ਵਹਿਮੀ ਤਾਇਆ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਵਹਿਮੀ ਤਾਇਆ – ਸੂਬਾ ਸਿੰਘ
ਪ੍ਰਸ਼ਨ 1 . ‘ਵਹਿਮੀ ਤਾਇਆ’ ਲੇਖ ਲਿਖਣ ਦਾ ਕੀ ਉਦੇਸ਼ ਹੈ ? ਸੰਖੇਪ ਅਤੇ ਢੁੱਕਵਾਂ ਉੱਤਰ ਦਿਓ।
ਉੱਤਰ – ਲੇਖਕ ਦੁਆਰਾ ‘ਵਹਿਮੀ ਤਾਇਆ’ ਲੇਖ ਲਿਖਣ ਦਾ ਉਦੇਸ਼ ਇਹ ਦੱਸਣਾ ਹੈ ਕਿ ਜਿਹੜੇ ਲੋਕ ਵਹਿਮਾਂ – ਭਰਮਾਂ ਵਿੱਚ ਫੱਸ ਕੇ ਆਪਣੇ ਆਪ ਮੁਸੀਬਤਾਂ ਵਿੱਚ ਫੱਸਦੇ ਹਨ, ਅਸਲੀਅਤ ਵਿੱਚ ਇਹ ਕੁਝ ਵੀ ਨਹੀਂ ਹਨ।
ਸਾਨੂੰ ਵਹਿਮਾਂ – ਭਰਮਾਂ ਵਿੱਚ ਫੱਸਣ ਦੀ ਬਜਾਏ ਹਕੀਕਤ ਨੂੰ ਪਛਾਨਣਾ ਚਾਹੀਦਾ ਹੈ। ਵਹਿਮ ਵਰਗੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ।
ਪ੍ਰਸ਼ਨ 2 . ‘ਵਹਿਮੀਆਂ ਨਾਲ਼ ਮੁਕਾਬਲਾ ਆਕਲ ਭੁੱਲ ਕਰੇਣ’ , ਵਹਿਮੀਆਂ ਨਾਲ਼ ਮੁਕਾਬਲਾ ਨਹੀਂ ਕੀਤਾ ਜਾ ਸਕਦਾ ? ਸੰਖੇਪ ਵਿੱਚ ਚਰਚਾ ਕਰੋ।
ਉੱਤਰ – ਵਹਿਮੀ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰੋ ਪਰ ਉਹ ਆਪਣੇ ਵਹਿਮਾਂ – ਭਰਮਾਂ ਨੂੰ ਤਿਆਗਣ ਲਈ ਕਦੀ ਵੀ ਰਾਜ਼ੀ ਨਹੀਂ ਹੁੰਦੇ।
ਅਕਲਮੰਦ ਬੰਦਾ ਭਾਵੇਂ ਵਹਿਮੀਆਂ ਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇਵੇ ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ। ਇਸੇ ਕਰਕੇ ਹੀ ਉਪਰੋਕਤ ਅਖਾਣ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਅਕਲਮੰਦ ਲੋਕ, ਵਹਿਮੀਆਂ ਨਾਲ਼ ਮੁਕਾਬਲਾ ਭੁੱਲ ਕੇ ਵੀ ਨਾ ਕਰਨ।
ਪ੍ਰਸ਼ਨ 3 . “ਹੋਰ ਹਰ ਬਿਮਾਰੀ ਦਾ ਇਲਾਜ਼ ਹੈ, ਪਰ ਵਹਿਮ ਕੌਣ ਹਟਾਏ ?” ਇਸ ਕਥਨ ਦੇ ਪੱਖ ਜਾਂ ਵਿਰੋਧ ਵਿੱਚ ਦਲੀਲਾਂ ਦਿਓ।
ਉੱਤਰ – ਇਹ ਕਥਨ ਠੀਕ ਹੈ ਕਿ ਹੋਰ ਹਰ ਬੀਮਾਰੀ ਦਾ ਇਲਾਜ਼ ਹੈ, ਪਰ ਵਹਿਮ ਦਾ ਇਲਾਜ਼ ਮੁਸ਼ਕਿਲ ਹੈ।
ਵਹਿਮੀ ਲੋਕ ਨਿਰਾਸ਼ਾਵਾਦੀ ਬਣ ਜਾਂਦੇ ਹਨ। ਉਹ ਆਪਣਾ ਹਰ ਕੰਮ ਡਰ – ਡਰ ਕੇ ਕਰਦੇ ਹਨ। ਕਈ ਵਾਰੀ ਉਨ੍ਹਾਂ ਨੂੰ ਪ੍ਰਤੱਖ ਉਦਾਹਰਨਾਂ ਦੇ ਕੇ ਸਮਝਾਉਣ ਦੇ ਬਾਵਜੂਦ ਵੀ ਉਹ ਵਹਿਮਾਂ ਦੀ ਅਸਲੀਅਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ।
ਜਿਸ ਤਰ੍ਹਾਂ ਬੀਮਾਰੀ ਆ ਤਾਂ ਜਾਂਦੀ ਹੈ ਪਰ ਉਸ ਨੂੰ ਜਾਣ ਲਈ ਸਮਾਂ ਲੱਗਦਾ ਹੈ । ਠੀਕ ਉਸੇ ਤਰ੍ਹਾਂ ਵਹਿਮੀ ਦੇ ਵਹਿਮ ਨੂੰ ਤਰਕ ਨਾਲ਼ ਹੌਲ਼ੀ – ਹੌਲ਼ੀ ਵਧੀਆ ਢੰਗ ਨਾਲ਼ ਸਮਝਾਉਣ ‘ਤੇ ਹੋ ਸਕਦਾ ਹੈ ਕਿ ਉਹ ਤੁਹਾਡੀ ਗੱਲ ਅਤੇ ਦਲੀਲ ਨੂੰ ਸਮਝ ਕੇ ਸਿੱਧੇ ਰਸਤੇ ‘ਤੇ ਆ ਜਾਵੇ।
ਪ੍ਰਸ਼ਨ 4 . ਵਹਿਮੀ ਤਾਇਆ ਲੇਖ ਵਿੱਚ ਤਾਇਆ ਮਨਸਾ ਰਾਮ ਦੇ ਕੁੱਝ ਦਿਲਚਸਪ ਵਹਿਮਾਂ ਦਾ ਜ਼ਿਕਰ ਕਰੋ।
ਉੱਤਰ – ਲੇਖ ‘ਵਹਿਮੀ ਤਾਇਆ’ ਵਿੱਚ ਲੇਖਕ ਨੇ ਤਾਇਆ ਮਨਸਾ ਰਾਮ ਦੇ ਬਹੁਤ ਸਾਰੇ ਦਿਲਚਸਪ ਵਹਿਮਾਂ ਨੂੰ ਪ੍ਰਗਟ ਕੀਤਾ ਹੈ। ਤਾਏ ਮਨਸਾ ਰਾਮ ਨੂੰ ਲੇਖ ਦੇ ਆਰੰਭ ਵਿੱਚ ਹੀ ਬੁਖ਼ਾਰ ਰੂਪੀ ਵਹਿਮ ਦੇ ਭੂਤ ਨੇ ਜਕੜ ਲਿਆ।
ਉਸ ਤੋਂ ਬਾਅਦ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਹਰ ਇੱਕ ਬੰਦੇ ਦੇ ਸਰੀਰ ਨਾਲ਼ ਬੀਮਾਰੀ ਦੇ ਕੀਟਾਣੂੰ ਜੁੜੇ ਹੁੰਦੇ ਹਨ।
ਕੀਟਾਣੂੰਆਂ ਦਾ ਵਹਿਮ ਅਜੇ ਮੱਠਾ ਹੀ ਪੈਂਦਾ ਹੈ ਕਿ ਕੁੱਤਿਆਂ ਦੇ ਵੱਢਣ ਦਾ ਡਰ ਅਤੇ ਉਨ੍ਹਾਂ ਦੀ ਮਾੜੀ ਹਵਾੜ ਦਾ ਵਹਿਮ ਤਾਏ ਨੂੰ ਦੁਖੀ ਕਰ ਮਾਰਦਾ ਹੈ।
ਘੋੜੇ ਦੀ ਲਿੱਦ ਉੱਪਰੋਂ ਤਿਲਕ ਕੇ ਟੈਟਨਸ ਦਾ ਟੀਕਾ ਲਗਵਾਉਣ ਦੀ ਜਿੱਦ ਵੀ ਤਾਏ ਦੇ ਵਹਿਮ ਨੂੰ ਉਜਾਗਰ ਕਰਦੀ ਹੈ।
ਕਿਸੇ ਵੱਡੇ ਆਦਮੀ ਦੇ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋਣ ‘ਤੇ ਤਾਏ ਨੂੰ ਆਪਣਾ ਫਿਕਰ ਪੈ ਜਾਂਦਾ ਹੈ। ਸਿੰਗ ਮਾਰਨ ਵਾਲ਼ੀ ਬੱਕਰੀ ਪ੍ਰਤੀ ਤਾਏ ਮਨਸਾ ਰਾਮ ਦਾ ਵਹਿਮ ਹਾਸਰਸ ਦੇ ਨਾਲ਼ – ਨਾਲ਼ ਲੇਖ ਨੂੰ ਦਿਲਚਸਪ ਵੀ ਬਣਾਉਂਦਾ ਹੈ।
ਪ੍ਰਸ਼ਨ 5 . ਹੇਠ ਲਿਖੇ ਮੁਹਾਵਰਿਆਂ ਦੇ ਵਾਕ ਬਣਾ ਕੇ ਅਰਥ ਸਪਸ਼ੱਟ ਕਰੋ –
ਉੱਤਰ –
ਹੱਥਾਂ – ਪੈਰਾਂ ਦੀ ਪੈਣਾ (ਘਬਰਾ ਜਾਣਾ) – ਪੁਲਿਸ ਨੇ ਪਿੰਡ ਵਿੱਚ ਜਦੋਂ ਛਾਪਾ ਮਾਰਿਆ ਤਾਂ ਨਜਾਇਜ਼ ਤੌਰ ‘ਤੇ ਸ਼ਰਾਬ ਕੱਢ ਰਹੇ ਬੰਦਿਆਂ ਨੂੰ ਹੱਥਾਂ – ਪੈਰਾਂ ਦੀ ਪੈ ਗਈ। ਉਨ੍ਹਾਂ ਨੂੰ ਦੌੜਨ ਲਈ ਰਾਹ ਨਾ ਲੱਭਿਆ।
ਕਪਾਲ ਕਿਰਿਆ ਕਰਨਾ (ਬਿਲਕੁਲ ਖ਼ਤਮ ਕਰ ਦੇਣਾ) – ਪੰਜਾਬੀਆਂ ਦਾ ਇਹ ਸੁਭਾਅ ਹੈ ਕਿ ਉਹ ਆਪਣੇ ਦੁਸ਼ਮਣ ਦੀ ਕਪਾਲ ਕਿਰਿਆ ਕਰਕੇ ਹੀ ਸਾਹ ਲੈਂਦੇ ਹਨ।
ਹਰਨ ਚੌਕੜੀਆਂ ਭਰਨਾ (ਡਰ ਕੇ ਦੌੜਨਾ) – ਤਾਏ ਮਨਸਾ ਰਾਮ ਨੂੰ ਕੁੱਤਿਆਂ ਦੇ ਵੱਢਣ ਤੋਂ ਏਨਾ ਡਰ ਲੱਗ ਪਿਆ ਕਿ ਉਹ ਛੋਟੇ ਜਿਹੇ ਕਤੂਰੇ ਨੂੰ ਦੇਖ ਕੇ ਵੀ ਹਰਨ ਚੌਕੜੀਆਂ ਭਰਨ ਲੱਗ ਜਾਂਦਾ।
ਸਿੱਕਾ ਢਾਲਣਾ (ਕੰਮ ਕਰਨਾ ਔਖਾ ਹੋ ਜਾਣਾ) – ਵਧੇਰੇ ਬੀਮਾਰ ਰਹਿਣ ਕਰਕੇ ਮਨੋਹਰ ਸਿੰਘ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਉਸ ਦੀਆਂ ਲੱਤਾਂ ਵਿੱਚ ਸਿੱਕਾ ਢਾਲ਼ ਦਿੱਤਾ ਹੋਵੇ।
ਦੋਧੇ ਭੁਨਾਉਣਾ (ਸੋਖਾ ਕੰਮ ਕਰਾਉਣਾ) – ਅੱਧੀ ਰਾਤ ਨੂੰ ਜਦੋਂ ਮੋਹਣ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੈਂ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਪੁੱਛਿਆ ਕਿ ਗੱਲ ਠੀਕ ਤਾਂ ਹੈ? ਉਸ ਨੇ ਕਿਹਾ ਜੇ ਠੀਕ ਨਹੀਂ ਤਾਂ ਹੀ ਆਇਆ ਹਾਂ ਨਹੀਂ ਤਾਂ ਮੈਂ ਤੇਰੇ ਕੋਲੋਂ ਦੋਧੇ ਭੁਨਾਉਣੇ ਸੀ।