ਵਾਰਤਕ ਭਾਗ : ਸੁਲਤਾਨਪੁਰ ਨੂੰ ਤਿਆਰੀ
ਸਾਖੀ ਦਾ ਸਾਰ : ਸੁਲਤਾਨਪੁਰ ਨੂੰ ਤਿਆਰੀ
ਪ੍ਰਸ਼ਨ 1. ‘ਸੁਲਤਾਨਪੁਰ ਨੂੰ ਤਿਆਰੀ’ ਸਾਖੀ (ਪਾਠ) ਦਾ ਸਾਰ ਲਿਖੋ।
ਜਾਂ
ਪ੍ਰਸ਼ਨ. ‘ਸੁਲਤਾਨਪੁਰ ਨੂੰ ਤਿਆਰੀ’ ਨਾਂ ਦੇ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ਪਰਮੇਸ਼ਰ ਦੀ ਆਗਿਆ ਹੋਈ ਤੇ ਗੁਰੂ ਨਾਨਕ ਬਾਹਰ ਆਏ। ਗੁਰੂ ਜੀ ਦਾ ਭਣੋਈਆ, ਜੈਰਾਮ, ਨਵਾਬ ਦੌਲਤ ਖ਼ਾਂ ਦਾ ਮੋਦੀ ਸੀ। ਜੈਰਾਮ ਨੇ ਜਦੋਂ ਇਹ ਸੁਣਿਆ ਕਿ ਨਾਨਕ ਹੈਰਾਨ ਰਹਿੰਦਾ ਹੈ ਤੇ ਕੋਈ ਕੰਮ-ਕਾਰ ਨਹੀਂ ਕਰਦਾ, ਤਾਂ ਉਸ ਨੇ ਚਿੱਠੀ ਲਿਖ ਕੇ ਗੁਰੂ ਨਾਨਕ ਨੂੰ ਕਿਹਾ ਕਿ ਉਹ ਉਸ ਨੂੰ ਮਿਲੇ। ਚਿੱਠੀ ਪੜ੍ਹ ਕੇ ਜਦੋਂ ਗੁਰੂ ਨਾਨਕ ਨੇ ਜੈਰਾਮ ਨੂੰ ਮਿਲਣ ਦੀ ਗੱਲ ਕੀਤੀ, ਤਾਂ ਘਰਦਿਆਂ ਨੇ ਕਿਹਾ ਕਿ ਇਹ ਚੰਗਾ ਹੋਵੇ, ਜੇ ਉਹ ਉੱਥੇ ਚਲਾ ਜਾਵੇ। ਸ਼ਾਇਦ ਉਸ ਦਾ ਮਨ ਉੱਥੇ ਟਿਕ ਜਾਵੇ। ਜਦੋਂ ਗੁਰੂ ,ਨਾਨਕ ਜੀ ਸੁਲਤਾਨਪੁਰ ਜਾਣ ਲੱਗੇ, ਤਾਂ ਉਨ੍ਹਾਂ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਸਨ ਲਾਉਂਦੇ, ਪਰਦੇਸ ਜਾ ਕੇ ਉਹ ਕਿਸ ਤਰ੍ਹਾਂ ਉਸ ਕੋਲ ਵਾਪਸ ਆਉਣਗੇ? ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਇੱਥੇ ਵੀ ਕੁੱਝ ਨਹੀਂ ਸਨ ਕਰਦੇ ਤੇ ਉੱਥੇ ਜਾ ਕੇ ਵੀ ਕੁੱਝ ਕਰਨ ਦੀ ਆਸ ਨਹੀਂ। ਉਹ ਉਸ ਦੇ ਕਿਸੇ ਕੰਮ ਆਉਣ ਜੋਗੇ ਨਹੀਂ। ਗੁਰੂ ਜੀ ਦੀ ਪਤਨੀ ਨੇ ਬੇਨਤੀ ਕੀਤੀ ਕਿ ਜਦੋਂ ਉਹ ਘਰ ਬੈਠੇ ਹੁੰਦੇ ਸਨ, ਤਾਂ ਉਹ ਸਮਝਦੀ ਸੀ ਕਿ ਉਸ ਨੂੰ ਸਾਰੇ ਜਹਾਨ ਦੀ ਪਾਤਸ਼ਾਹੀ ਮਿਲੀ ਹੋਈ ਸੀ। ਉਨ੍ਹਾਂ ਤੋਂ ਬਿਨਾਂ ਇਹ ਸੰਸਾਰ ਉਸ ਦੇ ਕਿਸੇ ਕੰਮ ਨਹੀਂ। ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਕੋਈ ਫ਼ਿਕਰ ਨਾ ਕਰੇ। ਇੱਕ ਦਿਨ ਉਸ ਦੀ ਪਾਤਸ਼ਾਹੀ ਹੋਵੇਗੀ। ਉਸ ਦੇ ਨਾਲ ਜਾਣ ਦੀ ਜ਼ਿਦ ਕਰਨ ਤੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਉਹ ਜਾਂਦੇ ਹਨ। ਜੇਕਰ ਉਨ੍ਹਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੇਗੀ, ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ। ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ। ਗੁਰੂ ਜੀ ਸਕੇ-ਸੰਬੰਧੀਆਂ ਤੋਂ ਵਿਦਾ ਲੈ ਕੇ ਸੁਲਤਾਨਪੁਰ ਵਲ ਚੱਲ ਪਏ।