ੳ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ
ਉਸਤਾਦੀ ਕਰਨੀ (ਚਲਾਕੀ ਕਰਨੀ)— ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
ਉਂਗਲ ਕਰਨਾ (ਦੋਸ਼ ਲਾਉਣਾ) – ਜਦੋਂ ਥਾਣੇਦਾਰ ਨੇ ਬੰਤਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਆਪਣੇ ਘਰ ਹੋਈ ਚੋਰੀ ਦਾ ਸ਼ੱਕ ਕਿਸ ਉੱਤੇ ਹੈ, ਤਾਂ ਉਸ ਨੇ ਸੰਤਾ ਸਿੰਘ ਵਲ ਉਂਗਲ ਕਰ ਦਿੱਤੀ।
ਉਫ਼ ਨਾ ਕਰਨੀ (ਸੀ ਨਾ ਕਰਨੀ) — ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਉਫ਼ ਨਾ ਕੀਤੀ।
ਉੱਸਰ-ਉੱਸਰ ਕੇ ਬਹਿਣਾ (ਬਹੁਤ ਵੱਡਾ ਬਣਨਾ, ਦਿਖਾਵਾ ਕਰਨਾ) – ਅਨਿਲ ਦੇ ਵਿਆਹ ਵਿੱਚ ਭਾਗੋ ਨੂੰ ਕੋਈ ਵੀ ਨਹੀਂ ਸੀ ਜਾਣਦਾ, ਪਰ ਉਹ ਐਵੇਂ ਉੱਸਰ-ਉੱਸਰ ਕੇ ਬੈਠਦੀ ਸੀ।
ਉਜਾੜ ਮੱਲਣੀ (ਫ਼ਕੀਰ ਹੋ ਜਾਣਾ) – ਮਹਾਤਮਾ ਬੁੱਧ ਨੇ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਉਜਾੜ ਮੱਲ ਲਈ।
ਉੱਨ ਲਾਹੁਣੀ (ਖੂਬ ਲੁੱਟਣਾ) – ਅੱਜ-ਕਲ੍ਹ ਦੁਕਾਨਦਾਰ ਚੀਜ਼ਾਂ ਮਹਿੰਗੇ ਭਾ ਵੇਚ ਕੇ ਲੋਕਾਂ ਦੀ ਖੂਬ ਉੱਨ ਲਾਹੁੰਦੇ ਹਨ।
ਉੱਲੂ ਬੋਲਣਾ (ਸੁੰਨ-ਮਸਾਣ ਛਾ ਜਾਣੀ) – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜਾ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
ਉੱਖਲੀ ਵਿਚ ਸਿਰ ਦੇਣਾ (ਔਕੜ ਵਿਚ ਫਸਣਾ) – ਅਸੀਂ ਤਾਂ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ, ਜੋ ਹੋਵੇਗਾ ਦੇਖਿਆ ਜਾਵੇਗਾ।
ਓਪਰੀ ਪੈਰੀਂ ਖੜੋਣਾ (ਪਰਾਏ ਆਸਰੇ ਹੋਣਾ) — ਓਪਰੀ ਪੈਰੀਂ ਖੜੇ ਹੋਣ ਵਾਲੇ ਜ਼ਿੰਦਗੀ ਵਿੱਚ ਕਦੇ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ।
ਉੱਲੂ ਬਣਾਉਣਾ (ਮੂਰਖ ਬਣਾਉਣਾ) – ਸ਼ਾਮ ਬੜਾ ਚਲਾਕ ਹੈ । ਉਹ ਹਰ ਇਕ ਨੂੰ ਉੱਲੂ ਬਣਾ ਕੇ ਆਪਣਾ ਮਤਲਬ ਕੱਢ ਲੈਂਦਾ ਹੈ ।
ਉੱਚਾ ਸਾਹ ਨਾ ਕੱਢਣਾ (ਸਹਿਮ ਜਾਣਾ) – ਬੱਚੇ ਮਾਪਿਆਂ ਸਾਹਮਣੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।
ਉੱਚਾ ਨੀਵਾਂ ਬੋਲਣਾ (ਬੋਲ-ਕਬੋਲ ਬੋਲਣਾ) – ਸਿਆਣੇ ਬੱਚੇ ਮਾਪਿਆਂ ਸਾਹਮਣੇ ਉੱਚਾ ਨੀਵਾਂ ਨਹੀਂ ਬੋਲਦੇ।
ਉੱਨੀ ਇੱਕੀ ਦਾ ਫ਼ਰਕ ਹੋਣਾ (ਬਹੁਤ ਥੋੜ੍ਹਾ ਜਿਹਾ ਫ਼ਰਕ ਹੋਣਾ) – ਸੰਦੀਪ ਤੇ ਨਵਨੀਤ ਦੇ ਕੱਦ ਦਾ ਉੱਨੀ ਇੱਕੀ ਦਾ ਫ਼ਰਕ ਹੈ । ਉਂਞ ਦੋਵੇਂ ਇੱਕੋ ਜਿਹੀਆਂ ਹੀ ਲਗਦੀਆਂ ਹਨ।
ਉਡੀਕ-ਉਡੀਕ ਕੇ ਬੁੱਢਾ ਹੋ ਜਾਣਾ (ਬਹੁਤ ਉਡੀਕ ਕਰਨੀ) – ਮੈਂ ਤਾਂ ਤੈਨੂੰ ਉਡੀਕ-ਉਡੀਕ ਕੇ ਬੁੱਢੀ ਹੋ ਗਈ ਹਾਂ। ਤੂੰ ਇਕਰਾਰ ਕਰ ਕੇ ਵੀ ਵੇਲੇ ਸਿਰ ਨਹੀਂ ਬਹੁੜੀ।