‘ਸੋ ਕਿਉ ਮੰਦਾ ਆਖੀਐ’ – ਸ੍ਰੀ ਗੁਰੂ ਨਾਨਕ ਦੇਵ ਜੀ


ਪ੍ਰਸ਼ਨ – ਉੱਤਰ


ਪ੍ਰਸ਼ਨ 1. ‘ਸੋ ਕਿਉ ਮੰਦਾ ਆਖੀਐ’ ਸ਼ਬਦ ਦਾ ਕੇਂਦਰੀ ਭਾਵ ਲਿਖੋ।

ਉੱਤਰ : ‘ਸੋ ਕਿਉ ਮੰਦਾ ਆਖੀਐ’ ਸ਼ਬਦ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ : ਮਨੁੱਖੀ ਜੀਵਨ ਵਿੱਚ ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ। ਮਨੁੱਖ ਉਸ ਤੋਂ ਹੀ ਪੈਦਾ ਹੁੰਦਾ ਹੈ, ਉਸ ਨਾਲ ਹੀ ਵਿਆਹਿਆ ਜਾਂਦਾ ਹੈ ਅਤੇ ਉਸ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ। ਇਸਤਰੀ ਤੋਂ ਹੀ ਰਿਸ਼ਤੇਦਾਰੀਆਂ ਪੈਦਾ ਹੁੰਦੀਆਂ ਹਨ। ਇਸਤਰੀ ਤੋਂ ਬਿਨਾਂ ਕੋਈ ਵੀ ਮਨੁੱਖ ਪੈਦਾ ਨਹੀਂ ਹੋ ਸਕਦਾ। ਇਸਤਰੀ ਤੋਂ ਬਿਨਾਂ ਕੇਵਲ ਸੱਚਾ ਪਰਮਾਤਮਾ ਹੀ (ਹੋਂਦ ਵਿੱਚ ਆਇਆ) ਹੈ। ਰਾਜਿਆਂ ਅਥਵਾ ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦੇਣ ਵਾਲੀ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ।

ਪ੍ਰਸ਼ਨ 2. ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ। ਸੰਖੇਪ ਵਿੱਚ ਵਰਨਣ ਕਰੋ।

ਉੱਤਰ : ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਇਸਤਰੀ/ਔਰਤ ਦੀ ਮਹਾਨਤਾ ਦੱਸੀ ਗਈ ਹੈ। ਮਨੁੱਖ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦਾ ਹੈ ਅਤੇ ਇਸਤਰੀ ਹੀ ਉਸ ਨੂੰ ਪਾਲਦੀ ਹੈ। ਇਸਤਰੀ ਨਾਲ ਹੀ ਉਸ ਦੀ ਮੰਗਣੀ ਤੇ ਵਿਆਹ ਹੁੰਦਾ ਹੈ ਅਤੇ ਉਸ ਨਾਲ ਹੀ ਪਿਆਰ ਹੁੰਦਾ ਹੈ। ਇਸਤਰੀ ਤੋਂ ਹੀ ਪਰਿਵਾਰ/ਵੰਸ਼ ਅੱਗੇ ਵਧਣ ਦਾ ਰਾਹ ਚੱਲਦਾ ਹੈ। ਇੱਕ ਪਤਨੀ ਦੇ ਮਰਨ ‘ਤੇ ਦੂਜੀ ਦੀ ਭਾਲ ਕੀਤੀ ਜਾਂਦੀ ਹੈ। ਇਸਤਰੀ ਤੋਂ ਹੀ ਰਿਸ਼ਤੇਦਾਰੀ ਬਣਦੀ ਹੈ। ਕੋਈ ਵੀ ਮਨੁੱਖ ਅਜਿਹਾ ਨਹੀਂ ਜੋ ਇਸਤਰੀ ਤੋਂ ਪੈਦਾ ਨਾ ਹੋਇਆ ਹੋਵੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਜ਼ਰੂਰਤ ਤੇ ਉਸ ਦੀ ਮਹਾਨਤਾ ਨੂੰ ਪ੍ਰਗਟਾਇਆ ਹੈ।

ਪ੍ਰਸ਼ਨ 3. ਹੇਠ ਦਿੱਤੀਆਂ ਕਾਵਿ-ਸਤਰਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਉੱਤਰ : ਪ੍ਰਸੰਗ : ਇਹ ਕਾਵਿ-ਸਤਰਾਂ ‘ਸਾਹਿਤ-ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਸੋ ਕਿਉ ਮੰਦਾ ਆਖੀਐ’ ਵਿੱਚੋਂ ਲਈਆਂ ਗਈਆਂ ਹਨ। ਇਸ ਰਚਨਾ ਵਿੱਚ ਗੁਰੂ ਜੀ ਨੇ ਸੰਸਾਰ ਵਿੱਚ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਇਹ ਸਿੱਖਿਆ ਦਿੱਤੀ ਹੈ ਕਿ ਉਸ ਇਸਤਰੀ/ਔਰਤ ਨੂੰ ਮੰਦਾ/ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ ਜੋ ਰਾਜਿਆਂ ਭਾਵ ਵੱਡੇ/ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ। ਇਹ ਸਤਰਾਂ ਇਸੇ ਪ੍ਰਸੰਗ ਵਿੱਚ ਹਨ।

ਵਿਆਖਿਆ : ਸੰਸਾਰ ਵਿੱਚ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਂਦੇ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਇੱਕ ਇਸਤਰੀ/ਪਤਨੀ ਦੇ ਮਰਨ ਤੋਂ ਬਾਅਦ ਦੂਜੀ ਇਸਤਰੀ/ਪਤਨੀ ਦੀ ਭਾਲ/ਤਲਾਸ਼ ਕੀਤੀ ਜਾਂਦੀ ਹੈ। ਇਸਤਰੀ ਤੋਂ ਹੀ ਸੰਸਾਰ/ਸੰਤਾਨ ਦੀ ਉਤਪਤੀ ਦਾ ਰਾਹ/ਸਿਲਸਿਲਾ ਭਾਵ ਸਮਾਜਿਕ ਬੰਧੇਜ/ਸੰਬੰਧ/ਰਿਸ਼ਤੇਦਾਰੀ ਅਥਵਾ ਸਮਾਜ ਦਾ ਪ੍ਰਬੰਧ ਅੱਗੇ ਚੱਲਦਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਉਸ ਇਸਤਰੀ/ਔਰਤ ਨੂੰ ਮੰਦਾ ਜਾਂ ਬੁਰਾ-ਭਲਾ ਕਿਉਂ ਕਿਹਾ ਜਾਵੇ ਜੋ ਰਾਜਿਆਂ ਅਥਵਾ ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਇਸਤਰੀ ਨੂੰ ਬੁਰਾ-ਭਲਾ ਨਾ ਕਹਿਣ ਦੀ ਸਿੱਖਿਆ ਦਿੰਦੇ ਹਨ।

ਪਸ਼ਨ 4. ‘ਸੋ ਕਿਉ ਮੰਦਾ ਆਖੀਐ’ ਦੇ ਵਿਸ਼ੇ ਬਾਰੇ 50-60 ਸ਼ਬਦਾਂ ਚ ਜਾਣਕਾਰੀ ਦਿਓ।

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਸੋ ਕਿਉ ਮੰਦਾ ਆਖੀਐ’ ਦਾ ਵਿਸ਼ਾ ਇਸਤਰੀ ਦੇ ਮਹੱਤਵ ਨੂੰ ਪ੍ਰਗਟਾਉਣਾ ਹੈ। ਭਾਰਤੀ ਸਮਾਜ ਵਿੱਚ ਇਸਤਰੀ ਦੇ ਦਰਜੇ ਨੂੰ ਉੱਚਾ ਚੁੱਕਣ ਵਿੱਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਇਸਤਰੀ ਨੂੰ ਮੰਦਾ/ਬੁਰਾ-ਭਲਾ ਕਿਉਂ ਆਖਿਆ ਜਾਵੇ ਜਿਸ ਦੀ ਕੁੱਖੋਂ ਰਾਜੇ ਅਥਵਾ ਵੱਡੇ-ਵੱਡੇ ਲੋਕ ਜਨਮ ਲੈਂਦੇ ਹਨ। ਅਸੀਂ ਸਾਰੇ ਉਸ ਦੀ ਕੁੱਖ ਤੋਂ ਹੀ ਪੈਦਾ ਹੋਏ ਹਾਂ। ਇਸਤਰੀ ਨਾਲ਼ ਹੀ ਮਾਂ ਤੇ ਪਤਨੀ ਦੇ ਮਹੱਤਵਪੂਰਨ ਰਿਸ਼ਤੇ ਜੁੜੇ ਹੋਏ ਹਨ। ਇਸਤਰੀ ਰਾਹੀਂ ਹੀ ਸਾਡਾ ਸੰਸਾਰਿਕ ਸੰਬੰਧ ਜੁੜਦਾ ਹੈ। ਉਸ ਰਾਹੀਂ ਹੀ ਪਰਿਵਾਰਿਕ ਵਿਕਾਸ ਦਾ ਰਾਹ ਚੱਲਦਾ ਹੈ।

ਪ੍ਰਸ਼ਨ 5. ਔਰਤ ਦਾ ਅਪਮਾਨ ਕਿਉਂ ਨਹੀਂ ਕਰਨਾ ਚਾਹੀਦਾ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਵਿੱਚ ਗੁਰੂ ਜੀ ਨੇ ਵੱਖ-ਵੱਖ ਉਦਾਹਰਨਾਂ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਸ਼ ਕੀਤੀ ਹੈ ਕਿ ਔਰਤ ਤ੍ਰਿਸਕਾਰ ਦੀ ਨਹੀਂ ਸਗੋਂ ਸਤਿਕਾਰ ਦੀ ਪਾਤਰ ਹੈ। ਮਨੁੱਖ ਜਿਸ ਔਰਤ ਦੀ ਕੁੱਖ ਤੋਂ ਪੈਦਾ ਹੁੰਦਾ ਹੈ ਅਤੇ ਜਿਹੜੀ ਔਰਤ ਬੱਚੇ ਦੀ ਪਾਲਣਾ ਕਰਦੀ ਹੈ ਉਸ ਦਾ ਅਪਮਾਨ ਨਹੀਂ ਸਗੋਂ ਸਤਿਕਾਰ ਕਰਨਾ ਚਾਹੀਦਾ ਹੈ। ਇਸ ਸੰਸਾਰ ‘ਤੇ ਪਰਮਾਤਮਾ ਤੋਂ ਬਿਨਾਂ ਹਰ ਮਨੁੱਖ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਔਰਤ ਨਾਲ ਹੀ ਮਰਦ ਵਿਆਹ ਕਰਦਾ ਹੈ। ਜਿਹੜੀ ਇਸਤਰੀ  ਜੀਵਨ ਭਰ ਇੱਕ ਮਿੱਤਰ ਵਾਂਗ ਮਰਦ ਦਾ ਸਾਥ ਦਿੰਦੀ ਹੈ ਅਤੇ ਜੋ ਮਨੁੱਖ ਜਾਤੀ ਨੂੰ ਅੱਗੇ ਤੋਰਨ ਦਾ ਰਾਹ ਖੋਲਦੀ ਹੈ, ਉਸ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਜੀਵਨ ਵਿੱਚ ਮਰਦ ਲਈ ਔਰਤ ਦੀ ਏਨੀ ਲੋੜ ਹੈ ਕਿ ਇੱਕ ਪਤਨੀ ਦੇ ਮਰ ਜਾਣ ‘ਤੇ ਦੂਜੀ ਦੀ ਤਲਾਸ਼ ਕੀਤੀ ਜਾਂਦੀ ਹੈ। ਉਸ ਦਾ ਅਪਮਾਨ ਕਰਨਾ ਬੇਸਮਝੀ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਹੜੀ ਇਸਤਰੀ/ਔਰਤ ਰਾਜਿਆਂ ਅਥਵਾ ਸ੍ਰੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਮੰਦਾ ਭਾਵ ਬੁਰਾ-ਭਲਾ ਨਹੀਂ ਕਿਹਾ ਜਾਣਾ ਚਾਹੀਦਾ।

ਪ੍ਰਸ਼ਨ 6. ‘ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥’ ਇਸ ਕਾਵਿ-ਤੁਕ ਦੀ ਵਿਆਖਿਆ ਕਰੋ।

ਉੱਤਰ : ‘ਸੋ ਕਿਉ ਮੰਦਾ ਆਖੀਐ’ ਨਾਂ ਦੇ ਸ਼ਬਦ/ਸਲੋਕ ਦੀ ਇਹ ਤੁਕ ਇਸਤਰੀ/ਔਰਤ ਦੇ ਮਹੱਤਵ ਨੂੰ ਪ੍ਰਗਟਾਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਇਸਤਰੀ ਨਾਲ ਹੀ ਮਨੁੱਖ ਦੀ ਮਿੱਤਰਤਾ ਅਥਵਾ ਪਿਆਰ ਪੈਦਾ ਹੁੰਦਾ ਹੈ, ਭਾਵ ਸੰਸਾਰਿਕ ਸੰਬੰਧ ਜੁੜਦਾ ਹੈ। ਇਸਤਰੀ ਤੋਂ ਹੀ ਸੰਸਾਰਿਕ ਉਤਪਤੀ ਦਾ ਰਾਹ ਅੱਗੇ ਚੱਲਦਾ/ਵਧਦਾ ਹੈ। ਇਸ ਤਰ੍ਹਾਂ ਇਸ ਕਾਵਿ-ਤੁਕ ਵਿੱਚ ਗੁਰੂ ਜੀ ਔਰਤ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਦੇ ਹਨ।

ਪ੍ਰਸ਼ਨ 7. ਹੇਠ ਦਿੱਤੀ ਕਾਵਿ-ਤੁਕ ਵਿੱਚ ਗੁਰੂ ਨਾਨਕ ਦੇਵ ਜੀ ਕੀ ਕਹਿਣਾ ਚਾਹੁੰਦੇ ਹਨ?

“ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥”

ਉੱਤਰ : ਇਸ ਕਾਵਿ-ਤੁਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਕਹਿਣਾ ਚਾਹੁੰਦੇ ਹਨ ਕਿ ਇਸ ਸੰਸਾਰ ਵਿੱਚ ਔਰਤ/ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਲਈ ਜਦੋਂ ਇੱਕ/ਪਹਿਲੀ ਪਤਨੀ/ਇਸਤਰੀ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਦੂਜੀ ਇਸਤਰੀ/ ਪਤਨੀ ਦੀ ਭਾਲ ਕੀਤੀ ਜਾਂਦੀ ਹੈ ਕਿਉਂਕਿ ਇਸਤਰੀ ਰਾਹੀਂ ਹੀ ਸਮਾਜਿਕ ਬੰਧੇਜ ਹੁੰਦਾ ਹੈ ਭਾਵ ਔਰਤ ਹੀ ਗ੍ਰਿਹਸਤ ਜੀਵਨ ਅਤੇ ਸਮਾਜ ਦੇ ਪ੍ਰਬੰਧ ਨੂੰ ਅੱਗੇ ਚਲਾਉਂਦੀ ਹੈ। ਉਹ ਹੀ ਕੁਲ ਨੂੰ ਅੱਗੇ ਤੋਰਦੀ ਹੈ।

ਪ੍ਰਸ਼ਨ 8. ‘ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ’ ਕਾਵਿ-ਤੁਕ ਦਾ ਭਾਵ-ਅਰਥ ਕੀ ਹੈ?

ਉੱਤਰ : ‘ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ’ ‘ਕਾਵਿ-ਤੁਕ ਦਾ ਭਾਵ-ਅਰਥ ਇਹ ਹੈ ਕਿ ਔਰਤ/ਇਸਤਰੀ ਤੋਂ ਹੀ ਔਰਤ/ ਇਸਤਰੀ ਪੈਦਾ ਹੁੰਦੀ ਹੈ। ਕੋਈ ਵੀ ਮਨੁੱਖ ਅਜਿਹਾ ਨਹੀਂ ਜੋ ਇਸਤਰੀ ਤੋਂ ਬਿਨਾਂ ਪੈਦਾ ਹੁੰਦਾ ਹੋਵੇ। ਔਰਤ ਹੀ ਔਰਤ ਅਤੇ ਮਰਦ ਨੂੰ ਪੈਦਾ ਕਰਨ ਵਾਲੀ ਹੈ। ਇਸ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਜਾਤੀ ਨੂੰ ਅੱਗੇ ਚਲਾਉਣ ਵਿੱਚ ਇਸਤਰੀ ਦੇ ਯੋਗਦਾਨ ਦਾ ਵਰਨਣ ਕਰਦੇ ਹਨ।

ਪ੍ਰਸ਼ਨ 9. ‘ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ’ ਕਾਵਿ-ਤੁਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਦੱਸਦੇ ਹਨ?

ਉੱਤਰ : ‘ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ’ ਕਾਵਿ-ਤੁਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਦੱਸਦੇ ਹਨ ਕਿ ਕੋਈ ਵੀ ਅਜਿਹਾ ਮਨੁੱਖ ਜਾਂ ਇਸਤਰੀ ਨਹੀਂ ਜਿਸ ਦਾ ਜਨਮ ਬਿਨਾਂ ਔਰਤ/ਇਸਤਰੀ ਦੇ ਹੋਇਆ ਹੋਵੇ। ਇਸ ਦੇ ਨਾਲ ਹੀ ਗੁਰੂ ਜੀ ਇਹ ਦੱਸਦੇ ਹਨ ਕਿ ਕੇਵਲ ਸੱਚਾ ਪਰਮਾਤਮਾ ਹੀ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਹੋਇਆ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਪਰਮਾਤਮਾ ਨੂੰ ਹੀ ਇਸਤਰੀ ਤੋਂ ਉੱਚਾ ਦਰਜਾ ਦੇਣਾ ਚਾਹੁੰਦੇ ਹਨ।

ਪ੍ਰਸ਼ਨ 10 ਹੇਠ ਦਿੱਤੀਆਂ ਕਾਵਿ-ਸਤਰਾਂ ਦਾ ਭਾਵ-ਅਰਬ ਲਿਖੋ :

ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥

ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥

ਉੱਤਰ : ਇਹਨਾਂ ਸਤਰਾਂ ਦਾ ਭਾਵ-ਅਰਥ ਇਹ ਹੈ ਕਿ ਜਿਹੜੇ ਮਨੁੱਖ ਹਮੇਸ਼ਾਂ ਪਰਮਾਤਮਾ ਦਾ ਸਿਮਰਨ ਅਥਵਾ ਉਸ ਦੀ ਭਗਤੀ ਜਾਂ ਸਰਾਹਨਾ ਕਰਦੇ ਹਨ ਉਹ ਚੰਗੇ ਭਾਗਾਂ ਵਾਲੇ ਹਨ। ਅਜਿਹੇ ਵਿਅਕਤੀ ਹੀ ਪਰਮਾਤਮਾ ਦੇ ਸੱਚੇ ਦਰਬਾਰ ਵਿੱਚ ਪ੍ਰਵਾਨ ਹੁੰਦੇ ਹਨ। ਇਸ ਤਰ੍ਹਾਂ ਗੁਰੂ ਜੀ ਇਹ ਦੱਸਣਾ ਚਾਹੁੰਦੇ ਹਨ ਕਿ ਨਾਮ ਦੀ ਕਮਾਈ ਕਰਨ ਵਾਲੇ ਵਿਅਕਤੀ ਹੀ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੁੰਦੇ ਹਨ।

ਪ੍ਰਸ਼ਨ 11. ‘ਸੋ ਕਿਉ ਮੰਦਾ ਆਖੀਐ’ ਨਾਂ ਦੇ ਸਲੋਕ/ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਸਿੱਖਿਆ ਦਿੰਦੇ ਹਨ?

ਉੱਤਰ : ਇਸ ਸਲੋਕ/ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸਿੱਖਿਆ ਦਿੰਦੇ ਹਨ ਕਿ ਕਿਸੇ ਹਾਲਤ ਵਿੱਚ ਵੀ ਇਸਤਰੀ/ ਔਰਤ ਨੂੰ ਮਰਦ ਤੋਂ ਨੀਵੀਂ ਨਹੀਂ ਸਮਝਣਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਔਰਤ ਤੋਂ ਹੀ ਸੰਸਾਰਿਕ ਸੰਬੰਧ ਜੁੜਦਾ ਹੈ ਅਤੇ ਔਰਤ ਤੋਂ ਹੀ ਪਰਿਵਾਰਿਕ ਵਿਕਾਸ ਦਾ ਰਾਹ ਖੁੱਲ੍ਹਦਾ ਹੈ। ਇਸਤਰੀ ਹੀ ਰਾਜਿਆਂ-ਮਹਾਰਾਜਿਆਂ ਅਥਵਾ ਵੱਡੇ ਪੁਰਸ਼ਾਂ ਨੂੰ ਜਨਮ ਦੇਣ ਵਾਲੀ ਹੈ। ਉਸ ਨੂੰ ਕਿਸੇ ਹਾਲਤ ਵਿੱਚ ਵੀ ਮੰਦਾ ਕਹਿਣਾ ਠੀਕ ਨਹੀਂ— ਇਹੀ ਇਸ ਸਲੋਕ/ਸ਼ਬਦ ਦੀ ਸਭ ਤੋਂ ਵੱਡੀ ਸਿੱਖਿਆ ਹੈ।

ਪ੍ਰਸ਼ਨ 12. ‘ਸੋ ਕਿਉ ਮੰਦਾ ਆਖੀਐ’ ਨਾਂ ਦੀ ਰਚਨਾ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਸੋ ਕਿਉ ਮੰਦਾ ਆਖੀਐ’ ਸਿਰਲੇਖ ਹੇਠ ਦਰਜ ਰਚਨਾ ‘ਆਸਾ ਦੀ ਵਾਰ’ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸਲੋਕ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਵੱਖ-ਵੱਖ ਦਲੀਲਾਂ ਰਾਹੀਂ ਇਸਤਰੀ/ਔਰਤ ਦੀ ਲੋੜ, ਮਹਾਨਤਾ ਅਤੇ ਮਨੁੱਖ-ਜਾਤੀ ਨੂੰ ਅੱਗੇ ਤੋਰਨ ਵਿੱਚ ਉਸ ਦੀ ਭੂਮਿਕਾ ਦਾ ਬਿਆਨ ਕੀਤਾ ਹੈ। ਗੁਰੂ ਸਾਹਿਬ ਨੇ ਪ੍ਰਭਾਵਸ਼ਾਲੀ ਦਲੀਲਾਂ ਰਾਹੀਂ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ। ਆਪ ਨੇ ਭੰਡਿ, ਭੰਡ, ਭੰਡਹੁ ਸ਼ਬਦਾਂ ਦੀ ਵਾਰ-ਵਾਰ ਵਰਤੋਂ ਕਰ ਕੇ ਇਸ ਰਚਨਾ ਵਿੱਚ ਇੱਕ ਸੰਗੀਤ ਪੈਦਾ ਕੀਤਾ ਹੈ। ਔਰਤ ਦੇ ਹੱਕ ਵਿੱਚ ਉਠਾਈ ਗਈ ਅਵਾਜ਼ ਲਈ ਢੁਕਵੀਂ ਭਾਸ਼ਾ-ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਇਸ ਸਲੋਕ ਦੀਆਂ ਤੁਕਾਂ ਦੇ ਅੰਤਲੇ ਸ਼ਬਦਾਂ ਦਾ ਤੁਕਾਂਤ ਮਿਲਾਇਆ ਗਿਆ ਹੈ; ਜਿਵੇਂ ਵੀਆਹੁ-ਰਾਹੁ, ਬੰਧਾਨ-ਰਾਜਾਨ, ਕੋਇ-ਸੋਇ, ਚਾਰਿ- ਦਰਬਾਰਿ। ਸਮੁੱਚੇ ਰੂਪ ਵਿੱਚ ਇਹ ਰਚਨਾ ਕਾਵਿ-ਕਲਾ ਦੀ ਦ੍ਰਿਸ਼ਟੀ ਤੋਂ ਉੱਤਮ ਅਤੇ ਪ੍ਰਭਾਵਸ਼ਾਲੀ ਹੈ।