ਸੰਖੇਪ ਰਚਨਾ – ਮਨੁੱਖ ਜਾਤੀ ਦੀ ਏਕਤਾ


ਸਭ ਤੋਂ ਪਹਿਲੀ ਗੱਲ, ਜੋ ਨਵੇਂ ਜ਼ਮਾਨੇ ਦੀ ਦਿਸਦੀ ਹੈ, ਉਹ ਇਹ ਹੈ ਕਿ ਸੰਸਾਰ ਜੋ ਵੱਡਾ ਸਾਰਾ ਦਿਸਦਾ ਸੀ, ਹੁਣ ਨਿੱਕਾ ਜਿਹਾ ਭਾਸਣ ਲੱਗਾ ਹੈ। ਦੇਸ਼ ਤੇ ਕਾਲ ਦੀ ਵਿੱਥ ਬਹੁਤ ਘੱਟ ਗਈ ਹੈ। ਮਨੁੱਖਾਂ ਦੇ ਮੇਲਜੋਲ ਦੇ ਵਸੀਲੇ ਵਧ ਤੋਂ ਵਧ ਸੁਖੈਨ ਤੇ ਤੇਜ਼ ਹੋ ਰਹੇ ਹਨ, ਰੇਲਾਂ, ਮੋਟਰਾਂ ਤੇ ਹਵਾਈ ਜਹਾਜ਼ਾਂ ਨੇ ਦੇਸ਼ਾਂ ਤੇ ਮਨੁੱਖਾਂ ਦੇ ਵਿਚਕਾਰਲੀ ਵਿੱਥ ਬਹੁਤ ਘਟਾ ਦਿੱਤੀ ਹੈ। ਤਾਰ ਤੇ ਬੇਤਾਰ ਬਾਰਕੀ ਨੇ ਸਮੇਂ ਦੀ ਵਿੱਥ ਦਾ ਲਗਭਗ ਅਭਾਵ ਹੀ ਕਰ ਦਿੱਤਾ ਹੈ। ਇਸ ਮੇਲ-ਜੋਲ ਦੇ ਵਧ ਜਾਣ ਨਾਲ ਕੌਮਾਂ ਦੀ ਆਪੋ ਵਿਚ ਦੀ ਵਾਕਫੀ ਤੇ ਸਾਂਝ ਬਹੁਤ ਵਧ ਗਈ ਹੈ। ਸਾਹਿੱਤ ਬੋਲੀ ਤੇ ਖਿਆਲਾਂ ਦਾ ਵਟਾਂਦਰਾਂ ਮਨੁੱਖਾਂ ਦੀ ਸਮਝ, ਜਜ਼ਬੇ ਤੇ ਸਦਾਚਾਰ ਨੂੰ ਇੱਕੋ ਜਿਹਾ ਬਣਾ ਰਿਹਾ ਹੈ, ਇੱਥੋਂ ਤਕ ਕਿ ਖਾਣ-ਪੀਣ ਤੇ ਪਹਿਨਣ-ਢੰਗ ਵੀ ਇਕਮਈ ਹੋ ਰਹੇ ਹਨ। ਮਨੁੱਖ ਜਾਤੀ ਇਕ ਸਮਾਨ ਹੋ ਗਈ ਹੈ। ਹੁਣ ਲੋਕਾਂ ਨੂੰ ਭੂਗੋਲਿਕ ਅਤੇ ਨਸਲੀ ਵੰਡਾਂ ਬਹੁਤ ਚਿਰ ਅੱਡ ਨਹੀਂ ਰਖ ਸਕਣਗੀਆਂ ਅਤੇ ਨਾ ਹਕੂਮਤਾਂ ਦੇ ਅੱਡ-ਅੱਡ ਪ੍ਰਬੰਧ ਲੋਕਾਂ ਦੇ ਦਿਲਾਂ ਨੂੰ ਇਕ ਦੂਜੇ ਤੋਂ ਪਾੜ ਕੇ ਰਖ ਸਕਣਗੇ, ਕਿਉਂਕਿ ਰਹਿਣੀ-ਬਹਿਣੀ ਸਦਾਚਾਰ, ਵਿਦਿਆ, ਵਿਹਾਰ ਅਤੇ ਮਾਨਸਿਕ ਤੇ ਆਤਮਿਕ ਲੋੜਾਂ ਨੇ ਭੁਗੋਲਕ ਤੇ ਪੁਲੀਟੀਕਲ ਹਦ-ਬੰਨੇ ਟੱਪ ਕੇ ਲੋਕਾਂ ਅੰਦਰਲੇ ਜੀਵਨ ਨੂੰ ਸਾਂਝਾ ਬਣਾ ਦਿੱਤਾ ਹੈ। ਹੁਣ ‘ਮਾਣਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਵਾਲਾ ਹੁਕਮ ਪੂਰਾ ਹੋ ਰਿਹਾ ਹੈ। (206 ਸ਼ਬਦ)


ਉਪਰਲੇ ਪੈਰੇ ਵਿਚ ਸਇੰਸ ਦੀਆਂ ਨਵੀਆਂ ਕਾਢਾਂ ਦੇ ਕਾਰਨ ਮਨੁੱਖ ਜਾਤੀ ਦੇ ਪ੍ਰਸਪਰ ਵਧ ਰਹੇ ਮੇਲ-ਜੋਲ ਤੇ ਸਾਂਝ ਦਾ ਨਿਰੂਪਣ ਤੇ ਵਰਣਨ ਹੈ। ਇਹੀ ਇਸ ਦਾ ਢੁਕਵਾਂ ਸਿਰਲੇਖ ਹੋ ਸਕਦਾ ਹੈ। ਇਸ ਸਾਂਝ ਦੇ ਸਾਰੇ ਪੱਖਾਂ ਨੂੰ ਸੋਚ-ਸਮਝ, ਜਜ਼ਬੇ, ਸਦਾਚਾਰ ਤੇ ਰਹਿਣੀ-ਬਹਿਣੀ ਆਦਿ ਦੀ ਏਕਤਾ ਨੂੰ ਸੰਖੇਪ ਕਰਕੇ ਲਿਖਣ ਦੀ ਲੋੜ ਹੈ। ਪ੍ਰੈਸੀ ਇਉਂ ਬਣੇਗੀ :


ਸਿਰਲੇਖ : ਮਨੁੱਖ ਜਾਤੀ ਦੀ ਏਕਤਾ

ਆਧੁਨਿਕ ਜੁਗ ਵਿਚ ਆਵਾਜਾਈ ਦੇ ਤੇਜ਼ ਤੇ ਸੌਖੇ ਵਸੀਲਿਆਂ ਨੇ ਲੋਕਾਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ। ਤਾਰ ਤੇ ਟੈਲੀਫੋਨ ਆਦਿ ਕਾਢਾਂ ਨੇ ਸਮੇਂ ਤੇ ਥਾਂ ਦਾ ਫਰਕ ਮੇਟਦਿੱਤਾ ਹੈ। ਇਸ ਨਾਲ ਕੌਮਾਂ ਦਾ ਪ੍ਰਸਪਰ ਮੇਲਜੋਲ ਬਹੁਤ ਵਧ ਗਿਆ ਹੈ। ਇਸ ਵਧਦੀ ਸਾਂਝ ਨਾਲ ਖੁਰਾਕ ਤੇ ਪੁਸ਼ਾਕ ਤੋਂ ਛੁਟ ਲੋਕਾਂ ਦੀ ਰਹਿਣੀ-ਬਹਿਣੀ, ਸੋਚ ਵਿਚਾਰ ਤੇ ਅੰਦਰਲੇ ਜੀਵਨ ਵਿਚ ਵੀ ਸਮਾਨਤਾ ਆ ਰਹੀ ਹੈ ਤੇ ਮਨੁੱਖ ਜਾਤੀ ਅਰਥਾਂ ਵਿਚ ਇਕ ਹੋ ਰਹੀ ਹੈ। (75 ਸ਼ਬਦ)