ਵਹਿਮੀ ਤਾਇਆ : ਪ੍ਰਸ਼ਨ ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਵਹਿਮੀ ਤਾਇਆ – ਸੂਬਾ ਸਿੰਘ
ਪ੍ਰਸ਼ਨ 1. ਤਾਇਆ ਮਨਸਾ ਰਾਮ ਨੂੰ ਸਾਰਾ ਪਿੰਡ ਵਹਿਮੀ ਤਾਇਆ ਕਿਉਂ ਆਖਦਾ ਸੀ?
ਉੱਤਰ : ਸੰਸਾਰ ਵਿੱਚ ਅਜਿਹਾ ਕੋਈ ਵਹਿਮ ਨਹੀਂ ਸੀ ਜੋ ਤਾਇਆ ਮਨਸਾ ਰਾਮ ਨੂੰ ਨਾ ਚੰਬੜਿਆ ਹੋਵੇ। ਤਾਇਆ ਇੱਕ ਵਹਿਮ ਨੂੰ ਛੱਡਦਾ ਸੀ ਤਾਂ ਦੂਜਾ ਵਹਿਮ ਫੜ ਲੈਂਦਾ ਸੀ। ਤਾਇਆ ਵਹਿਮਾਂ ਅਤੇ ਭਰਮਾਂ ਤੇ ਜਨੂਨ ਦੀ ਹੱਦ ਤੱਕ ਯਕੀਨ ਕਰਦਾ ਸੀ ਅਤੇ ਤਾਏ ਨੇ ਇਹਨਾਂ ਵਹਿਮਾਂ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਅੰਗ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਤਾਇਆ ਆਪਣੇ ਵਹਿਮਾਂ ਕਾਰਨ ਆਏ ਦਿਨ ਕਿਸੇ ਨਾ ਕਿਸੇ ਨੂੰ ਤੰਗ ਕਰਦਾ ਰਹਿੰਦਾ ਸੀ। ਤਾਇਆ ਵਹਿਮਾਂ ਦੇ ਨਾਲ ਜਾਦੂ ਟੂਣਿਆਂ ‘ਤੇ ਵੀ ਯਕੀਨ ਰੱਖਦਾ ਸੀ। ਇਸੇ ਕਰਕੇ ਸਾਰਾ ਪਿੰਡ ਹੀ ਤਾਏ ਨੂੰ ਵਹਿਮੀ ਤਾਇਆ ਕਹਿ ਕੇ ਬੁਲਾਉਂਦਾ ਸੀ।
ਪ੍ਰਸ਼ਨ 2. ਲੇਖਕ ਜਦੋਂ ਪਹਿਲੀ ਵਾਰ ਤਾਇਆ ਮਨਸਾ ਰਾਮ ਨੂੰ ਮਿਲਿਆ, ਉਸ ਵੇਲੇ ਤਾਇਆ ਕੀ ਕਰ ਰਿਹਾ ਸੀ?
ਉੱਤਰ : ਲੇਖਕ ਨੂੰ ਯਾਦ ਹੈ ਕਿ ਜਦੋਂ ਉਹ ਪਹਿਲੀ ਵਾਰ ਤਾਏ ਨੂੰ ਮਿਲ਼ਿਆ ਸੀ ਉਸ ਵੇਲੇ ਤਾਇਆ ਮੂੰਹ ਵਿੱਚ ਥਰਮਾਮੀਟਰ ਲਾਈ ਬੈਠਾ ਸੀ ਅਤੇ ਆਪਣੀ ਨਬਜ਼ ਨੂੰ ਫਰੋਲ ਰਿਹਾ ਸੀ। ਤਾਏ ਨੂੰ ਵਹਿਮ ਹੋ ਗਿਆ ਸੀ ਕਿ ਉਸ ਨੂੰ ਬੁਖਾਰ ਹੈ। ਉਸ ਵੇਲੇ ਤਾਏ ਨੇ ਜ਼ੋਰ-ਜ਼ੋਰ ਦੀ ਖੰਘਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਤਾਏ ਦੀਆਂ ਅੱਖਾਂ ਵਿੱਚੋਂ ਅੱਥਰੂ ਵੀ ਆ ਗਏ ਸਨ।
ਪ੍ਰਸ਼ਨ 3. ਤਾਏ ਦਾ ਬੁਖਾਰ ਵਾਲ਼ਾ ਵਹਿਮ ਕਿੰਨੇ ਕੁ ਚਿਰ ਚੱਲਿਆ ਅਤੇ ਇਹ ਵਹਿਮ ਦੂਰ ਕਿਵੇਂ ਹੋਇਆ?
ਉੱਤਰ : ਤਾਏ ਨੂੰ ਵਹਿਮ ਸੀ ਕਿ ਉਸ ਨੂੰ ਬੁਖਾਰ ਹੋ ਗਿਆ ਹੈ। ਇਹ ਵਹਿਮ ਤਾਏ ਨੂੰ ਪੰਜ ਕੁ ਸਾਲ ਚਿੰਬੜਿਆ ਰਿਹਾ ਅਤੇ ਉਸ ਤੋਂ ਬਾਅਦ ਤਾਏ ਨੇ ਇੱਕ ਹੋਰ ਨਵਾਂ ਵਹਿਮ ਫੜ ਲਿਆ ਅਤੇ ਬੁਖਾਰ ਵਾਲ਼ੇ ਵਹਿਮ ਤੋਂ ਤਾਏ ਦਾ ਆਪਣੇ-ਆਪ ਹੀ ਛੁਟਕਾਰਾ ਹੋ ਗਿਆ।
ਪ੍ਰਸ਼ਨ 4. ਤਾਏ ਨੂੰ ਜਦ ਕੀਟਾਣੂਆਂ ਵਾਲ਼ਾ ਵਹਿਮ ਹੋ ਗਿਆ ਤਾਂ ਤਾਇਆ ਆਪਣੇ ਆਪ ਨੂੰ ਕੀਟਾਣੂਆਂ ਤੋਂ ਬਚਾਉਣ ਲਈ ਕੀ ਕੁਝ ਕਰਦਾ ਸੀ?
ਉੱਤਰ : ਤਾਏ ਨੂੰ ਨਵਾਂ ਵਹਿਮ ਕਿਸੇ ਤੋਂ ਬਿਮਾਰੀ ਦੇ ਕੀਟਾਣੂ ਚਿੰਬੜਨ ਦਾ ਹੋ ਗਿਆ ਸੀ। ਇਸ ਤੋਂ ਬਚਣ ਲਈ ਤਾਇਆ ਜਦੋਂ ਕਿਸੇ ਨੂੰ ਮਿਲਦਾ ਤਾਂ ਉਸ ਤੋਂ ਬਾਅਦ ਸਾਬਣ ਨਾਲ ਮਲ-ਮਲ ਕੇ ਆਪਣੇ ਹੱਥ ਧੋਂਦਾ। ਜਿਸ ਬਿਸਤਰੇ ‘ਤੇ ਕੋਈ ਬੈਠਦਾ ਉਸ ਚਾਦਰ ਨੂੰ ਗਰਮ ਉਬਲਦੇ ਪਾਣੀ ਵਿੱਚ ਧੋਂਦਾ, ਮੰਜੇ ਨੂੰ ਧੁੱਪੇ ਰੱਖ ਕੇ ਸੋਟੇ ਨਾਲ ਝਾੜਦਾ, ਕੁਰਸੀਆਂ ਆਦਿ ਨੂੰ ਕੀਟਾਣੂਆਂ ਤੋਂ ਮੁਕਤ ਰੱਖਣ ਲਈ ਉਹਨਾਂ ਨੂੰ ਧੁੱਪੇ ਸੁਕਾ ਕੇ ਉਹਨਾਂ ਉੱਪਰ ਕਿਰਮ-ਨਾਸ਼ਕ ਪਾਊਡਰ ਦਾ ਛਿੜਕਾਅ ਕਰਦਾ ਸੀ।
ਪ੍ਰਸ਼ਨ 5. ਤਾਏ ਨੇ ਗੁਆਂਢੀਆਂ ਦੇ ਜੁਆਕ ਨਾਲ ਕਿਹੋ ਜਿਹਾ ਵਰਤਾਓ ਕੀਤਾ ਅਤੇ ਕਿਉਂ?
ਉੱਤਰ : ਇੱਕ ਦਿਨ ਕਿਸੇ ਮੁਲਾਕਾਤੀ ਨੇ ਤਾਏ ਕੋਲ਼ ਖੇਡ ਰਹੇ ਗੁਆਂਢੀਆਂ ਦੇ ਜੁਆਕ ਨੂੰ ਤਾਏ ਦਾ ਪੋਤਾ ਜਾਂ ਭਤੀਜਾ ਸਮਝ ਕੇ ਚੁੰਮ ਲਿਆ ਤਾਂ ਤਾਏ ਨੇ ਜੁਆਕ ਦੀਆਂ ਗੱਲ੍ਹਾਂ ਨੂੰ ਸਾਬਣ ਨਾਲ ਰਗੜਨਾ ਸ਼ੁਰੂ ਕਰ ਦਿੱਤਾ। ਜ਼ੋਰ ਨਾਲ ਰਗੜਨ ਕਰਕੇ ਜੁਆਕ ਚੀਕਾਂ ਮਾਰੇ ਪਰ ਤਾਏ ਨੇ ਰਗੜ-ਰਗੜ ਕੇ ਉਸ ਦੀਆਂ ਗੱਲ੍ਹਾਂ ਅਤੇ ਕੰਨਾਂ ‘ਚੋਂ ਖੂਨ ਕੱਢ ਛੱਡਿਆ।
ਪ੍ਰਸ਼ਨ 6. ਤਾਏ ਨੇ ਕੁੱਤੇ ਦੇ ਵੱਢਣ ‘ਤੇ ਲਗਵਾਏ ਜਾਣ ਵਾਲੇ ਟੀਕੇ ਕਿਉਂ ਲਗਵਾਏ?
ਉੱਤਰ : ਇੱਕ ਦਿਨ ਤਾਏ ਦਾ ਪੈਰ ਕੁੱਤੇ ਦੀ ਪੂਛ ‘ਤੇ ਆ ਗਿਆ ਤੇ ਤਾਏ ਨੂੰ ਵਹਿਮ ਪੈ ਗਿਆ ਕਿ ਉਸ ਨੂੰ ਕੁੱਤੇ ਦੇ ਵੱਢਣ ‘ਤੇ ਹੋਣ ਵਾਲ਼ਾ ਹਲਕਾਅ ਹੀ ਨਾ ਪੈ ਜਾਵੇ, ਇਸ ਕਰਕੇ ਤਾਏ ਨੇ ਢਿੱਡ ਵਿੱਚ 14 ਟੀਕੇ ਲਗਵਾਏ।
ਪ੍ਰਸ਼ਨ 7. ਤਾਏ ਦੇ ਆਪਣੇ ਟੈਟਨਸ ਦਾ ਟੀਕਾ ਲਗਵਾਉਣ ਦਾ ਕੀ ਕਾਰਨ ਸੀ?
ਉੱਤਰ : ਇੱਕ ਰਾਤ ਤਾਇਆ ਡਿਗ ਗਿਆ ਤੇ ਜਿੱਥੇ ਉਹ ਡਿਗਿਆ ਸੀ ਉੱਥੇ ਘੋੜਿਆਂ ਦੀ ਲਿੱਦ ਪਈ ਸੀ। ਤਾਏ ਨੂੰ ਵਹਿਮ ਹੋ ਗਿਆ ਸੀ ਕਿ ਜੇਕਰ ਉਸ ਨੂੰ ਟੀਕਾ ਨਾ ਲੱਗਿਆ ਤਾਂ ਉਸ ਨੇ ਟੈਟਨਸ ਨਾਲ ਮਰ ਜਾਣਾ ਹੈ। ਇਸ ਕਰਕੇ ਤਾਏ ਨੇ ਅੱਧੀ ਰਾਤ ਨੂੰ ਡਾਕਟਰ ਦਾ ਬੂਹਾ ਖੁੱਲ੍ਹਵਾ ਕੇ ਟੈਟਨਸ ਦਾ ਟੀਕਾ ਲਗਵਾਇਆ।
ਪ੍ਰਸ਼ਨ 8. ਤਾਏ ਨੂੰ ਅਖ਼ਬਾਰ ਵਿੱਚ ਕਿਸੇ ਦੁਰਘਟਨਾ ਦੀ ਖ਼ਬਰ ਪੜ੍ਹ ਕੇ ਕਿਸ ਚੀਜ਼ ਬਾਰੇ ਵਹਿਮ ਹੋ ਜਾਂਦਾ ਸੀ?
ਉੱਤਰ : ਤਾਇਆ ਅਖ਼ਬਾਰ ਵਿੱਚ ਕਿਸੇ ਵੱਡੀ ਦੁਰਘਟਨਾ ਜਿਵੇਂ ਬੱਸਾਂ ਦੀ ਟੱਕਰ, ਰੇਲਾਂ ਦੀ ਟੱਕਰ ਜਾਂ ਕੋਈ ਜਹਾਜ਼ ਦੀ ਦੁਰਘਟਨਾ ਆਦਿ ਬਾਰੇ ਪੜ੍ਹ ਲੈਂਦਾ ਸੀ ਤਾਂ ਤਾਏ ਨੂੰ ਇਹ ਵਹਿਮ ਰਹਿੰਦਾ ਸੀ ਕਿ ਦੁਰਘਟਨਾ ਕਿਤੇ ਵੀ ਹੋਈ ਹੋਵੇ, ਉਸ ਦੀ ਜਾਣ-ਪਛਾਣ ਦਾ ਕੋਈ ਨਾ ਕੋਈ ਆਦਮੀ ਜੇ ਮਰਿਆ ਨਾ ਹੋਵੇ ਪਰ ਫੱਟੜ ਤਾਂ ਜ਼ਰੂਰ ਹੋਇਆ ਹੋਵੇਗਾ।
ਪ੍ਰਸ਼ਨ 9. ਜੇਕਰ ਕੋਈ ਤਾਏ ਦਾ ਹਾਲ-ਚਾਲ ਪੁੱਛਦਾ ਤਾਂ ਤਾਇਆ ਅੱਗੋਂ ਕੀ ਜਵਾਬ ਦਿੰਦਾ ਸੀ?
ਉੱਤਰ : ਤਾਇਆ ਚੰਗਾ ਤਕੜਾ ਸੀ, ਘਰ-ਪਰਿਵਾਰ ਵਿੱਚ ਸਭ ਕੁਝ ਠੀਕ-ਠਾਕ ਸੀ। ਪਰ ਫਿਰ ਵੀ ਜਦ
ਕੋਈ ਤਾਏ ਦਾ ਹਾਲ ਪੁੱਛਦਾ ਸੀ ਤਾਂ ਤਾਇਆ ਇਹੋ ਹੀ ਕਹਿੰਦਾ ਸੀ ਕਿ ਬਹੁਤ ਮਾੜਾ ਹਾਲ ਹੈ। ਇਹ ਕਹਿ ਕੇ ਤਾਇਆ ਛੱਤੀ ਸੌ ਬਿਮਾਰੀਆਂ ਦੇ ਨਾਂ ਗਿਣਵਾ ਦਿੰਦਾ ਜਿਵੇਂ ਅਫਾਰਾ, ਚੱਕਰ ਆਉਣਾ, ਹਾਜ਼ਮਾ ਖ਼ਰਾਬ ਹੋਣਾ, ਸਾਹ ਦਾ ਫੁੱਲਣਾ, ਹੱਥ-ਪੈਰ ਨਾ ਚੱਲਣਾ ਆਦਿ। ਤਾਇਆ ਇਸ ਤੋਂ ਇਲਾਵਾ ਡੰਗਰਾਂ ਦੇ ਵੀ ਬਿਮਾਰ ਹੋਣ ਦੀ ਸ਼ਿਕਾਇਤ ਕਰਦਾ ਸੀ।
ਪ੍ਰਸ਼ਨ 10. ਇੱਕ ਮਸ਼ਹੂਰ ਅਤੇ ਵੱਡੇ ਆਦਮੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦੀ ਖ਼ਬਰ ਸੁਣ ਕੇ ਤਾਏ ਨੂੰ ਕਿਹੜਾ ਵਹਿਮ ਪੈ ਗਿਆ?
ਉੱਤਰ : ਮਸ਼ਹੂਰ ਆਦਮੀ ਦੀ ਦਿਲ ਦੇ ਦੌਰੇ ਨਾਲ ਹੋਈ ਮੌਤ ਦੀ ਖ਼ਬਰ ਸੁਣ ਕੇ ਤਾਏ ਨੂੰ ਵੀ ਇਹ ਵਹਿਮ ਪੈ ਗਿਆ ਕਿ ਉਸ ਨੂੰ ਵੀ ਦਿਲ ਦਾ ਦੌਰਾ ਪੈਣ ਵਾਲਾ ਹੈ। ਉਹ ਸੱਜੀ ਵੱਖੀ ਉੱਤੇ ਹੱਥ ਰੱਖ ਕੇ ਲੇਖਕ ਕੋਲ ਗਿਆ ਅਤੇ ਕਹਿਣ ਲੱਗਾ ਕਿ ਉਸ ਦਾ ਦਿਲ ਧੜਕ ਨਹੀਂ ਰਿਹਾ। ਲੇਖਕ ਨੇ ਤਾਏ ਨੂੰ ਸਮਝਾਇਆ ਕਿ ਦਿਲ ਸੱਜੇ ਪਾਸੇ ਨਹੀਂ ਸਗੋਂ ਖੱਬੇ ਪਾਸੇ ਹੁੰਦਾ ਹੈ।
ਪ੍ਰਸ਼ਨ 11. ਮਾਂਦਰੀ ਨੇ ਤਾਏ ਨੂੰ ਕਿਹੜਾ ਵਹਿਮ ਪਾ ਦਿੱਤਾ ਤੇ ਲੇਖਕ ਨੇ ਤਾਏ ਦਾ ਉਹ ਵਹਿਮ ਕਿਵੇਂ ਦੂਰ ਕੀਤਾ?
ਉੱਤਰ : ਮਾਂਦਰੀ ਨੇ ਤਾਏ ਨੂੰ ਕਿਹਾ ਕਿ ਉਸ ਦਾ (ਤਾਏ ਦਾ) ਤਾਂ ਸਿਰ ਹੀ ਨਹੀਂ ਹੈ। ਉਸ ਦੀ ਗੱਲ ਸੁਣ ਕੇ ਤਾਇਆ ਵੀ ਕਹਿਣ ਲੱਗਾ ਕਿ ਉਸ ਦਾ ਸਿਰ ਨਹੀਂ ਹੈ। ਲੇਖਕ ਨੇ ਬੜੀ ਮੁਸ਼ਕਲ ਨਾਲ ਤਾਏ ਨੂੰ ਇਹ ਸਮਝਾਇਆ ਕਿ ਜੇਕਰ ਤਾਏ ਦਾ ਸਿਰ ਨਹੀਂ ਹੈ ਤਾਂ ਉਸ ਨੇ ਪਗੜੀ ਕਿਵੇਂ ਬੰਨ੍ਹੀ ਹੋਈ ਹੈ।