ਅਖਾਣ ਅਤੇ ਮੁਹਾਵਰੇ



1. ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ – ਜਦ ਕੋਈ ਦੇਸੀ ਬੰਦਾ ਆਪਣੇ ਆਪ ਨੂੰ ਸ਼੍ਰੇਸ਼ਟ ਦੱਸਣ ਲਈ ਬਦੇਸ਼ੀਆਂ ਦੀ ਨਕਲ ਕਰਕੇ ਸੁੱਕੀ ਆਕੜ ਵਿਖਾਏ, ਤਾਂ ਉਹਦੇ ਉੱਤੇ ਇਹ ਅਖਾਣ ਘਟਾਉਂਦੇ ਹਨ।

2. ਦਾਖੈ ਹੱਥ ਨਾ ਅਪੜੇ, ਆਖੇ ਥੂਹ ਕੌੜੀ (ਭਾਈ ਗੁਰਦਾਸ) – ਜਦ ਜਤਨ ਕਰਨ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਚੀਜ਼ ਨਾ ਮਿਲੇ ਤੇ ਉਹ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਆਖੇ ਕਿ ਉਹ ਚੀਜ਼ ਚੰਗੀ ਨਹੀਂ ਸੀ ਜਾਂ ਮੈਨੂੰ ਉਹਦੀ ਲੋੜ ਹੀ ਨਹੀਂ ਸੀ, ਤਾਂ ਉਹਦੇ ਉੱਤੇ ਇਹ ਅਖਾਣ ਘਟਾਉਂਦੇ ਹਨ।

3. ਦਾਣੇ ਦਾਣੇ ਸਿਰ ਮੁਹਰ – ਜਦ ਇਹ ਦੱਸਣਾ ਹੋਵੇ ਕਿ ਭਾਵੇਂ ਕਿਤੇ ਵੀ ਹੋਈਏ, ਜੋ ਨਸੀਬਾਂ ਵਿਚ ਅੰਨ ਪਾਣੀ ਲਿਖਿਆ ਹੈ, ਮਿਲ ਜਾਂਦਾ ਹੈ, ਤਾਂ ਇਹ ਅਖਾਣ ਬੋਲਦੇ ਹਨ।

4. ਦਾਤ ਪਿਆਰੀ, ਵਿਸਰਿਆ ਦਾਤਾਰ – ਜਦ ਬੰਦਾ ਬਖਸ਼ਿਸ਼ ਕਰਨ ਵਾਲੇ ਪ੍ਰਭੂ ਜਾਂ ਦਾਤੇ ਵਿਅਕਤੀ ਨੂੰ ਤਾਂ ਭੁਲ ਜਾਏ, ਪਰ ਉਸ ਵੱਲੋਂ ਮਿਲੀ ਚੀਜ਼ ਨਾਲ ਮੋਹ ਕਰੇ, ਤਾਂ ਇਹ ਅਖਾਣ ਬੋਲਦੇ ਹਨ।

5. ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਫਟੇ – ਜਦ ਕੋਈ ਪਰਉਪਕਾਰੀ ਬੰਦਾ ਲੋੜਵੰਦਾਂ ਵਿਚ ਕੋਈ ਚੀਜ਼ ਮੁਫਤ ਵੰਡਦਾ ਹੋਵੇ, ਪਰ ਜਿਸਨੂੰ ਵੰਡਣ ਉੱਤੇ ਲਾਇਆ ਹੈ, ਉਹ ਸੜੇ, ਤਾਂ ਇਹ ਅਖਾਣ ਬੋਲਦੇ ਹਨ।

6. ਦੂਰ ਦੇ ਢੋਲ ਸੁਹਾਉਣੇ – ਇਹ ਅਖਾਣ ਉਸ ਚੀਜ਼ (ਜਾਂ ਆਦਮੀ) ਲਈ ਵਰਤਦੇ ਹਨ, ਜੋ ਦੂਰੋਂ ਚੰਗੀ ਜਾਪੇ ਜਾਂ ਜਦ ਤਕ ਉਸ ਨਾਲ ਵਾਹ ਨਾ ਪਿਆ ਹੋਵੇ, ਚੰਗਾ ਜਾਪੇ, ਪਰ ਨੇੜੇ ਆਉਂਣ ਜਾਂ ਵਾਹ ਪੈਣ ਤੇ ਬੁਰਾ ਲੱਗੇ।

7. ਦਾਲ ਵਿਚ ਕੁਝ ਕਾਲਾ ਹੈ – ਇਸ ਮਾਮਲੇ ਵਿਚ ਕੁਝ ਧੋਖਾ ਜਾਂ ਲੁਕਾਅ ਜਾਪਦਾ ਹੈ।