ਲੇਖ : ਸ਼ਾਹ ਮੁਹੰਮਦ


ਸ਼ਾਹ ਮੁਹੰਮਦ


ਪੰਜਾਬੀ ਜੰਗਨਾਮਾ ਸਾਹਿਤ ਵਿੱਚ ਸਭ ਤੋਂ ਉੱਘਾ ਨਾਂ ਸ਼ਾਹ ਮੁਹੰਮਦ ਦਾ ਹੈ, ਜਿਸਦੀ ਰਚਨਾ ਨੂੰ ਵਾਰ ਵੀ ਕਿਹਾ ਜਾਂਦਾ ਹੈ, ਉਸਦੇ ਜੀਵਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਡਾਲਾ ਪਿੰਡ ਦਾ ਵਸਨੀਕ ਸੀ, ਮੌਲਾ ਬਖਸ਼ ਕੁਸ਼ਤਾ ਨੇ ਉਸਦਾ ਜਨਮ 1780-82 ਦੇ ਵਿਚਕਾਰ ਮੰਨਿਆ ਹੈ ਤੇ ਉਸਦੀ ਮੌਤ 1862 ਵਿੱਚ ਦੱਸੀ ਹੈ। ਉਹ ਜ਼ਾਤ ਦਾ ਕੁਰੈਸ਼ੀ ਸੀ। ਉਸਦਾ ਇੱਕ ਭਤੀਜਾ ਰਣਜੀਤ ਸਿੰਘ ਦੇ ਰਾਜ ਵਿੱਚ ਤੋਪਚੀ ਸੀ। ਜਿਸ ਤੋਂ ਉਸਨੂੰ ਤੋਪਾਂ ਅਤੇ ਲੜਾਈ ਦੀ ਪੂਰੀ ਜਾਣਕਾਰੀ ਮਿਲਦੀ ਸੀ। ਸ਼ਾਹ ਮੁਹੰਮਦ ਦੀ ਰਚਨਾ ਦੇ ਕਈ ਖੂਬਸੂਰਤ ਪੱਖ ਹਨ। ਉਸਦੀ ਜ਼ੁਬਾਨ ਦੀ ਸਾਦਗੀ ਇੰਨੀ ਲੁਭਾਉਣੀ ਹੈ ਕਿ ਇਹ ਛੇਤੀ ਹੀ ਮੂੰਹ ਤੇ ਚੜ੍ਹ ਜਾਂਦੀ ਹੈ। ਸਭ ਤੋਂ ਵੱਧ ਪਿਆਰ ਉਹ ਰਣਜੀਤ ਸਿੰਘ ਨਾਲ ਜ਼ਾਹਰ ਕਰਦਾ ਹੈ ਤੇ ਪੰਜਾਬੀਅਤ ਨਾਲ ਪਿਆਰ ਵੀ ਪੇਸ਼ ਕਰਦਾ ਹੈ। ਉਹ ਰਣਜੀਤ ਸਿੰਘ ਬਾਰੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਕਹਿੰਦਾ ਹੈ –

(ੳ) ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

() ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਚੰਗਾ ਰੱਜ ਕੇ ਰਾਜ ਕਮਾਇ ਗਿਆ।

ਸ਼ਾਹ ਮੁਹੰਮਦ ਜਿੱਥੇ ਪੰਜਾਬੀਆਂ ਦੀਆਂ ਸਿਫ਼ਤਾਂ ਕਰਦਾ ਹੈ, ਉਹ ਦੁਸ਼ਮਣ ਦੀਆਂ ਫ਼ੌਜਾਂ ਦੀਆਂ ਵੀ ਲੋੜ ਅਨੁਸਾਰ ਸਿਫ਼ਤਾਂ ਕਰਦਾ ਹੈ। ਪੰਜਾਬੀਆਂ ਦੀ ਬਹਾਦਰੀ ਦਾ ਜ਼ਿਕਰ ਕਰਦਾ ਹੋਇਆ ਉਹ ਕਈ ਥਾਂ ਉਨ੍ਹਾਂ ਤੇ ਤਨਜ਼, ਚੋਟ, ਮਸ਼ਕਰੀ ਵੀ ਕਰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੀ ਤਸਵੀਰ ਇਸ ਪ੍ਰਕਾਰ ਖਿੱਚਦਾ ਹੈ :-

ਆਈਆਂ ਪੜਤਲਾਂ ਬੀੜ ਕੇ ਤੋਪਖਾਨੇ

ਅੱਗੇ ਸਿੰਘਾਂ ਨੇ ਪਾਸੜੇ ਮੋੜ ਸੁੱਟੇ

ਮੇਵਾ ਸਿੰਘ ਤੇ ਮਾਖੇ ਖਾਂ ਹੋਇ ਸਿੱਧੇ

ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ

ਸ਼ਾਹ ਮੁਹੰਮਦਾ ਸਿੰਘ ਨੇ ਗੋਰਿਆਂ ਦੇ

ਬੰਨ੍ਹ ਸ਼ਸਤਰੀ ਜੋੜ-ਵਿਛੋੜ ਸੁੱਟੇ

ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਸ਼ਾਹ ਮੁਹੰਮਦ ਦੀ ਰਚਨਾ ਵਿੱਚ ਜਿੱਥੇ ਬੀਰ ਰਸ ਦੀਆਂ ਸੁੰਦਰ ਉਦਾਹਰਣਾਂ ਮਿਲਦੀਆਂ ਹਨ, ਉਹ ਹਰ ਪ੍ਰਕਾਰ ਦਾ ਮਨੁੱਖੀ ਭਾਵਨਾਵਾਂ ਦੇ ਅਨੁਕੂਲ ਰਸ ਪ੍ਰਾਪਤ ਕਰਦਾ ਹੈ, ਕਿਤੇ ਪੰਜਾਬੀਆਂ ਦੀਆਂ ਪੋਸ਼ਾਕਾਂ, ਬੈਰਕਾਂ ਤੇ ਲੜਾਈ ਦੀ ਚੜ੍ਹਤ ਰਾਹੀਂ ਉਹ ਸ਼ਿੰਗਾਰ ਰਸ ਨੂੰ ਪੇਸ਼ ਕਰਦਾ ਹੈ, ਕਿਤੇ ਰਣਜੀਤ ਸਿੰਘ ਦੀ ਮੌਤ ਕਾਰਨ ਸਿੱਖ ਫ਼ੌਜਾਂ ਦੇ ਹਾਰਨ ਦੀ ਗੱਲ ਕਰੁਣਾ ਰਸ ਵਿੱਚ ਪੇਸ਼ ਕਰਦਾ ਹੈ ਤੇ ਕਦੇ ਵੈਰਾਗ ਦੀ ਸ਼ੂਕਦੀ ਨਦੀ ਉਸ ਦੀਆਂ ਕਾਵਿ-ਸਤਰਾਂ ਵਿੱਚ ਵਗਦੀ ਹੋਈ ਦਿਖਾਈ ਦੇਂਦੀ ਹੈ। ਇਸਦੀ ਇੱਕ ਮਿਸਾਲ ਇਸ ਪ੍ਰਕਾਰ ਹੈ –

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ

ਸਿਰ ਦੋਹਾਂ ਤੇ ਉੱਤੇ ਆਫ਼ਾਤ ਆਈ

ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ,

ਕਦੇ ਨਹੀਂ ਸੀ ਤੀਸਰੀ ਜਾਤ ਆਈ।

ਸ਼ਾਹ ਮੁਹੰਮਦ ਦੀ ਰਚਨਾ ਵਿੱਚ ਯੁੱਧ ਦਾ ਵਰਨਣ ਇੰਨਾ ਵਾਸਤਵਿਕ ਢੰਗ ਨਾਲ ਕੀਤਾ ਗਿਆ ਹੈ ਕਿ ਸਾਹਿਤਕ ਤੌਰ ਤੇ ਇੱਕ ਸਫ਼ਲ ਜੰਗਨਾਮਾ ਬਣਨ ਦੀ ਸ਼ਕਤੀ ਵੀ ਇਹ ਰਚਨਾ ਰੱਖਦੀ ਹੈ। ਸ਼ਾਹ ਮੁਹੰਮਦ ਦੀ ਇਸ ਰਚਨਾ ਵਿੱਚ ਜਿੱਥੇ ਵਿਸ਼ੇ-ਵਸਤੂ ਵਜੋਂ ਸਪੱਸ਼ਟਤਾ ਅਤੇ ਸਾਦਗੀ ਦੇ ਗੁਣ ਹਨ, ਉੱਥੇ ਜੰਗ ਦਾ ਗ੍ਰਾਫਿਕ ਵਰਨਣ ਹੈਰਾਨ ਕਰਨ ਵਾਲਾ ਹੈ, ਇਸਦੀ ਮਿਸਾਲ ਇਸ ਪ੍ਰਕਾਰ ਹੈ :

ਜੰਗ ਹਿੰਦ ਪੰਜਾਬ ਦਾ ਹੋਣ ਲਗਾ

ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੇ

ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ

ਜਿਹੜੇ ਖਾਲਸੇ ਨੇ ਤੇਗਾਂ ਮਾਰੀਆਂ ਨੇ

ਸਣੇ ਆਦਮੀ ਗੋਲੀਆਂ ਨਾਲ ਉੱਡਣ

ਹਾਥੀ ਡਿਗਦੇ ਸਣੇ ਅੰਬਾਰੀਆਂ ਨੇ

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਇਹ ਰਚਨਾ ਇਤਿਹਾਸ ਦੀ ਇੱਕ ਅਮੁੱਲ ਦਸਤਾਵੇਜ਼ ਹੈ, ਪੰਜਾਬ ਦੇ ਸਾਰੇ ਇਤਿਹਾਸਕ ਖੋਜੀਆਂ ਨੇ ਇਸ ਜੰਗਨਾਮੇ ਦੇ ਆਧਾਰ ਤੇ ਆਪਣੀ ਖੋਜ ਕੀਤੀ ਹੈ। ਡਾ. ਗੰਡਾ ਸਿੰਘ ਨੇ ਆਪਣੀ ਖੋਜ ਵਿੱਚ ਇਸਦੇ ਯੋਗ ਹਵਾਲੇ ਦਿੱਤੇ ਹਨ ਤੇ ਕਈ ਥਾਂ ‘ਤੇ ਲੋੜ ਅਨੁਸਾਰ ਆਲੋਚਨਾਤਮਕ ਟਿੱਪਣੀ ਵੀ ਕੀਤੀ ਹੈ। ਕੇਵਲ ਰਾਣੀ ਜਿੰਦਾ ਬਾਰੇ ਕਿਹਾ ਹੈ ਕਿ ਸ਼ਾਹ ਮੁਹੰਮਦ ਨੇ ਲੋਕ-ਪ੍ਰਵਾਹ ਅੱਗੇ ਰਾਣੀ ਦਾ ਚਰਿਤਰ ਸਹੀ ਨਹੀਂ ਪੇਸ਼ ਕੀਤਾ। ਇਸ ਤੋਂ ਬਿਨਾਂ ਹੋਰ ਇਤਿਹਾਸਕ ਪਾਤਰਾਂ ਸਬੰਧੀ ਉਸਦੀ ਰਾਏ ਇਤਿਹਾਸ ਅਨੁਸਾਰ ਹੈ। ਲਹਿਣਾ ਸਿੰਘ ਬਾਰੇ ਉਹ ਲਿਖਦਾ ਹੈ –

(ੳ) ਲਹਿਣਾ ਸਿੰਘ ਸਰਦਾਰ ਮਜੀਠੀਆ ਸੀ
ਵੱਡਾ ਅਕਲ ਦਾ ਕੋਟ ਕਮਾਲ ਮੀਆਂ।

() ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ
ਸਿੰਘਾਂ ਨਾਲ ਸੀ ਉਸਦੀ ਗੈਰ ਸਾਲੀ

ਇਨ੍ਹਾਂ ਤੋਂ ਬਿਨਾਂ ਗਦਾਰ ਭਰਾਵਾਂ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਆਦਿ ਸਭਨਾਂ ਦੀ ਗਦਾਰੀ ਨੂੰ ਸ਼ਾਹ ਮੁਹੰਮਦਾ ਨੇ ਨੰਗਾ ਕੀਤਾ ਹੈ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਹਾਲਾਤ ਬਿਆਨ ਕੀਤੇ ਹਨ।

ਇਤਿਹਾਸਕ ਅੰਸ਼ ਦੀ ਵਰਤੋਂ ਕਰਦੇ ਹੋਏ 1839-49 ਦੇ ਘਟਨਾ ਕ੍ਰਮ ਨੂੰ ਸ਼ਾਹ ਮੁਹੰਮਦ ਨੇ ਬੜੀ ਖੂਬੀ ਨਾਲ ਚਿਤਰਿਆ ਹੈ ਕਿ ਸਾਹਮਣੇ ਸਾਰੀ ਤਸਵੀਰ ਉਘੜ ਕੇ ਸਾਹਮਣੇ ਆਉਂਦੀ ਹੈ। ਖੜਕ ਸਿੰਘ ਦੀ ਮੌਤ ਤੋਂ ਬਾਅਦ ਕੰਵਰ ਨੂੰ ਕਿਸ ਤਰ੍ਹਾਂ ਮਾਰਿਆ ਗਿਆ। ਉਸਦਾ ਜ਼ਿਕਰ ਕੀਤਾ ਹੈ –

ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।

ਸ਼ਾਹ ਮੁਹੰਮਦ ਨੇ ਇਤਿਹਾਸ ਦੀਆਂ ਪਰਤਾਂ ਨੂੰ ਸਹੀ ਢੰਗ ਨਾਲ ਉਘਾੜਦੇ ਹੋਏ ਖੜਕ ਸਿੰਘ ਦੀ ਮੌਤ ਤੋਂ ਬਾਅਦ ਕੰਵਰ ਨੂੰ ਡਿਊੜੀ ਥੱਲੇ ਜਦੋਂ ਖੜਕ ਸਿੰਘ ਦੀ ਲਾਸ਼ ਚੁੱਕ ਕੇ ਸੰਸਕਾਰ ਲਈ ਜਾ ਰਹੀ ਹੁੰਦੀ ਹੈ, ਉਸ ਸਮੇਂ ਛੱਜਾਂ ਢਾਹ ਕੇ ਕਿਸ ਤਰ੍ਹਾਂ ਕੰਵਰ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ ਹੈ। ਉਸਦਾ ਜ਼ਿਕਰ ਬੜੀ ਖ਼ੂਬੀ ਨਾਲ ਕੀਤਾ ਹੈ।

ਸਭਰਾਵਾਂ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਸ਼ਾਮ ਸਿੰਘ ਅਟਾਰੀ ਵਾਲੇ ਦੀ ਵਫ਼ਾਦਾਰੀ ਨੂੰ ਪੇਸ਼ ਕਰਦਾ ਲੇਖਕ ਕਹਿੰਦਾ ਹੈ –

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।

ਜਜ਼ਬਾਤੀ ਹੋ ਕੇ ਇਤਿਹਾਸਕ ਭੁੱਲ ਵੀ ਸ਼ਾਹ ਮੁਹੰਮਦ ਤੋਂ ਹੋਈ ਹੈ, ਜਦੋਂ ਰਣਜੀਤ ਸਿੰਘ ਦੇ ਰਾਜ ਭਾਗ ਦਾ ਜ਼ਿਕਰ ਕੀਤਾ ਹੈ :-

ਤਿਬਤ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।

ਸਿੱਕਾ ਉਸ ਦੇਸ਼ ਵਿੱਚ ਚਲਦਾ ਹੈ, ਜਿੱਥੇ ਕਿਸੇ ਰਾਜੇ ਜਾਂ ਸਰਕਾਰ ਦਾ ਰਾਜ ਭਾਗ ਹੋਵੇ, ਜਦੋਂ ਸ਼ਾਹ ਮੁਹੰਮਦ ਲੱਦਾਖ, ਤਿੱਬਤ, ਚੀਨ ਆਦਿ ਨੂੰ ਵੀ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਾਮਲ ਕਰਦਾ ਹੈ, ਹਾਂ ਨਿਰਸੰਦੇਹ ਇੱਕ ਭੁੱਲ ਕਰਦਾ ਹੈ।

ਇਹ ਪਹਿਲੀ ਵਾਰੀ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਅੰਗਰੇਜ਼ੀ ਦੇ ਕੁੱਝ ਤਤਸਮ, ਅਰਧ ਤਤਸਮ ਸ਼ਬਦਾਂ ਦਾ ਪ੍ਰਯੋਗ ਮਿਲਦਾ ਹੈ। ਜਿਵੇਂ ਰਜਮੰਟ, ਪਲਟੂਨ ਆਦਿ ਸ਼ਬਦ। ਲਾਰਡ ਹਾਰਡਿੰਗ ਦਾ ਜਿਸ ਵੇਲੇ ਇਸ ਵਿੱਚ ਜ਼ਿਕਰ ਆਉਂਦਾ ਹੈ ਤਾਂ ਉਸਨੂੰ ਰਵਾਇਤ ਅਨੁਸਾਰ ‘ਟੁੰਡਾ ਲਾਟ’ ਕਹਿ ਕੇ ਬੁਲਾਇਆ ਹੈ। ਉਹ ਲਿਖਦਾ ਹੈ :-

ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ,
ਹਮ ਸਿੰਘ ਸੇ ਜਾਇਕੇ ਲੜੇਗਾ ਜੀ।”

ਸਾਹ ਮੁਹੰਮਦ ਦੀ ਭਾਸ਼ਾ ਦੀ ਰਵਾਨੀ ਪਹਾੜੀ ਚਸ਼ਮੇ ਵਰਗੀ ਹੈ, ਜਿਸਨੂੰ ਬੋਲਣ ਲੱਗਿਆਂ ਕੋਈ ਉਚੇਚ ਨਹੀਂ ਕਰਨਾ ਪੈਂਦਾ। ਭਾਸ਼ਾ ਦੀ ਸੁਭਾਵਿਕਤਾ ਦਾ ਗੁਣ ਇਸ ਪ੍ਰਕਾਰ ਦੇਖਣ ਵਾਲਾ ਹੈ :-

(ੳ) “ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,
ਭਾਵੇਂ ਲੁਧਿਆਣਾ ਉਦੋਂ ਮਾਰ ਲੈਂਦੇ

() ਤੇਜਾ ਸਿੰਘ ਸਰਦਾਰ ਪੁੱਲ ਵੱਢ ਦਿੱਤਾ
ਕਿਤੇ ਭੱਜ ਨਾ ਜਾਵੇ ਫੌਜ ਸਾਰੀ।”

ਇਹ ਉਪਰੋਕਤ ਸਤਰਾਂ ਉਸ ਸਮੇਂ ਪੰਜਾਬੀ ਫ਼ੌਜਾਂ ਦੇ ਜਰਨੈਲ ਤੇਜਾ ਸਿੰਘ ਬਾਰੇ ਹਨ, ਪਰ ਭਾਸ਼ਾ ਇੱਥੇ ਵੀ ਬੋਲਚਾਲੀ ਹੈ। ਇਸ ਤਰ੍ਹਾਂ ਸ਼ਾਹ ਮੁਹੰਮਦ ਵਿਅੰਗ ਤੇ ਚੋਟ ਦਾ ਵੀ ਬਾਦਸ਼ਾਹ ਹੈ। ਵਿਅੰਗ ਤੇ ਚੋਟ ਦੀ ਇੱਕ ਮਿਸਾਲ ਇਸ ਪ੍ਰਕਾਰ ਹੈ –

ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾ ਆਏ।

ਸ਼ਾਹ ਮੁਹੰਮਦ ਦਾ ਇਹ ਜੰਗਨਾਮਾ ਕਈ ਕਾਵਿਕ ਸਤਾਰਿਆਂ ਨਾਲ ਜੁੜਿਆ ਹੋਇਆ ਹੈ। ਜਿੱਥੇ ਸ਼ਾਹ ਮੁਹੰਮਦ ਨੇ ਸ਼ਿੰਗਾਰ ਰਸ, ਬੀਰ ਰਸ, ਸ਼ਾਂਤ ਰਸ ਨਾਲ ਭਰਪੂਰ ਰਚਨਾ ਸਾਡੇ ਸਾਹਮਣੇ ਰੱਖੀ ਹੈ, ਉੱਥੇ ਯੁੱਧ ਦੀ ਭਿਆਨਕਤਾ ਦਾ ਜ਼ਿਕਰ ਵੀ ਉਸਦੀ ਕਵਿਤਾ ਵਿੱਚ ਪ੍ਰਾਪਤ ਹੁੰਦਾ ਹੈ।

ਬੀਰ ਰਸ ਦਾ ਵਰਨਣ ਕਰਦਾ ਹੋਇਆ, ਯੁੱਧ ਦੀ ਭਿਆਨਕਤਾ ਰਾਹੀਂ ਕਰੁਣਾ ਇਵੇਂ ਪੇਸ਼ ਕੀਤੀ ਹੈ –

ਕਈ ਮਾਵਾਂ ਦੇ ਪੁੱਤ ਨੀ ਮੋਏ ਉਥੇ

ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ

ਜਿਨ੍ਹਾਂ ਭੈਣਾਂ ਦੇ ਵੀਰ ਨਾ ਮਿਲੇ ਮੁੜ ਕੇ

ਪਈਆਂ ਰੋਂਦੀਆਂ ਫਿਰਨ ਬਚਾਰੀਆਂ ਨੀ।

ਸ਼ਾਹ ਮੁਹੰਮਦ ਇਸ ਪ੍ਰਕਾਰ 18ਵੀਂ ਸਦੀ ਦਾ ਇੱਕ ਦੇਸ਼ਭਗਤ ਕਵੀ ਹੋਇਆ ਹੈ, ਉਸਦੀ ਰਚਨਾ ਦੀ ਸਾਦਗੀ ਤੇ ਸੁਖੈਨਤਾ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਵੇਂ ਆਧੁਨਿਕ ਸਮੇਂ ਵਿੱਚ ਪ੍ਰਵੇਸ਼ ਕਰ ਰਹੀ ਹੋਵੇ।