਬ੍ਰੇਰੀਆਂ ਨੂੰ ਚਲਾਉਣ ਲਈ ਸਰਕਾਰ ਨੂੰ ਵਿਸ਼ੇਸ਼ ਗ੍ਰਾਂਟਾਂ ਦੇਣੀਆਂ ਚਾਹੀਦੀਆਂ ਹਨ। ਇਹਨਾਂ ਲਾਇਬ੍ਰੇਰੀਆਂ ਦਾ ਪ੍ਰਬੰਧ ਪੰਚਾਇਤਾਂ ਨੂੰ ਸੌਂਪਿਆ ਜਾ ਸਕਦਾ ਹੈ। ਸਮਾਜ-ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਇਸ ਸੰਬੰਧ ਵਿੱਚ ਅੱਗੇ ਆਉਣਾ ਚਾਹੀਦਾ ਹੈ। ਕਸਬਿਆਂ ਵਿੱਚ ਇਹ ਕੰਮ ਨਗਰ-ਪਾਲਕਾਵਾਂ ਨੂੰ ਕਰਨਾ ਚਾਹੀਦਾ ਹੈ।
ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਛਾਪ ਕੇ ਆਮ ਲੋਕਾਂ ਦੀ ਗਿਆਨ-ਪ੍ਰਾਪਤੀ ਦੀ ਸਮੱਸਿਆ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਮਦਦ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਪ੍ਰੀਤਮ ਸਿੰਘ
ਪਿੰਡ ਤੇ ਡਾਕਘਰ ……………..,
ਤਹਿਸੀਲ ……………..,
ਜ਼ਿਲ੍ਹਾ ……………..।
ਮਿਤੀ : …………….. .