ਲੇਖ : ਸਾਹਿਤ ਅਤੇ ਸਮਾਜ


ਸਾਹਿਤ ਅਤੇ ਸਮਾਜ


ਸਾਹਿਤ ਅਤੇ ਸਮਾਜ ਦਾ ਸੰਬੰਧ : ਇਸ ਕਥਨ ਨਾਲ ਹਰ ਕੋਈ ਸਹਿਮਤ ਹੈ ਕਿ ਸਾਹਿਤ ਦਾ ਸਮਾਜ ਨਾਲ ਅਤਿ ਗੂੜਾ ਸੰਬੰਧ ਹੈ। ਕੋਈ ਸਾਹਿਤ ਨੂੰ ‘ਜੀਵਨ ਦੀ ਵਿਆਖਿਆ’, ਕੋਈ ‘ਜੀਵਨ ਦੀ ਨਕਲ’ ਅਤੇ ਕੋਈ ‘ਜੀਵਨ ਦੀ ਹੂ-ਬ-ਹੂ ਤਸਵੀਰ’ ਆਖਦਾ ਹੈ। ਵਾਸਤਵ ਵਿੱਚ ਸਾਹਿਤ ਇੱਕ ਕਲਾ ਹੈ ਅਤੇ ਸਾਹਿਤਕਾਰ ਇੱਕ ਕਲਾਕਾਰ। ਕਲਾਕਾਰ ਆਪਣੀ ਕਲਾ ਲਈ ਸਮੱਗਰੀ ਆਪਣੇ ਆਲੇ-ਦੁਆਲੇ ਦੇ ਜੀਵਨ ਵਿੱਚੋਂ ਪ੍ਰਾਪਤ ਕਰਦਾ ਹੈ। ਇਸ ਆਲੇ-ਦੁਆਲੇ ਦੇ ਜੀਵਨ ਵਿੱਚ ਉਹ ਕੁਦਰਤੀ ਤੌਰ ‘ਤੇ ਆਪਣੀ ਕਲਾ ਦਾ ਵਿਸ਼ਾ ਮਨੁੱਖ ਨੂੰ ਬਣਾਉਂਦਾ ਹੈ ਕਿਉਂਕਿ ਮਨੁੱਖ ਹੀ ਸਮਾਜ ਦਾ ਜਨਮਦਾਤਾ ਹੈ। ਸਪੱਸ਼ਟ ਹੈ ਕਿ ਸਾਹਿਤਕਾਰ ਆਪਣੀ ਕਲਾ ਲਈ ਮਸਾਲਾ ਸਮਾਜ ਵਿੱਚੋਂ ਲੱਭਦਾ ਹੈ। ਇਸੇ ਕਰਕੇ ਕਿਸੇ ਸਮਾਜ ਦੇ ਸਾਹਿਤ ਵਿੱਚ ਉਸ ਦੇ ਲੋਕਾਂ ਦੀਆਂ ਗ਼ਮੀਆਂ-ਖ਼ੁਸ਼ੀਆਂ, ਦੁੱਖ-ਸੁਖ ਅਤੇ ਚੰਗੇ-ਮੰਦੇ ਨੂੰ ਵੇਖਿਆ ਜਾ ਸਕਦਾ ਹੈ; ਸਾਹਿਤ ਤੋਂ ਹੀ ਉਸ ਸਮਾਜ ਦੀ ਰਾਜਨੀਤਕ, ਆਰਥਿਕ, ਭਾਈਚਾਰਕ ਤੇ ਧਾਰਮਕ ਸਥਿਤੀ ਦਾ ਪਤਾ ਲੱਗਦਾ ਹੈ | ਗੁਰੂ ਨਾਨਕ ਦੇਵ ਜੀ ਦੀਆਂ ਨਿਮਨਲਿਖਤ ਪੰਕਤੀਆਂ ਬਾਬਰ ਦੁਆਰਾ ਭਾਰਤੀ ਜਨਤਾ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਸਮਾਜ ਵਿੱਚ ਵੇਲੇ ਖੇਡਾਂ ਦੀ ਮੂੰਹ ਬੋਲਦੀ ਤਸਵੀਰ ਹਨ :

ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ॥

ਸਮਾਜ ਪਰਵਰਤਨ ਦਾ ਸਾਧਨ : ਸਾਹਿਤ ਅਤੇ ਸਮਾਜ ਦਾ ਸਬੰਧ ਇੰਨਾ ਹੀ ਨਹੀਂ ਕਿ ਸਾਹਿਤ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ, ਸਗੋਂ ਇਹ ਸੰਬੰਧ ਇੰਨਾ ਪ੍ਰਬਲ ਹੈ ਕਿ ਸਾਹਿਤ ਇਸ ਤਸਵੀਰ ਨੂੰ ਬਣਾਉਣ ਤੇ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ। ਦੂਜੇ ਸ਼ਬਦਾਂ ਵਿੱਚ ਸਾਹਿਤ ਸੰਬੰਧਿਤ ਸਮਾਜ ਦੇ ਭਾਈਚਾਰਕ, ਧਾਰਮਕ, ਰਾਜਨੀਤਕ ਅਤੇ ਆਰਥਿਕ ਢਾਂਚੇ ਨੂੰ ਬਦਲ ਕੇ ਰੱਖ ਦਿੰਦਾ ਹੈ। ਸਿੱਖ ਗੁਰੂਆਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਦੁਆਰਾ ਇੱਕ ਨਵੇਂ ਧਰਮ ਅਤੇ ਇੱਕ ਨਵੀਂ ਕੌਮ ਨੂੰ ਜਨਮ ਦਿੱਤਾ। ਰੂਸ ਦਾ ਇਤਿਹਾਸ ਦੱਸਦਾ ਹੈ ਕਿ ਉੱਥੋਂ ਦਾ ਵਰਤਮਾਨ ਰਾਜਨੀਤਕ ਅਤੇ ਆਰਥਿਕ ਢਾਂਚਾ ਉੱਥੋਂ ਦੇ ਸਾਹਿਤ ਨੇ ਪੈਦਾ ਕੀਤਾ। ਕਾਰਲ ਮਾਰਕਸ, ਲੈਨਿਨ ਅਤੇ ਗੋਰਕੀ ਵਰਗੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦੁਆਰਾ ਲੋਕਾਂ ਵਿੱਚ ਜਾਗ੍ਰਤੀ ਪੈਦਾ ਕੀਤੀ ਅਤੇ ਜ਼ਾਰਸ਼ਾਹੀ ਦਾ ਤਖ਼ਤਾ ਪਲਟ ਕੇ ਰੱਖ ਦਿੱਤਾ। ਇੰਜ ਰਾਜਸੀ ਸੱਤਾ ਜਨਤਾ ਦੇ ਹੱਥਾਂ ਵਿੱਚ ਆ ਗਈ। ਜਿੰਨਾ ਚਿਰ ਭਾਰਤੀ ਅਗਿਆਨ ਦੇ ਹਨੇਰੇ ਵਿੱਚ ਰਹੇ, ਓਨਾ ਚਿਰ ਅੰਗਰੇਜ਼ ਇੱਥੇ ਰਾਜ ਕਰਦੇ ਰਹੇ, ਪਰ ਜਦੋਂ ਭਾਰਤੀ ਸਾਹਿਤਕਾਰਾਂ ਨੇ ਆਪਣੀਆਂ ਕਿਰਤਾਂ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਗਿਆਨ ਦਾ ਦੀਵਾ ਜਗਾਇਆ ਤਾਂ ਅੰਗਰੇਜ਼ਾਂ ਲਈ ਇਥੋਂ ਜਾਣ ਤੋਂ ਛੁੱਟ ਹੋਰ ਚਾਰਾ ਨਾ ਰਿਹਾ। ਪੰਜਾਬੀ ਸਾਹਿਤਕਾਰਾਂ ਵਿੱਚੋਂ ਲਾਲਾ ਧਨੀ ਰਾਮ ਚਾਤ੍ਰਿਕ, ਪ੍ਰੋ: ਮੋਹਨ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਅਤੇ ਗਿਆਨੀ ਹੀਰਾ ਸਿੰਘ ਦਰਦ ਆਦਿ ਦੇ ਨਾਂ ਇਸ ਤਰ੍ਹਾਂ ਦਾ ਸਾਹਿਤ ਰਚਣ ਦੇ ਸੰਬੰਧ ਵਿੱਚ ਲਏ ਜਾ ਸਕਦੇ ਹਨ। ਪ੍ਰੋ: ਮੋਹਨ ਸਿੰਘ ਤਾਂ ਆਪਣੇ ਸਾਹਿਤ ਦਾ ਮੁੱਖ ਮੰਤਵ ਹੀ ਭਾਰਤੀ ਯੁਵਕਾਂ ਵਿੱਚ ਜਾਗ੍ਰਤੀ ਪੈਦਾ ਕਰਨਾ ਆਖਦਾ ਹੈ—

ਜਦ ਤੀਕਰ ਯੁਵਕ ਨਾ ਜਾਗਣਗੇ,

ਮੇਰੇ ਗੀਤ ਨਾ ਗਾਉਣ ਤਿਆਗਣਗੇ।

ਦਿਨ ਰਾਤ ਉਨੀਂਦੇ ਝਾਗਣਗੇ,

ਨਾ ਸੌਣ ਦੇਣ ਨਾ ਸੌਣ ਗੀਤ।

ਕੇਵਲ ਪੰਜਾਬੀ ਸਾਹਿਤਕਾਰ ਹੀ ਨਹੀਂ, ਸਗੋਂ ਭਾਰਤ ਦੀਆਂ ਸਭ ਭਾਸ਼ਾਵਾਂ ਦੇ ਸਾਹਿਤਕਾਰ ਇਸ ਪੱਖ ਵੱਲ ਲੋਕਾਂ ਦਾ ਧਿਆਨ ਖਿੱਚਦੇ ਰਹੇ। ਉਰਦੂ ਦਾ ਇੱਕ ਮੰਨਿਆ-ਪ੍ਰਮੰਨਿਆ ਕਵੀ ਸਰ ਮੁਹੰਮਦ ਇਕਬਾਲ ਚਿਤਾਵਨੀ-ਭਰੀਆਂ ਕਾਵਿ-ਸਤਰਾਂ ਲਿਖਦਾ ਹੈ :

ਵਤਨ ਕੀ ਫ਼ਿਕਰ ਕਰ ਨਾਦਾਂ, ਮੁਸੀਬਤ ਆਨੇ ਵਾਲੀ ਹੈ,

ਤੇਰੀ ਬਰਬਾਦੀਓਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ।

ਨਾ ਸਮਝੋਗੇ ਤੋਂ ਮਿਟ ਜਾਉਗੇ ਐ ਹਿੰਦੋਸਤਾਂ ਵਾਲੋ

ਤੁਮਾਰੀ ਦਾਸਤਾਂ ਤੱਕ ਭੀ ਨਾ ਹੋਗੀ ਦਾਸਤਾਨੋਂ ਮੇਂ।

ਪ੍ਰਚਾਰ ਦਾ ਸਾਧਨ : ਹੋਰ ਤਾਂ ਹੋਰ ਅੰਗਰੇਜ਼ਾਂ ਨੇ ਇੱਥੇ ਆ ਕੇ ਆਪਣੀ ਮਾਤ-ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿੱਚ ਬਾਈਬਲ ਦੀਆਂ ਕਹਾਣੀਆਂ ਛਾਪ ਕੇ ਲੋਕਾਂ ਵਿੱਚ ਮੁਫ਼ਤ ਵੰਡੀਆਂ। ਇਸ ਤਰ੍ਹਾਂ ਆਪਣੇ ਧਰਮ ਅਤੇ ਸੱਭਿਆਚਾਰ ਦਾ ਪ੍ਰਚਾਰ ਕੀਤਾ। ਅੱਜ ਵੀ ਅਜਿਹੇ ਪ੍ਰਚਾਰ ਲਈ ਭਾਰਤ ਵਿੱਚ ਰੂਸ, ਅਮਰੀਕਾ, ਇੰਗਲੈਂਡ ਅਤੇ ਹੋਰ ਕਈ ਦੇਸ਼ ਆਪਣਾ ਸਾਹਿਤ ਭਾਰਤੀ ਜਨਤਾ ਵਿੱਚ ਵੰਡਦੇ ਹਨ। ਇਸ ਤਰ੍ਹਾਂ ਕਰੋੜਾਂ ਰੁਪਿਆ ਅਜਿਹੇ ਸਾਹਿਤ ਨੂੰ ਮੁਫ਼ਤ ਜਾਂ ਘੱਟ ਕੀਮਤ ‘ਤੇ ਦੇਣ ਵਿੱਚ ਖ਼ਰਚ ਕੀਤਾ ਜਾਂਦਾ ਹੈ।

ਸਾਹਿਤ ‘ਤੇ ਰੋਕ : ਅਮਰੀਕਾ ਵਰਗੇ ਪੂੰਜੀਵਾਦੀ ਦੇਸ਼ਾਂ ਵਿੱਚ ਕਮਿਊਨਿਸਟ ਵਿਚਾਰਧਾਰਾ ਵਾਲੇ ਸਾਹਿਤ ਉੱਤੇ ਅਤੇ ਰੂਸ ਵਰਗੇ ਕਮਿਊਨਿਸਟ ਦੇਸ਼ਾਂ ਵਿੱਚ ਪੂੰਜੀਵਾਦੀ ਵਿਚਾਰਧਾਰਾ ਵਾਲੇ ਸਾਹਿਤ ਉੱਤੇ ਸਰਕਾਰੀ ਤੌਰ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸੰਬੰਧਿਤ ਸਾਹਿਤਕਾਰਾਂ ਨੂੰ ਕਾਲ-ਕੋਠੜੀਆਂ ਵਿੱਚ ਬੰਦ ਵੀ ਕੀਤਾ ਜਾ ਰਿਹਾ ਹੈ। ਹਾਕਮਾਂ ਵਿਰੁੱਧ ਵਿਚਾਰ ਫੈਲਾਉਣ ਕਰਕੇ ਉਨ੍ਹਾਂ ‘ਤੇ ਮੁਕੱਦਮੇ ਚਲਾਏ ਜਾ ਰਹੇ ਹਨ।

ਸਮਾਜ ਦਾ ਸਾਹਿਤ ਦੇ ਪ੍ਰਭਾਵ : ਸਾਹਿਤ ਤੇ ਸਮਾਜ ਵਿੱਚ ਆਪਸੀ ਦੁਵੱਲਾ ਪ੍ਰਭਾਵ ਹੁੰਦਾ ਹੈ। ਨਿਰਾ ਸਾਹਿਤ ਹੀ ਸਮਾਜ ਉੱਤੇ ਪ੍ਰਭਾਵ ਨਹੀਂ ਪਾਉਂਦਾ ਸਗੋਂ ਸਮਾਜ ਵੀ ਸਾਹਿਤ ‘ਤੇ ਪ੍ਰਭਾਵ ਪਾ ਕੇ ਰਹਿੰਦਾ ਹੈ। ਜਿਸ ਕਿਸਮ ਦੀ ਕਿਸੇ ਸਮਾਜ ਦੀ ਰਾਜਨੀਤਕ, ਆਰਥਿਕ, ਭਾਈਚਾਰਕ ਜਾਂ ਧਾਰਮਕ ਸਥਿਤੀ ਹੋਵੇਗੀ, ਉਸੇ ਕਿਸਮ ਦੇ ਵਿਚਾਰ ਉਸ ਦੇਸ਼ ਦੇ ਸਾਹਿਤ ਤੋਂ ਪ੍ਰਾਪਤ ਹੋਣਗੇ। ਰਾਜਾ-ਸ਼ਾਹੀ ਵਿੱਚ ਸਮਾਜ ਦਾ ਹਰ ਅੰਗ ਰਾਜਿਆਂ ਦੀ ਐਸ਼ ਦਾ ਸਾਧਨ ਹੁੰਦਾ ਹੈ। ਆਮ ਜਨਤਾ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੁੰਦੀ। ਪੰਜਾਬ ਦੇ ਰਾਜਾ-ਸ਼ਾਹੀ ਸਮੇਂ ਦਾ ਸਾਹਿਤ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਇਸ ਸਮੇਂ ਰਚੇ ਗਏ ਸਾਹਿਤ ਦੇ ਪਾਤਰ ਉੱਚੀ ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲੇ ਰਾਜੇ-ਰਾਣੀਆਂ ਹਨ ਜਾਂ ਇਨ੍ਹਾਂ ਰਾਜਿਆਂ-ਰਾਣੀਆਂ ਨੂੰ ਰੀਝਾਉਣ ਲਈ ਪਿਆਰ ਅਤੇ ਇਸ਼ਕ ਦੀਆਂ ਕਹਾਣੀਆਂ ਹਨ। ਮੁਗ਼ਲਾਂ ਦੇ ਰਾਜ ਤੋਂ ਤੰਗ ਆ ਕੇ ਜਦੋਂ ਆਮ ਜਨਤਾ ਨੇ ਧਰਮ ਦੀ ਟੇਕ ਲਈ ਤਾਂ ਸਾਹਿਤ ਵਿੱਚ ਭਗਤੀ-ਭਾਵ ਦਾ ਬੋਲਬਾਲਾ ਹੋ ਗਿਆ। ਅੰਗਰੇਜ਼ੀ ਰਾਜ ਸਮੇਂ ਜਦੋਂ ਅੰਗਰੇਜ਼ਾਂ ਵਿਰੁੱਧ ਲੋਕਾਂ ਵਿੱਚ ਘ੍ਰਿਣਾ ਪੈਦਾ ਹੋਈ ਤਾਂ ਸਾਹਿਤਕਾਰਾਂ ਨੇ ਇਸ ਸਬੰਧੀ ਆਪਣੀਆਂ ਕਲਮਾਂ ਚੁੱਕੀਆਂ।

ਸਾਹਿਤ ਰੂਪਾਂ ਵਿੱਚ ਵਿਭਿੰਨਤਾ : ਸਮਾਜਕ ਵਾਤਾਵਰਣ ਦਾ ਪ੍ਰਭਾਵ ਕੇਵਲ ਸਾਹਿਤਕ ਵਿਚਾਰਧਾਰਾ ‘ਤੇ ਹੀ ਨਹੀਂ ਪੈਂਦਾ ਸਗੋਂ ਸਾਹਿਤਕ ਰੂਪਾਂ ‘ਤੇ ਵੀ ਪੈਂਦਾ ਹੈ। ਯੂਰਪ ਵਿੱਚ ਮਸ਼ੀਨੀ ਯੁੱਗ ਤੋਂ ਪਹਿਲਾਂ ਲੰਮੀਆਂ-ਲੰਮੀਆਂ ਰਚਨਾਵਾਂ ਰਚੀਆਂ ਜਾਂਦੀਆਂ ਸਨ। ਮਸ਼ੀਨਾਂ ਦੀ ਕਾਢ ਨੇ ਮਨੁੱਖ ਨੂੰ ਸਮੇਂ ਦੀ ਕੀਮਤ ਦਾ ਅਹਿਸਾਸ ਕਰਾਇਆ। ਹਰ ਪਲ ਮਨੁੱਖ ਲਈ ਅੱਗੇ ਨਾਲੋਂ ਵਧੇਰੇ ਕੀਮਤੀ ਹੋ ਗਿਆ। ਲੰਮੀਆਂ-ਲੰਮੀਆਂ ਰਚਨਾਵਾਂ ਨਾਲੋਂ ਛੁਟੇਰੀਆਂ ਰਚਨਾਵਾਂ ਨੂੰ ਚੰਗੇਰਾ ਸਮਝਿਆ ਜਾਣ ਲੱਗ ਪਿਆ—ਪਰਿਣਾਮ ਸਰੂਪ ਨਾਵਲ ਤੋਂ ਨਿੱਕੀ ਕਹਾਣੀ ਦਾ ਇੱਕ ਵੱਖਰਾ ਸਾਹਿਤਕ ਰੂਪ ਹੋਂਦ ਵਿੱਚ ਆਇਆ। ਇਸ ਦੇ ਨਾਲ ਹੀ ਮਸ਼ੀਨਾਂ ਨੇ ਮਨੁੱਖ ਨੂੰ ਵਧੇਰੇ ਸੋਚਵਾਨ ਬਣਾਇਆ। ਇਸ ਲਈ, ਭਾਵੁਕਤਾ ਦੀ ਥਾਂ ਵਾਦ-ਵਿਵਾਦ ਨੇ ਲੈ ਲਈ, ਫਲਸਰੂਪ ਸਾਹਿਤ ਵਿੱਚ ਕਵਿਤਾ ਦੀ ਥਾਂ ਵਾਰਤਕ ਵੱਲ ਝੁਕਾਅ ਵਧ ਗਿਆ। ਅਜੋਕੇ ਸਮੇਂ ਵਿੱਚ ਕਵਿਤਾ ਨਾਲੋਂ ਵਾਰਤਕ ਦੀ ਮਹੱਤਤਾ ਪ੍ਰਤੱਖ ਵੇਖੀ ਜਾ ਸਕਦੀ ਹੈ।

ਸਾਹਿਤ ਇੱਕ ਪੜ੍ਹਾਈ ਦਾ ਸਾਧਨ : ਸਾਹਿਤ ਵਿੱਦਿਆ ਦਾ ਇੱਕ ਪ੍ਰਮੁੱਖ ਅੰਗ ਹੈ। ਸਾਹਿਤਕ ਵਿੱਦਿਆ ਰਾਹੀਂ ਇੱਕ ਵਿਦਿਆਰਥੀ ਆਪਣੇ ਦੇਸ਼ ਅਤੇ ਵਿਦੇਸ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ। ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ, ਰੁਚੀਆਂ, ਲੋੜਾਂ ਅਤੇ ਥੁੜ੍ਹਾਂ ਨੂੰ ਸਮਝਦਾ ਹੈ। ਨਾਲੇ ਸਾਹਿਤਕ ਵਿੱਦਿਆ ਨਾਲ ਪਾਠਕ ਦੀ ਸੋਚ-ਸ਼ਕਤੀ ਵਧਦੀ ਹੈ। ਸ਼ਾਇਦ ਇਸੇ ਲਈ ਸਕੂਲਾਂ-ਕਾਲਜਾਂ ਵਿੱਚ ਨਿਰੇ ਆਰਟਸ ਦੇ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਸਾਇੰਸ ਦੇ ਵਿਦਿਆਰਥੀਆਂ ਨੂੰ ਵੀ ਸਾਹਿਤ ਦੀ ਵਿੱਦਿਆ ਦਿੱਤੀ ਜਾਂਦੀ ਹੈ।

ਸਿੱਟਾ : ਕਈ ਵਿਚਾਰਵਾਨਾਂ ਦਾ ਖ਼ਿਆਲ ਹੈ ਕਿ ਸਾਹਿਤ ਅਤੇ ਸਮਾਜ ਦਾ ਸੰਬੰਧ ਕੇਵਲ ਇੰਨਾ ਹੀ ਹੈ ਕਿ ਸਾਹਿਤ ਪਾਠਕਾਂ ਨੂੰ ਸੁਹਜ-ਸਵਾਦ ਦੇਂਦਾ ਹੈ। ਇਸ ਵਿਚਾਰਧਾਰਾ ਦੇ ਲੋਕੀਂ ਸਾਹਿਤ ਨੂੰ ਕਲਾ ਹੋਣ ਦੇ ਨਾਤੇ ਨਿਰੇ ਸੁਹਜ-ਸੁਆਦ ਦਾ ਸਾਧਨ ਹੀ ਸਮਝਦੇ ਹਨ। ਇਸ ਤਰ੍ਹਾਂ ਇਹ ‘ਕਲਾ, ਕਲਾ ਲਈ’ ਸਿਧਾਂਤ ਦੇ ਉਪਾਸਕ ਹੋ ਨਿਬੜਦੇ ਹਨ। ਵਾਸਤਵ ਵਿੱਚ ‘ਕਲਾ ਜੀਵਨ ਲਈ’ ਹੁੰਦੀ ਹੈ। ਉਹੀ ਸਾਹਿਤ ਉੱਤਮ ਸਮਝਿਆ ਜਾਂਦਾ ਹੈ ਜਿਹੜਾ ਸੁਹਜ-ਸੁਆਦ ਦੇ ਨਾਲ-ਨਾਲ ਸਮਾਜ ਦੇ ਲੋਕਾਂ ਨੂੰ ਨਵੇਂ ਵਿਚਾਰ ਦਿੰਦਾ ਹੈ, ਸਮਾਜਕ ਬੁਰਾਈਆਂ ਨੂੰ ਨੰਗਿਆਂ ਕਰ ਕੇ ਸਮਾਜਕ ਜੀਵਨ ਨੂੰ ਚੰਗੇਰਾ ਬਣਾਉਣ ਲਈ ਸੁਝਾਅ ਵੀ ਦਿੰਦਾ ਹੈ।