ਜ਼ਫ਼ਰਨਾਮਾ – ਇਕਾਂਗੀ ਦਾ ਸਾਰ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ


ਪ੍ਰਸ਼ਨ – ‘ਜ਼ਫ਼ਰਨਾਮਾ’ ਇਕਾਂਗੀ ਨਾਟਕ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਡਾ. ਹਰਚਰਨ ਸਿੰਘ ਦੇ ਲਿਖੇ ਇਕਾਂਗੀ ਨਾਟਕ ਜ਼ਫ਼ਰਨਾਮਾ ਦਾ ਆਰੰਭ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦੇ ਆਤਮ – ਸੰਵਾਦ ਨਾਲ ਹੁੰਦਾ ਹੈ।

ਉਸਨੂੰ ਜਾਪਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹੋ ਰਹੀ ਹੈ। ਖ਼ੁਦਾ ਉਸਨੂੰ ਭੁੱਲ ਗਿਆ ਹੈ। ਸ਼ਾਹੀ ਮਹਿਲ ਵਿੱਚ ਰਾਗ ਰੰਗ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ।

ਉਹ ਗੁੱਸੇ ਵਿੱਚ ਹੈ।

ਆਵਾਜ਼ ਆਉਂਦੀ ਹੈ ਕਿ ਜ਼ਿੰਦਗੀ ਇੱਕ ਰੰਗ ਤਮਾਸ਼ਾ ਹੀ ਹੈ ਤੇ ਔਰੰਗਜ਼ੇਬ ਨੇ ਇਸ ਨੂੰ ਕਦੇ ਮਾਣਿਆ ਹੀ ਨਹੀਂ। ਇਸੇ ਕਾਰਨ ਉਸ ਦਾ ਸੁਭਾਅ ਇੰਨਾ ਸਖ਼ਤ ਹੈ।

ਉੱਚੀ – ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਫਿਰ ਆਵਾਜ਼ ਆਉਂਦੀ ਹੈ ਕਿ ਇਹ ਉਸਦੇ ਅਹਿਲਕਾਰਾਂ, ਫ਼ੌਜਦਾਰਾਂ, ਸੂਬੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਦਾ ਹਾਸਾ ਹੈ ਜਿਹੜੇ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸ਼ਰਾਬ ਦੇ ਨਸ਼ੇ ਵਿੱਚ ਉਸਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ।

ਔਰੰਗਜ਼ੇਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੰਦਾ ਹੈ। ਉਸਨੂੰ ਜਾਪਦਾ ਹੈ ਕਿ ਬਾਹਰ ਬਹੁਤ ਖ਼ਤਰਨਾਕ ਸ਼ੋਰ ਹੋ ਰਿਹਾ ਹੈ।

ਆਵਾਜ਼ ਆਉਂਦੀ ਹੈ ਕਿ ਮੁਗ਼ਲ ਤਖ਼ਤ ਨੂੰ ਹਾਸਿਲ ਕਰਨ ਲਈ ਉਸਦੇ ਬੇਟੇ ਆਪਸ ਵਿੱਚ ਲੜ ਰਹੇ ਹਨ। ਉਸਨੇ ਆਪ ਵੀ ਤਾਂ ਆਪਣੇ ਪਿਤਾ ਸ਼ਾਹਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਕੀਤਾ ਸੀ। ਉਸਨੂੰ ਲਗਦਾ ਹੈ ਕਿ ਅਜਿਹਾ ਕਰਕੇ ਉਸਨੇ ਗ਼ਲਤੀ ਕੀਤੀ ਸੀ।

ਆਵਾਜ਼ ਆਉਂਦੀ ਹੈ ਕਿ ਹੁਣ ਉਹੀ ਗ਼ਲਤੀ ਦੁਹਰਾਈ ਜਾਵੇਗੀ। ਉਹ ਉੱਚੀ ਆਵਾਜ਼ ਵਿੱਚ ਸ਼ਹਿਜ਼ਾਦਿਆਂ ਨੂੰ ਗ਼ਲਤੀ ਨਾ ਦੁਹਰਾਉਣ ਲਈ ਕਹਿੰਦਾ ਹੈ।

ਆਵਾਜ਼ ਆਉਂਦੀ ਹੈ ਕਿ ਉਸਨੇ ਪੰਜਾਹ ਸਾਲ ਲੋਕਾਂ ਦਾ ਅਮਨ ਚੈਨ ਖੋਹਿਆ ਹੈ। ਹੁਣ ਉਸਦੇ ਅਮਨ ਦੀ ਕੌਣ ਪਰਵਾਹ ਕਰਦਾ ਹੈ। ਦੂਰ ਕਿਧਰੇ ਸਤਿ ਸ੍ਰੀ ਅਕਾਲ ਦੇ ਨਾਹਰੇ ਸੁਣਾਈ ਦਿੰਦੇ ਹਨ।

ਆਵਾਜ਼ ਆਉਂਦੀ ਹੈ ਕਿ ਪੰਜਾਬ ਵਿੱਚ ਸਿੰਘ ਸੂਰਮੇ ਫਿਰ ਇਕੱਠੇ ਹੋ ਗਏ ਹਨ ਤੇ ਉਨ੍ਹਾਂ ਨੇ ਖਿਦਰਾਣੇ ਦੀ ਢਾਬ ਲਾਗੇ ਮੁਗ਼ਲ ਫੌਜਾਂ ਨੂੰ ਹਰਾ ਦਿੱਤਾ ਹੈ। ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ।

ਮਹਾਰਾਸ਼ਟਰ ਵਿੱਚ ਵੀ ਬਗ਼ਾਵਤ ਸ਼ੁਰੂ ਹੋ ਚੁੱਕੀ ਹੈ। ਉਸਦੇ ਆਪਣੇ ਸੂਬੇਦਾਰ ਹੀ ਉਸਦੇ ਖ਼ਿਲਾਫ਼ ਵਿਉਂਤਬੰਦੀ ਕਰ ਰਹੇ ਹਨ। ਉਹ ਖੁਦ ਮੁਗ਼ਲ ਸਲਤਨਤ ਦੀ ਇਸ ਹਾਲਤ ਲਈ ਜਿੰਮੇਵਾਰ ਹੈ।

ਔਰੰਗਜ਼ੇਬ ਕਹਿੰਦਾ ਹੈ ਕਿ ਉਸਨੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ।

ਆਵਾਜ਼ ਆਉਂਦੀ ਹੈ ਕਿ ਉਹ ਆਪਣੀ ਝੂਠੀ ਖੁਸ਼ਾਮਦੀ ਸੁਣ ਕੇ ਖੁਸ਼ ਫਹਿਮੀ ਵਿੱਚ ਰਿਹਾ ਹੈ।

ਅਸਲ ਵਿੱਚ ਹਕੂਮਤ ਦੀਆਂ ਨੀਹਾਂ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸਦੇ ਰਾਜ ਵਿੱਚ ਸਾਰੇ ਦੁਖੀ ਹਨ। ਉਸਨੇ ਸਿਰਫ਼ ਕੁੱਝ ਲੋਕਾਂ ਦੀ ਬੇਹਤਰੀ ਨੂੰ ਧਿਆਨ ਵਿੱਚ ਰੱਖਿਆ।

ਇਸ ਦੌਰਾਨ ਜ਼ੀਨਤ ‘ਅੱਬਾਜਨ’ ਆਖਦੀ ਹੋਈ ਉਸਨੂੰ ਸੰਭਾਲਦੀ ਹੈ ਅਤੇ ਦੱਸਦੀ ਹੈ ਕਿ ਉਹ ਉਸ ਦੀ ਬੇਟੀ ਹੈ।

ਔਰੰਗਜ਼ੇਬ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਹਿ ਰਿਹਾ ਹੈ ਕਿ ਉਸ ਨੂੰ ਨਾ ਮਾਰੋ, ਨਾ ਮਾਰੋ। ਔਰੰਗਜ਼ੇਬ ਥੋੜ੍ਹਾ ਹੋਸ਼ ਵਿੱਚ ਆਉਂਦਾ ਹੈ ਤੇ ਉਸਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ।

ਜ਼ੀਨਤ ਦਸਦੀ ਹੈ ਕਿ ਉਸਨੇ ਉਸ ਦੀਆਂ ਚੀਖਾਂ ਸੁਣੀਆਂ ਤੇ ਉਹ ਰਹਿ ਨਾ ਸਕੀ। ਵੈਸੇ ਵੀ ਉਹ ਹੈਰਾਨ ਸੀ ਕਿ ਉਸ ਨੇ ਕਦੀ ਵੀ ਆਪਣੀ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ।

ਔਰੰਗਜ਼ੇਬ ਬੇਟੀ ਨੂੰ ਦੱਸਦਾ ਹੈ ਕਿ ਉਸ ਨੂੰ ਬੜਾ ਹੀ ਡਰਾਉਣਾ ਸੁਪਨਾ ਆਇਆ ਸੀ। ਉਹ ਉਸਨੂੰ ਦੱਸ ਨਹੀਂ ਸਕਦਾ। ਉਹ ਉਸਨੂੰ ਮਸਜਿਦ ਤੱਕ ਲੈ ਜਾਵੇ ਤਾਂ ਜੋ ਉਹ ਇਬਾਦਤ ਕਰਕੇ ਆਪਣੇ ਮਨ ਦਾ ਚੈਨ ਹਾਸਿਲ ਕਰ ਸਕੇ

ਜ਼ੀਨਤ ਦੱਸਦੀ ਹੈ ਕਿ ਉਨ੍ਹਾਂ ਦੀ ਇਸ ਹਾਲਤ ਬਾਰੇ ਉਨ੍ਹਾਂ ਦੀ ਪਤਨੀ, ਉਸਦੀ ਮਾਂ ਨੇ ਉਸਨੂੰ ਜਗਾ ਕੇ ਦੱਸਿਆ ਸੀ ਕਿ ਉਸ ਨੇ ਸ਼ਾਹੀ ਹਕੀਮ ਨੂੰ ਵੀ ਸੱਦਾ ਭੇਜਿਆ ਹੈ। ਔਰੰਗਜ਼ੇਬ ਤੇ ਜ਼ੀਨਤ ਚਲੇ ਜਾਂਦੇ ਹਨ।

ਬੇਗਮ ਉਦੈਪੁਰੀ ਅਤੇ ਸ਼ਾਹੀ ਹਕੀਮ ਆਉਂਦੇ ਹਨ। ਸੂਬੇਦਾਰ ਅਸਦ ਖ਼ਾਨ ਵੀ ਆਉਂਦਾ ਹੈ। ਬੇਗ਼ਮ ਉਦੈਪੁਰੀ ਦੱਸਦੀ ਹੈ ਕਿ ਜਹਾਨ ਪਨਾਹ ਅੱਜ ਬਹੁਤ ਪਰੇਸ਼ਾਨ ਹਨ।

ਅਸਦ ਖ਼ਾਨ ਕਹਿੰਦਾ ਹੈ ਕਿ ਉਹ ਤਾਂ ਬੜੇ ਪੱਕੇ ਇਰਾਦੇ ਦੇ ਮਲਿਕ ਹਨ ਤੇ ਔਖੇ ਤੋਂ ਔਖੇ ਵੇਲੇ ਵੀ ਘਬਰਾਉਂਦੇ ਨਹੀਂ। ਇੰਨੇ ਨੂੰ ਔਰੰਗਜ਼ੇਬ ਵੀ ਆ ਜਾਂਦਾ ਹੈ।

ਬੇਗਮ ਉਦੈਪੁਰੀ ਦੱਸਦੀ ਹੈ ਕਿ ਉਹ ਸਾਰੇ ਉਸਦੀ ਸਿਹਤ ਲਈ ਫ਼ਿਕਰਮੰਦ ਸਨ। ਔਰੰਗਜ਼ੇਬ ਆਪਣੀ ਬੇਟੀ ਜ਼ੀਨਤ ਬਾਰੇ ਕਹਿੰਦਾ ਹੈ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਉਸਦੀ ਖ਼ਿਦਮਤ ਕਰ ਰਹੀ ਹੈ। ਖ਼ੁਦਾ ਹਰ ਇੱਕ ਆਦਮੀ ਨੂੰ ਅਜਿਹੀ ਬੇਟੀ ਦੇਵੇ।

ਉਹ ਅਸਦ ਖ਼ਾਨ ਨੂੰ ਜ਼ਰੂਰੀ ਗੱਲਬਾਤ ਲਈ ਰੋਕਦਾ ਹੈ। ਸ਼ਾਹੀ ਹਕੀਮ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਅਰਾਮ ਦੀ ਸਖ਼ਤ ਜ਼ਰੂਰਤ ਹੈ।

ਉਸ ਕੋਲ ਇਸ ਤਨਾਵ ਦੀ ਦਵਾਈ ਵੀ ਹੈ। ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜ਼ੀਨਤ ਨੂੰ ਰੱਖਣ ਲਈ ਕਹਿੰਦਾ ਹੈ ਤੇ ਸ਼ਾਹੀ ਹਕੀਮ ਤੇ ਬੇਗਮ ਉਦੈਪੁਰੀ ਨੂੰ ਜਾਣ ਲਈ ਕਹਿੰਦਾ ਹੈ।

ਜ਼ੀਨਤ ਵੀ ਚਲੀ ਜਾਂਦੀ ਹੈ।

ਔਰੰਗਜ਼ੇਬ ਅਸਦ ਖ਼ਾਨ ਨੂੰ ਦੱਸਦਾ ਹੈ ਕਿ ਕੱਲ੍ਹ ਪੰਜਾਬ ਤੋਂ ਦਯਾ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖ਼ਤ ਲੈ ਕੇ ਉਸ ਨੂੰ ਮਿਲਿਆ ਹੈ। ਇਹ ਖ਼ਤ ਇੱਕ ਜ਼ਫਰਨਾਮਾ ਹੈ। ਉਸ ਪੀਰ ਨੇ ਐਸੀ ਬੇਬਾਕੀ ਨਾਲ ਉਸਨੂੰ ਬੁਰਾ ਦੱਸਿਆ ਹੈ ਕਿ ਉਸਦੀ ਰੂਹ ਕੰਬ ਗਈ ਹੈ।

ਉਸ ਜ਼ਫ਼ਰਨਾਮੇ ਨੇ ਉਸਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ। ਵਜ਼ੀਰ ਖਾਂ ਨੇ ਉਸਦੇ ਨਾਂ ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ ਤੇ ਬਾਅਦ ਵਿੱਚ ਅਨੰਦਪੁਰ ਛੱਡ ਰਹੇ ਪੀਰ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੇ ਦੋ ਬੇਟੇ ਮਾਰੇ ਗਏ।

ਉਸਨੇ ਖੁਦ ਪੀਰ ਦੇ ਪਿਤਾ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਉਹ ਮੁਲਕੀ ਮਸਲਾ ਸੀ। ਵਜ਼ੀਰ ਖਾਂ ਨੇ ਉਸਦਾ ਨਾਂ ਬਦਨਾਮ ਕੀਤਾ ਹੈ ਤੇ ਇਸਲਾਮ ਦਾ ਵੀ ਅਪਮਾਨ ਕੀਤਾ ਹੈ।

ਅਸਦ ਖ਼ਾਨ ਗੁਰੂ ਗੋਬਿੰਦ ਸਿੰਘ ਨੂੰ ਬੁਲਾ ਕੇ ਸੁਲਾਹ ਕਰਨ ਦੀ ਸਲਾਹ ਦਿੰਦਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ  ਉਸ ਪੀਰ ਨੇ ਉਡ ਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗ਼ਾਮ ਦਿੱਤਾ ਹੈ।

ਅਸਦ ਖ਼ਾਨ ਕਹਿੰਦਾ ਹੈ ਕਿ ਉਹ ਆਪ ਆਪਣੇ ਹੱਥੀਂ ਖ਼ਤ ਲਿਖ ਕੇ ਭੇਜਣ। ਔਰੰਗਜ਼ੇਬ ਉਸ ਨੂੰ ਕਹਿੰਦਾ ਹੈ ਕਿ ਉਹ ਹੁਣੇ ਮੀਰ ਮੁਨਸ਼ੀ ਅਤੇ ਦਯਾ ਸਿੰਘ ਨੂੰ ਦਰਬਾਰੇਖ਼ਾਸ ਵਿੱਚ ਹਾਜ਼ਿਰ ਕਰਨ ਲਈ ਕਹਿੰਦਾ ਹੈ। ਅਸਦ ਖ਼ਾਨ ਚਲਾ ਜਾਂਦਾ ਹੈ।

ਇਸ ਦੌਰਾਨ ਜ਼ੀਨਤ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਇੰਨੇ ਸਾਲਾਂ ਵਿੱਚ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਿਲ ਨਹੀਂ ਕਰ  ਸਕੀ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਉਸਦਾ ਪਿਤਾ ਉਸ ਕੋਲੋਂ ਕੁੱਝ ਲੁਕੋ ਰਿਹਾ ਹੈ।

ਉਹ ਜ਼ੀਨਤ ਨੂੰ ਕਹਿੰਦਾ ਹੈ ਕਿ ਉਹ ਸੱਚ ਜਾਣ ਕੇ ਉਸ ਨੂੰ ਬਹੁਤ ਘਟੀਆ ਇਨਸਾਨ ਮੰਨਣ ਲੱਗ ਜਾਵੇਗੀ। ਉਹ ਦੱਸਦਾ ਹੈ ਕਿ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਦਾ ਖ਼ਤ ਆਇਆ ਹੈ। ਉਸ ਪੀਰ ਨਾਲ ਉਸ ਨੇ ਧੋਖਾ ਕੀਤਾ।

ਵਜ਼ੀਰ ਖਾਂ ਨੇ ਉਸ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾਇਆ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਉਸ ਦੇ ਦੋ ਵੱਡੇ ਬੇਟੇ ਮਾਰੇ ਗਏ।

ਵਜ਼ੀਰ ਖਾਂ ਨੇ ਉਸਦੇ ਛੋਟੇ ਬੱਚਿਆਂ ਨੂੰ ਜਿਉਂਦਿਆਂ ਹੀ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ। ਜ਼ੀਨਤ ਨੂੰ ਲਗਦਾ ਹੈ ਕਿ ਇਹ ਤਾਂ ਜ਼ੁਲਮ ਦੀ ਸਿਖ਼ਰ ਹੈ। ਉਹ ਕਹਿੰਦੀ ਹੈ ਕਿ ਜਦੋਂ ਉਸਦਾ ਆਪਣਾ ਬਾਗ਼ੀ ਬੇਟਾ ਅਕਬਰ ਮਰਿਆ ਸੀ ਜਾਂ ਬਾਗ਼ੀ ਸ਼ਾਇਰ ਬੇਟੀ ਜੇਬ – ਉਨ – ਨਿਸਾ, ਉਹ ਜ਼ਾਰੋਂ ਜ਼ਾਰ ਰੋਇਆ ਸੀ ਤੇ ਉਨ੍ਹਾਂ ਮਾਸੂਮਾਂ ਦੀ ਮੌਤ ‘ਤੇ ਉਹ ਚੁੱਪ ਖੜ੍ਹਾ ਹੈ।

ਉਹ ਕਹਿੰਦਾ ਹੈ ਕਿ ਉਸ ਦੀ ਰੂਹ ਰੋ ਰਹੀ ਹੈ ਤੇ ਉਸਦੀ ਮਜਬੂਰੀ ਇਹ ਹੈ ਕਿ ਉਹ ਵਜ਼ੀਰ ਖਾਨ ਨੂੰ ਸਜ਼ਾ ਵੀ ਨਹੀਂ ਦੇ ਸਕਦਾ। ਜ਼ੀਨਤ ਕਹਿੰਦੀ ਹੈ ਕਿ ਉਸਦੀ ਮਜਬੂਰੀ ਇਹ ਹੈ ਕਿ ਉਹ ਵਜ਼ੀਰ ਖ਼ਾਨ ਨੂੰ ਸਜ਼ਾ ਵੀ ਨਹੀਂ ਦੇ ਸਕਦਾ।

ਜ਼ੀਨਤ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ, ਰੱਬ ਨੂੰ ਪਿਆਰ ਨਹੀਂ ਕਰਦਾ। ਇਸੇ ਕਾਰਨ ਉਸ ਨੇ ਸਾਰੀ ਉਮਰ, ਲੋਕਾਂ ਨੂੰ ਦੁਖੀ ਕੀਤਾ ਹੈ। ਔਰੰਗਜ਼ੇਬ ਸਵੀਕਾਰ ਕਰਦਾ ਹੈ ਕਿ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਹੈ।

ਉਹ ਇਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਲੈ ਕੇ ਜਾਵੇਗਾ।  ਉਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਉਹ ਹੀ ਉਸ ਦਾ ਆਖ਼ਿਰੀ ਸਹਾਰਾ ਹੈ, ਉਹ ਉਸਦੀ ਮਦਦ ਕਰੇ।