ਜਿੰਦਗੀ ਕੁਦਰਤ ਦੀ ਬਖਸ਼ੀ ਹੋਈ ਇੱਕ ਖ਼ੂਬਸੂਰਤ ਦਾਤ ਹੈ ਅਤੇ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ।
ਜ਼ਿੰਦਗੀ ਨੇ ਰੋ ਕੇ ਵੀ ਲੰਘ ਜਾਣਾ ਹੈ ਅਤੇ ਹੱਸ ਖੇਡ ਕੇ ਵੀ।
ਫ਼ਿਰ ਕਿਉਂ ਨਾ ਹਰ ਵਕਤ ਮਰੂ ਮਰੂ ਕਰਨ ਦੀ ਬਜਾਇ ਇਸ ਨੂੰ ਹੌਂਸਲੇ ਨਾਲ ਜਿਉਣ ਲਈ ਤਵੱਜੋ ਦਿੱਤੀ ਜਾਵੇ।
ਰੱਬ ਨੇ ਸਾਨੂੰ ਇਹ ਜੀਵਨ ਹੰਢਾਉਣ ਲਈ ਦਿੱਤਾ ਹੈ ਨਾ ਕਿ ਕਸਾਈਆਂ ਵਾਂਗ ਕੱਟਣ ਲਈ।
ਸਮਾਂ ਸਦਾ ਆਪਣੀ ਚਾਲ ਚੱਲਦਾ ਹੈ। ਜਦੋਂ ਅਸੀਂ ਨਹੀਂ ਸੀ, ਸਮਾਂ ਉਦੋਂ ਵੀ ਲੰਘ ਹੀ ਰਿਹਾ ਸੀ।
ਬਚਪਨ, ਜਵਾਨੀ ਅਤੇ ਬੁਢਾਪਾ ਇਨ੍ਹਾਂ ਤਿੰਨ ਪੜਾਵਾਂ ਵਿੱਚ ਵੰਡੀ ਇਹ ਜ਼ਿੰਦਗੀ ਰਿਸ਼ਤੇ ਨਾਤਿਆਂ ਨਾਲ਼ ਹੀ ਸੋਹਣੀ ਲਗਦੀ ਹੈ। ਫ਼ੇਰ ਚਾਹੇ ਉਹ ਰਿਸ਼ਤੇ ਖ਼ੂਨ ਦੇ ਹੋਣ ਜਾਂ ਫਿਰ ਦੁਨਿਆਵੀ।
ਇਸ ਲਈ ਵਕਤ ਰਹਿੰਦੇ ਜ਼ਿੰਦਗੀ ਨੂੰ ਜਿਊਣਾ ਵੀ ਚਾਹੀਦਾ ਹੈ।
ਦਿਲ ਨੂੰ ਹਰ ਵਾਰ ਸਮਝੌਤਿਆਂ ਲਈ ਮਜਬੂਰ ਕਰਨਾ ਸਹੀ ਨਹੀਂ ਹੈ।
ਹਰ ਗੱਲ ਲਈ ਬਹੁਤਾ ਗੰਭੀਰ ਹੋਣਾ ਵੀ ਗ਼ਲਤ ਹੈ।
ਹੱਦੋਂ ਵੱਧ ਕਿਸੇ ਨਾਲ ਲਗਾਅ ਤੇ ਸਮਰਪਣ ਵੀ ਤਕਲੀਫ਼ਾਂ ਦਾ ਸਬੱਬ ਬਣਦਾ ਹੈ।
ਫਾਲਤੂ ਦੀਆਂ ਗੱਲਾਂ ਅਤੇ ਝਮੇਲਿਆਂ ਦੀ ਅਣਦੇਖੀ ਕਰਨਾ ਵੀ ਲਾਜ਼ਮੀ ਹੈ।
ਨਹੀਂ ਤਾਂ ਹਰ ਸਮੇਂ ਦਿਮਾਗ਼ ‘ਤੇ ਬੋਝ ਪਿਆ ਰਹਿੰਦਾ ਹੈ । ਅਤੇ ਇਹੋ ਬੋਝ ਸਾਡਾ ਜਿਉਣਾ ਦੁੱਭਰ ਕਰ ਦਿੰਦਾ ਹੈ।
ਪੈਸੇ ਬਣਾਉਣ ਦੀ ਆੜ ਵਿੱਚ ਆਪਣੇ ਆਪ ਨੂੰ ਭੁੱਲ ਜਾਣਾ ਵੀ ਕੋਈ ਅਕਲਮੰਦੀ ਨਹੀਂ ਹੈ।
ਯਾਦ ਰੱਖੋ ਕਿ ਚੰਗੀ ਸਿਹਤ ਅਤੇ ਗੂੜ੍ਹੀ ਨੀਂਦ ਜੀਵਨ ਵਿੱਚ ਬਹੁਤ ਮਾਇਨੇ ਰੱਖਦੀ ਹੈ।
ਚੰਗਾ ਵਿਹਾਰ ਅਤੇ ਥੋੜ੍ਹਾ ਬਹੁਤ ਦਾਨ ਪੁੰਨ ਕਰਨਾ ਵੀ ਆਪਣੀ ਆਤਮਾ ਨੂੰ ਸੁੱਖ ਪ੍ਰਦਾਨ ਕਰਦਾ ਹੈ।
ਬਹੁਤੀ ਚਿੰਤਾ ਅਤੇ ਬਹੁਤਾ ਕਰਜਾ ਵੀ ਬੰਦੇ ਦੀ ਉਮਰ ਘਟਾ ਦਿੰਦਾ ਹੈ। ਜ਼ਿੰਦਗ਼ੀ ਦਾ ਸੁਆਦ ਖ਼ਤਮ ਕਰ ਦਿੰਦਾ ਹੈ।
ਇਸ ਲਈ ਜ਼ਿੰਦਗੀ ਨੂੰ ਮੁਸ਼ਕਿਲਾਂ ਭਰੀ ਬਣਾਉਣ ਦੀ ਬਜਾਏ ਇਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰੋ।
ਸੰਤੁਸ਼ਟੀ ਤੋਂ ਵੱਡਾ ਕੋਈ ਸੁੱਖ ਨਹੀਂ ਹੈ।
ਵਰਤਮਾਨ ਸਮੇਂ ਚ ਜ਼ਿੰਦਗੀ ਕੋਈ ਬਹੁਤੀ ਲੰਬੀ ਚੌੜੀ ਖੇਡ ਨਹੀਂ ਰਹੀ।
ਇਸ ਲਈ ਜਿੰਨਾ ਮੁਨਾਸਿਬ ਹੋ ਸਕੇ ਆਪਣੀ ਜ਼ਿੰਦਗੀ ਦਾ ਲੁਤਫ਼ ਉਠਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਮਰਦੇ ਵਕਤ ਦਿਲ ਨੂੰ ਇਹ ਸਕੂਨ ਹੋਵੇ ਕਿ ਜਿੰਨਾ ਹੋ ਸਕਦਾ ਸੀ ਮੈਂ ਓਨਾ ਜ਼ਿੰਦਗੀ ਦਾ ਮਜ਼ਾ ਲਿਆ ਅਤੇ ਜੋ ਭੋਗਣਾ ਬਾਕੀ ਰਹਿ ਗਿਆ, ਉਹ ਸਭ ਮੇਰੇ ਵੱਸ ਤੋਂ ਬਾਹਰ ਸੀ।