ਸਾਰ : ਦੇਈਂ-ਦੇਈਂ ਵੇ ਬਾਬਲਾ
ਪ੍ਰਸ਼ਨ : ‘ਦੇਈਂ-ਦੇਈਂ ਵੇ ਬਾਬਲਾ’ ਨਾਂ ਦੇ ਸੁਹਾਗ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ‘ਦੇਈਂ-ਦੇਈਂ ਵੇ ਬਾਬਲਾ’ ਨਾਂ ਦੇ ਸੁਹਾਗ ਵਿੱਚ ਧੀ ਇਹ ਇੱਛਾ ਪ੍ਰਗਟਾਉਂਦੀ ਹੈ ਕਿ ਉਸ ਨੂੰ ਚੰਗਾ ਸਹੁਰਾ-ਘਰ ਮਿਲੇ। ਉਹ ਆਪਣੇ ਬਾਬਲ ਨੂੰ ਆਖਦੀ ਹੈ ਕਿ ਉਹ ਉਸ ਨੂੰ ਉੱਥੇ ਵਿਆਹੇ ਜਿੱਥੇ ਸੱਸ ਮੰਨੀ-ਪ੍ਰਮੰਨੀ ਹੋਵੇ ਅਤੇ ਸਹੁਰੇ ਦੀ ਇਲਾਕੇ ਦੇ ਸਰਦਾਰ ਵਜੋਂ ਇੱਜ਼ਤ ਹੋਵੇ ਭਾਵ ਉਹ ਚੰਗੀ ਜ਼ਮੀਨ-ਜਾਇਦਾਦ ਦਾ ਮਾਲਕ ਹੋਵੇ । ਧੀ ਚਾਹੁੰਦੀ ਹੈ ਕਿ ਉਸ ਦੀ ਸੱਸ ਮੱਥੇ ਵੱਟ ਨਾ ਪਾਉਂਦੀ ਹੋਵੇ। ਉਹ ਚਾਹੁੰਦੀ ਹੈ ਕਿ ਉਸ ਦੀ ਸੱਸ ਦੇ ਬਹੁਤੇ ਪੁੱਤਰ ਹੋਣ ਤਾਂ ਜੋ ਉਹ ਵਿਆਹ ਹੀ ਦੇਖਦੀ ਰਹੇ। ਉਸ ਦੀ ਇੱਛਾ ਹੈ ਕਿ ਉਸ ਦੇ ਸਹੁਰੇ ਘਰ ਵੱਡੀ ਗਿਣਤੀ ਵਿੱਚ ਬੂਰੀਆਂ ਝੋਟੀਆਂ ਹੋਣ। ਉਹ ਇੱਕ ਦਾ ਦੁੱਧ ਰਿੜਕੇ ਤੇ ਦੂਜੀ ਦਾ ਜਮਾਵੇ ਅਤੇ ਇਸ ਤਰ੍ਹਾਂ ਉਸ ਦਾ ਚਾਟੀਆਂ ਦੇ ਵਿੱਚ ਹੀ ਹੱਥ ਰਹੇ । ਧੀ ਬਾਬਲ ਨੂੰ ਕਹਿੰਦੀ ਹੈ ਕਿ ਉਸ ਨੂੰ ਉਸ ਘਰ ਵਿਆਹਿਆ ਜਾਵੇ ਜਿੱਥੇ ਦਰਜ਼ੀ ਰੇਸ਼ਮ ਸਿਊਂਵੇਂ। ਉਹ ਇੱਕ ਕੱਪੜਾ ਪਾਵੇ ਤੇ ਦੂਜਾ ਟੰਗੇ। ਸਾਂਭ-ਸੰਭਾਲ ਲਈ ਉਸ ਦਾ ਸੰਦੂਕਾਂ ਵਿੱਚ ਹੀ ਹੱਥ ਹੋਵੇ। ਧੀ ਚਾਹੁੰਦੀ ਹੈ ਕਿ ਉਸ ਨੂੰ ਉਸ ਘਰ ਵਿਆਹਿਆ ਜਾਵੇ ਜਿੱਥੇ ਸੁਨਿਆਰਾ ਗਹਿਣੇ ਘੜਦਾ ਰਹੇ। ਉਹ ਇੱਕ ਗਹਿਣਾ ਪਾਵੇ ਅਤੇ ਦੂਜੇ ਨੂੰ ਡੱਬੇ ਵਿੱਚ ਸਾਂਭ ਕੇ ਰੱਖ ਦੇਵੇ। ਧੀ ਆਖਦੀ ਹੈ ਕਿ ਇਸ ਤਰ੍ਹਾਂ ਦਾ ਘਰ ਲੱਭ ਕੇ ਦੇਣ ਵਾਲੇ ਬਾਬਲ ਦਾ ਪੁੰਨ ਹੋਵੇਗਾ ਅਤੇ ਉਸ ਨੂੰ ਵੱਡਾ ਜਸ ਮਿਲੇਗਾ।
ਇਸ ਤਰ੍ਹਾਂ ‘ਦੇਈਂ-ਦੇਈਂ ਵੇ ਬਾਬਲਾ’ ਨਾਂ ਦੇ ਸੁਹਾਗ ਵਿੱਚ ਧੀ ਰੱਜੇ-ਪੁੱਜੇ ਸਹੁਰੇ-ਘਰ ਦੀ ਕਾਮਨਾ ਕਰਦੀ ਹੈ।