ਸਿਰਜਣਾ – ਬੀਜੀ (ਪਾਤਰ)
ਜਾਣ ਪਛਾਣ : ਪਾਲੀ ਭੁਪਿੰਦਰ ਦੁਆਰਾ ਲਿਖੀ ਹੋਈ ਇਕਾਂਗੀ ‘ਸਿਰਜਣਾ’ ਵਿੱਚ ਬੀਜੀ ਇੱਕ ਮਹੱਤਵਪੂਰਨ ਪਾਤਰ ਹੈ। ਉਹ ਸਿਰਜਨਾ ਨੂੰ ਚੈਕਅੱਪ ਲਈ ਇਕ ਕਲੀਨਿਕ ਵਿੱਚ ਲੈ ਕੇ ਜਾਂਦੀ ਹੈ। ਉਹ ਕੁਲਦੀਪ ਦੀ ਮਾਂ ਅਤੇ ਸਿਰਜਨਾ ਦੀ ਸੱਸ ਹੈ। ਉਸਦੇ ਸੁਭਾਅ ਦੀਆਂ ਕੁੱਝ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਹਨ :-
ਨੂੰਹ ਉੱਤੇ ਰੋਅਬ ਝਾੜਨ ਵਾਲ਼ੀ : ਬੀਜੀ ਆਪਣੀ ਨੂੰਹ ਸਿਰਜਨਾ ਉੱਤੇ ਰੋਅਬ ਰੱਖਣ ਵਾਲੀ ਸੱਸ ਹੈ। ਉਹ ਨਰਸ, ਡਾਕਟਰ ਅਤੇ ਉਸਦੇ ਪਤੀ ਕੁਲਦੀਪ ਅੱਗੇ ਉਸਦੀ ਇੱਕ ਵੀ ਚੱਲਣ ਨਹੀਂ ਦਿੰਦੀ। ਉਹ ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਉਸਨੂੰ ਜ਼ਿਆਦਾ ਪਤੈ ਕਿ ਕੀ ਠੀਕ ਹੈ ਤੇ ਕੀ ਨਹੀਂ।
ਕੁਲਦੀਪ ਨੂੰ ਫ਼ੋਨ ਕਰਨ ਤੋਂ ਨਰਾਜ਼ ਹੋ ਕੇ ਉਹ ਸਿਰਜਨਾ ਨੂੰ ਕਹਿੰਦੀ ਹੈ ਕਿ ਜਦੋਂ ਮੈਂ ਕਿਹਾ ਤਾਂ ਸੀ ਫੇਰ ਕੀ ਲੋੜ ਸੀ ਦੀਪੇ ਨੂੰ ਫ਼ੋਨ ਕਰਨ ਦੀ। ਉਹ ਸਿਰਜਨਾ ਨਾਲ਼ ਗੱਲ ਬੜੇ ਹੀ ਰੋਅਬ ਨਾਲ਼ ਕਰਦੀ ਹੈ।
ਪੋਤੇ ਦੀ ਇੱਛਾ ਰੱਖਣ ਵਾਲ਼ੀ : ਬੀਜੀ ਸਿਰਜਨਾ ਤੋਂ ਇੱਕ ਪੋਤੇ ਦੀ ਇੱਛਾ ਰੱਖਦੀ ਹੈ। ਇਸੇ ਕਰਕੇ ਤਾਂ ਉਹ ਸਿਰਜਨਾ ਨੂੰ ਕਲੀਨਿਕ ‘ਤੇ ਚੈਕਅੱਪ ਕਰਵਾਉਣ ਲਈ ਲੈ ਕੇ ਆਉਂਦੀ ਹੈ ਤਾਂ ਜੋ ਸਕੈਨਿੰਗ ਰਾਹੀਂ ਦੇਖਿਆ ਜਾ ਸਕੇ ਕਿ ਆਉਣ ਵਾਲਾ ਬੱਚਾ ਮੁੰਡਾ ਹੈ ਜਾਂ ਕੁੜੀ।
ਉਹ ਸਿਰਜਨਾ ਨੂੰ ਬੜੇ ਰੋਅਬ ਨਾਲ਼ ਕਹਿੰਦੀ ਹੈ ਕਿ ਪੂਰੇ ਚਾਲ਼ੀ ਕਿੱਲ੍ਹੇ ਪੈਲ਼ੀ ਅਤੇ ਇੱਕ ਸ਼ੈਲਰ ਨੂੰ ਸੰਭਾਲਣ ਵਾਲਾ ਵਾਰਸ ਚਾਹੀਦਾ ਹੈ ਉਸ ਨੂੰ।
ਚੁਸਤ ਚਲਾਕ : ਬੀਜੀ ਬਹੁਤ ਹੀ ਚੁਸਤ ਅਤੇ ਚਲਾਕ ਔਰਤ ਹੈ। ਉਹ ਬੜੀ ਹੀ ਚੁਸਤੀ ਅਤੇ ਚਲਾਕੀ ਨਾਲ਼ ਸਿਰਜਨਾ ਦੀ ਹਰ ਗੱਲ ਨੂੰ ਕੱਟਦੀ ਹੈ। ਉਹ ਨਰਸ, ਸਫ਼ਾਈ ਕਰਮਚਾਰੀ ਮਾਸੀ ਅਤੇ ਡਾਕਟਰ ਨਾਲ਼ ਬੜੀ ਹੀ ਚੁਸਤੀ ਨਾਲ਼ ਗੱਲ ਕਰਦੀ ਹੈ ਜਿਵੇਂ ਉਹ ਸੱਭ ਕੁੱਝ ਜਾਣਦੀ ਹੋਵੇ
ਗੁੱਸੇਖੋਰ ਔਰਤ : ਬੀਜੀ ਬੜੀ ਹੀ ਗੁੱਸੇਖੋਰ ਔਰਤ ਹੈ। ਜਦੋਂ ਹਸਪਤਾਲ ਦੀ ਸਫ਼ਾਈ ਸੇਵਕਾ ਉਸ ਨੂੰ ਜੁੱਤੀਆਂ ਲੈ ਕੇ ਅੰਦਰ ਆਉਣ ਤੋਂ ਵਰਜਦੀ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ, ‘ਬੜੀ ਬਦਤਮੀਜ਼ ਹੈ, ਬੋਲਦੀ ਕਿੱਦਾਂ ਐ ਇਹ।’
ਜਦੋਂ ਸਿਰਜਨਾ ਕੁਲਦੀਪ ਨੂੰ ਫ਼ੋਨ ਕਰਕੇ ਹਟਦੀ ਹੈ ਤਾਂ ਉਹ ਗੁੱਸੇ ਵਿੱਚ ਉਸ ਨੂੰ ਕਹਿੰਦੀ ਹੈ ਕਿ ਜਦੋਂ ਉਸਨੇ ਕਹਿ ਦਿੱਤਾ ਸੀ ਤਾਂ ਫਿਰ ਕੀ ਲੋੜ ਸੀ ਦੀਪ ਨੂੰ ਫ਼ੋਨ ਕਰਨ ਦੀ।
ਉਹ ਆਪਣੀ ਨੂੰਹ ਨੂੰ ਆਪਣੇ ਪੇਕੇ ਘਰ ਜਾਣ ਦੀ ਸਲਾਹ ਦਿੰਦੀ ਹੈ ਅਤੇ ਆਪਣੇ ਪੁੱਤਰ ਵੱਲੋਂ ਬੀਜੀ ਸਿਰਜਨਾ ਨੂੰ ਕਹਿੰਦੀ ਹੈ ਕਿ ਜੇ ਤੈਨੂੰ ਲੱਗਦਾ ਹੈ ਜਨਾਨੀ ਦਾ ਬਣ ਕੇ ਰਹੂਗਾ ਤੇਰਾ ਖਸਮ ਤਾਂ ਦੀਪੇ ਨੂੰ ਵੀ ਨਾਲ਼ ਈ ਲੈ ਜਾ ਭਾਵੇਂ।
ਜਿੱਦੀ ਜਨਾਨੀ : ਬੀਜੀ ਇੱਕ ਜਿੱਦੀ ਜਨਾਨੀ ਹੈ। ਉਹ ਸਿਰਜਨਾ ਕੋਲੋਂ ਮੁੰਡੇ ਦੀ ਇੱਛਾ ਰੱਖਦੀ ਹੈ। ਉਹ ਕਹਿੰਦੀ ਹੈ ਕਿ ਜ਼ਮੀਨ ਜਾਇਦਾਦ ਗੁਰਦੁਆਰੇ ਜਾਂ ਮੰਦਰ ਦੇ ਨਾਂ ਲਾਉਣੀ ਮੰਜ਼ੂਰ ਹੈ, ਪਰ ਉਹ ਇਸਨੂੰ ਦਾਜ ਵਿੱਚ ਵੰਡਣ ਲਈ ਤਿਆਰ ਨਹੀਂ।
ਬੀਜੀ ਸਿਰਜਨਾ ਦੀ ਸਕੈਨਿੰਗ ਕਰਵਾਉਣ ਦੀ ਪੱਕੀ ਜ਼ਿੱਦ ਫੜੀ ਬੈਠੀ ਹੈ। ਉਹ ਸਿਰਜਨਾ ਨੂੰ ਕਹਿੰਦੀ ਹੈ, ‘ਜੇ ਨਹੀਂ ਜੀਅ ਮੰਨਦਾ ਤੇਰਾ ਇਸ ਕੰਮ ਨੂੰ ਤਾਂ ਤੁਰ ਜਾ, ਜਿੱਥੋਂ ਆਈਂ ਐ। ਮੇਰੇ ਘਰ ਰਹਿ ਕੇ ਨੀ ਜੰਮ ਸਕਦੀ ਤੂੰ ਇੱਕ ਹੋਰ ਪੱਥਰ।’
ਔਰਤ ਦਾ ਦਰਦ ਨਾ ਸਮਝਣ ਵਾਲ਼ੀ : ਬੀਜੀ ਔਰਤ ਹੋ ਕੇ ਵੀ ਔਰਤ ਦਾ ਦਰਦ ਨਹੀਂ ਸਮਝਦੀ। ਉਹ ਆਪਣੀ ਨੂੰਹ ਸਿਰਜਨਾ ਦੀਆਂ ਭਾਵਨਾਵਾਂ ਨਹੀਂ ਸਮਝਦੀ।
ਉਹ ਆਪਣੀ ਪੋਤੀ ਨੂੰ ਪੱਥਰ ਕਹਿ ਕੇ ਸੰਬੋਧਨ ਕਰਦੀ ਹੈ। ਜਦੋਂ ਸਿਰਜਨਾ ਉਸ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਉਸ ਦਾ ਖ਼ਸਮ ਜਨਾਨੀ ਦਾ ਬਣ ਕੇ ਰਹੂਗਾ ਤਾਂ ਬੇਸ਼ੱਕ ਉਸ ਨੂੰ ਵੀ ਨਾਲ਼ ਹੀ ਲੈ ਜਾਵੇ।
ਜਦੋਂ ਸਿਰਜਨਾ ਉਸ ਨੂੰ ਪੁੱਛਦੀ ਹੈ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਅਗਲੀ ਵਾਰੀ ਮੁੰਡਾ ਹੋਊ ਤਾਂ ਬੀਜੀ ਬੜੀ ਲਾਪਰਵਾਹੀ ਨਾਲ਼ ਕਹਿੰਦੀ ਹੈ ਕਿ ਫੇਰ ਦੀ ਫੇਰ ਦੇਖੀ ਜਾਊ।
ਨੂੰਹ ਨੂੰ ਦਾਜ ਦੇ ਮਿਹਣੇ ਮਾਰਨ ਵਾਲੀ : ਸਿਰਜਨਾ ਦੁਆਰਾ ਆਪਣੀ ਸੱਸ ਨੂੰ ਇਹ ਕਹਿਣ ‘ਤੇ ਕਿ ਉਹ ਵੀ ਤਾਂ ਘਰ ਵਿੱਚ ਸ਼ਾਮਿਲ ਹੈ ਤਾਂ ਉਸ ਦੀ ਸੱਸ ਉਸ ਨੂੰ ਦਾਜ ਦਹੇਜ ਦੇ ਮਿਹਣੇ ਮਾਰਦੀ ਹੋਈ ਕਹਿੰਦੀ ਹੈ ਕਿ ਉਹ ਦਾਜ ਵਿੱਚ ਟੁੱਟਾ ਭੱਜਾ ਸਮਾਨ ਲੈ ਕੇ ਆਈ ਸੀ।
ਬੀਜੀ ਕਹਿੰਦੀ ਹੈ ਕਿ ਜੇਕਰ ਉਸ ਨੂੰ ਆਪਣੀ ਤਨਖ਼ਾਹ ਦਾ ਗੁਮਾਨ ਹੈ ਤਾਂ ਉਸ ਦੇ ਨਾਲ਼ ਤਾਂ ਘਰ ਦੇ ਨੌਕਰਾਂ ਤੇ ਡਰਾਇਵਰਾਂ ਦਾ ਖਰਚਾ ਨਹੀਂ ਨਿਕਲਦਾ।
ਉਹ ਕਹਿੰਦੀ ਹੈ ਕਿ ਉਸ ਵਰਗੀਆਂ ਛੱਤੀ ਸੌ ਮਿਲਦੀਆਂ ਸੀ, ਨਾਲ ਮੋਟਰਕਾਰਾਂ ਵੀ ਅਤੇ ਜੇ ਲੋੜ ਪਈ ਤਾਂ ਹੁਣ ਵੀ ਮਿਲ ਜਾਣਗੀਆਂ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬੀਜੀ ਇੱਕ ਲਾਲਚੀ ਅਤੇ ਗ਼ੁੱਸੇਖੋਰ ਔਰਤ ਹੈ। ਪੈਸੇ ਨੂੰ ਹਾਸਲ ਕਰਨ ਦੇ ਲਾਲਚ ਵਿੱਚ ਉਹ ਆਪਣੀ ਨੂੰਹ ਅਤੇ ਪੁੱਤਰ ਦੇ ਆਪਸੀ ਰਿਸ਼ਤਿਆਂ ਵਿੱਚ ਵੀ ਜ਼ਹਿਰ ਘੋਲ਼ਦੀ ਹੈ। ਉਹ ਕਿਸੇ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਸਮਰਥ ਨਹੀਂ ਹੈ।