ਲੇਖ ਰਚਨਾ : ਸਮੇਂ ਦੀ ਕਦਰ


ਸਮੇਂ ਦੀ ਕਦਰ


ਜਾਣ-ਪਛਾਣ – ਸਮਾਂ ਘੜੀ, ਪਲ, ਮਿਟ, ਘੰਟਿਆਂ ਅਤੇ ਦਿਨਾਂ ਦੀ ਰਫ਼ਤਾਰ ਨਾਲ ਅਡਲ ਚਲਦਾ ਰਹਿੰਦਾ ਹੈ। ਜੋ ਪਲ, ਘੜੀ ਅਤੇ ਦਿਨ ਬੀਤ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਪੱਲੇ ਰਹਿ ਜਾਂਦਾ ਹੈ ਪਛਤਾਵਾ। ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀਆਂ ਦੀ ਸਮਾਂ ਕਦਰ ਕਰਦਾ ਹੈ। ਜੋ ਸਮੇਂ ਦੇ ਨਾਲ ਨਹੀਂ ਚਲਦੇ ਉਹ ਲੋਕ ਪਛੜ ਜਾਂਦੇ ਹਨ। ਚਾਣਕਯ ਦੇ ਵਿਚਾਰ ਅਨੁਸਾਰ “ਸਮਾਂ ਸਭ ਚੀਜ਼ਾਂ ਨੂੰ ਹਜ਼ਮ ਕਰ ਲੈਂਦਾ ਹੈ, ਪਰ ਆਪ ਸਥਿਰ ਰਹਿੰਦਾ ਹੈ ਤੇ ਸਭ ਨੂੰ ਛੱਡ ਜਾਂਦਾ ਹੈ ਪਰ ਸਮੇਂ ਨੂੰ ਕੋਈ ਨਹੀਂ ਛੱਡ ਸਕਦਾ। ਜਦ ਲੋਕ ਸੁੱਤੇ ਹੁੰਦੇ ਹਨ ਸਮਾਂ ਜਾਗਦਾ ਰਹਿੰਦਾ ਹੈ।” ਇਸ ਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਬੇਕਾਰ ਹੈ।

ਹਰ ਵਿਅਕਤੀ ਤੁਰ ਜਾਣ ਤੋਂ ਬਾਅਦ ਆਪਣੀਆਂ ਯਾਦਾਂ ਛੱਡ ਜਾਂਦਾ ਹੈ। ਮੋਟਰ ਕਾਰਾਂ, ਗੱਡੀਆਂ ਧਰਤੀ ਤੇ ਆਪਣੇ ਨਿਸ਼ਾਨ ਛੱਡ ਜਾਂਦੀਆਂ ਹਨ। ਸਮਾਂ ਵੀ ਘੱਟ ਨਹੀਂ, ਇਹ ਵੀ ਆਪਣੀਆਂ ਯਾਦਾਂ ਇਉਂ ਛੱਡ ਜਾਂਦਾ ਹੈ ਜਿਸ ਦੇ ਸਹਾਰੇ ਮਨੁੱਖ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਦਾ ਹੈ। ਕਦੇ-ਕਦੇ ਯਾਦਾਂ ਦੇ ਬੱਦਲ ਮਨੁੱਖ ਦੇ ਜੀਵਨ ’ਤੇ ਇਸ ਤਰ੍ਹਾਂ ਛਾ ਜਾਂਦੇ ਹਨ ਕਿ ਉਹ ਅੱਥਰੂਆਂ ਦੇ ਰੂਪ ਵਿਚ ਬਰਸਦੇ ਹਨ ਪਰ ਉਨ੍ਹਾਂ ਨੂੰ ਕੌਣ ਸਮਝਾਏ ਕਿ ਜੋ ਬੀਤ ਗਿਆ ਹੈ ਵਾਪਸ ਨਹੀਂ ਆਉਣਾ। ਸਮਾਂ ਬਹੁਤ ਬਲਵਾਨ ਹੈ ਜੋ ਇਸ ਦੀ ਕਦਰ ਕਰਨੀ ਸਿੱਖ ਗਿਆ, ਉਹ ਸਫ਼ਲਤਾ ਦੀਆਂ ਪੌੜੀਆਂ ਲਗਾਤਾਰ ਪਾਰ ਕਰਦਾ ਰਹਿੰਦਾ ਹੈ। ਜੋ ਲੋਕ ਆਲਸੀਪੁਣੇ ਦਾ ਪੱਲਾ ਨਹੀਂ ਛੱਡਦੇ ਉਹ ਹਮੇਸ਼ਾ ਅਸਫ਼ਲ ਹੁੰਦੇ ਹਨ। ਜੋ ਲੋਕ ਹੱਥ ‘ਤੇ ਹੱਥ ਰੱਖ ਕੇ ਬੈਠੇ ਰਹਿੰਦੇ ਹਨ ਕਿਸਮਤ ਉਨ੍ਹਾਂ ਦੇ ਦਰਵਾਜ਼ੇ ‘ਤੇ ਕਦੇ ਦਸਤਕ ਨਹੀਂ ਦਿੰਦੀ।

ਸਮੇਂ ਦੀ ਕਦਰ ਨੂੰ ਸਮਝਾਉਣ ਲਈ ਇਕ ਅੰਗਰੇਜ਼ ਚਿੱਤਰਕਾਰ ਨੇ ਇਕ ਚਿੱਤਰ ਬਣਾਇਆ ਜਿਸ ਦਾ ਸਿਰਫ਼ ਚਿਹਰਾ ਹੀ ਬਣਿਆ ਹੋਇਆ ਸੀ, ਉਸ ਦੇ ਪਿੱਛੇ ਲੰਮੇ-ਲੰਮੇ ਵਾਲ ਵਿਖਾਏ ਹੋਏ ਸਨ। ਇਸ ਚਿੱਤਰ ਦੇ ਅੱਗੇ ਇਕ ਹੋਰ ਆਦਮੀ ਦੀ ਤਸਵੀਰ ਸੀ ਜੋ ਕਿ ਉਸ ਚਿਹਰੇ ਵੱਲ ਵੇਖ ਕੇ ਅੰਦਾਜ਼ਾ ਲਾ ਰਿਹਾ ਸੀ ਕਿ ਸਮਾਂ ਤਾਂ ਹਾਲੇ ਬਹੁਤ ਦੂਰ ਹੈ ਕੰਮ ਫਿਰ ਕਰ ਲਵਾਂਗੇ। ਦੂਜੇ ਚਿੱਤਰ ਵਿੱਚ ਉਸ ਨੇ ਇਸ ਸਮੇਂ ਰੂਪੀ ਚਿੱਤਰ ਨੂੰ ਉਸ ਆਦਮੀ ਦੇ ਬਿਲਕੁਲ ਨਜ਼ਦੀਕ ਵਿਖਾਇਆ ਹੋਇਆ ਸੀ ਤੇ ਲਿਖਿਆ ਹੋਇਆ ਸੀ ਕਿ ਸਮਾਂ ਅਜੇ ਬਹੁਤ ਪਿਆ ਹੈ। ਅਗਲੇ ਚਿੱਤਰ ਵਿੱਚ ਸਮੇਂ ਦਾ ਚਿਹਰੇ ਰੂਪੀ ਵਾਲਾਂ ਵਾਲਾ ਉਹ ਚਿੱਤਰ ਉਸ ਆਦਮੀ ਦੇ ਚਿੱਤਰ ਨੂੰ ਅੱਧਾ ਟੱਪ ਚੁੱਕਿਆ ਸੀ ਤੇ ਉਹ ਸੋਚ ਰਿਹਾ ਸੀ ਕਿ ਅੱਧਾ ਸਮਾਂ ਅਜੇ ਵੀ ਪਿਆ ਹੈ ਕੋਈ ਗੱਲ ਨਹੀਂ। ਲੇਕਿਨ ਅਗਲੇ ਅਤੇ ਅੰਤਿਮ ਚਿੱਤਰ ਵਿੱਚ ਉਹ ਲੰਮੇ ਵਾਲਾਂ ਵਾਲਾ ਸਮਾਂ ਉਸ ਨੂੰ ਉਥੇ ਹੀ ਖਲੌਤਾ ਛੱਡ ਕੇ ਉਸ ਤੋਂ ਅਗਾਂਹ ਲੰਘ ਚੁੱਕਾ ਸੀ। ਉਹ ਆਦਮੀ ਲੰਮੀਆਂ ਬਾਹਾਂ ਤਾਣ ਉਸ ਨੂੰ ਫੜਨ ਦੀ ਕੋਸ਼ਿਸ਼ ਵਿੱਚ ਉਸ ਦੇ ਪਿੱਛੇ ਭੱਜ ਰਿਹਾ ਸੀ। ਅੰਗਰੇਜ਼ ਚਿੱਤਰਕਾਰ ਦੇ ਇਸ ਚਿੱਤਰ ਦਾ ਇਕੋ-ਇਕ ਮਕਸਦ ਸੀ ਕਿ ਸਮੇਂ ਨੂੰ ਕਦੀ ਵੀ ਲੰਮਾ ਸਮਝ ਕੇ ਵਿਅਰਥ ਨਾ ਗਵਾਓ।

ਪੰਜਾਬੀ ਦੇ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਵੀ ਇਸ ਸਮੇਂ ਬਾਰੇ ਸਪੱਸ਼ਟ ਕਰ ਕੇ ਆਪਣੀ ਕਵਿਤਾ ਵਿੱਚ ਕਹਿੰਦੇ ਹਨ :

“ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ।”

ਅਤੇ ਭਾਈ ਸਾਹਿਬ ਇਸੇ ਕਵਿਤਾ ਦੇ ਅੰਤ ਵਿਚ ਮਨੁੱਖ ਨੂੰ ਸਮੇਂ ਬਾਰੇ ਚੇਤਾਵਨੀ ਦਿੰਦੇ ਹੋਏ ਆਖਦੇ ਹਨ :

ਹੋ! ਅਜੇ ਸੰਭਾਲ ਇਸ ਸਮੇਂ ਨੂੰ
ਕਰ ਸਫ਼ਲ ਉਡਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ
ਲੰਘ ਗਿਆ ਨਾ ਮੁੜ ਕੇ ਆਂਵਦਾ

ਜੋ ਟੁੱਟ ਚੁੱਕਿਐ, ਲੰਘ ਚੁੱਕਿਐ ਉਸਨੂੰ ਕਿਵੇਂ ਜੋੜਿਆ ਜਾਂ ਮੋੜਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਮੇਂ ਦੀ ਕੁੜੱਤਣ ਚੱਖ ਕੇ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਜੋ ਸਮਾਂ ਸਾਨੂੰ ਖ਼ੁਸ਼ੀ ਅਤੇ ਮਿਠਾਸ ਦੇ ਸਕਦਾ ਹੈ ਉਹ ਸਾਨੂੰ ਗ਼ਮੀ, ਦੁੱਖ ਤੇ ਦਰਦ ਵੀ ਦੇ ਸਕਦਾ ਹੈ। ਸਮੇਂ ਨੂੰ ਵੇਖਦੇ ਹੋਏ ਹਰ ਚੀਜ਼ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਸਮੇਂ ਦੇ ਨਾਲ-ਨਾਲ ਅਸੀਂ ਕਿੰਨੇ ਹੀ ਕੜੇ ਤਜ਼ਰਬ ਭੁੱਲਦੇ ਜਾਂਦੇ ਹਾਂ। ਬੀਤੇ ਨੂੰ ਯਾਦ ਕਰਕੇ ਆਉਣ ਵਾਲ ਸਮੇਂ ਨੂੰ ਤਬਾਹ ਨਾ ਕਰੋ। ਬੀਤੇ ਸਮੇਂ ਤੋਂ ਸਿਰਫ਼ ਸਬਕ ਲਵੋ ਤੇ ਸਮੇਂ ਨੇ ਜੋ ਤੁਹਾਨੂੰ ਜ਼ਖ਼ਮ ਦਿੱਤੇ ਹਨ ਤਾਂ ਸਮਾਂ ਹੀ ਉਨ੍ਹਾਂ ਨੂੰ ਭਰੇਗਾ। ਜੋ ਸਮਾਂ ਬੇਰਹਿਮ ਹੈ ਤਾਂ ਪਰਮ ਮਿੱਤਰ ਵੀ ਇਹੀ ਹੈ। ਇਸ ਸਮੇਂ ਨੂੰ ਅਸੀਂ ਕਿੰਝ ਬਿਤਾਉਣਾ ਹੈ ਇਹ ਸਾਡੇ ਆਪਣੇ ਹੱਥ ਹੈ। ਜੋ ਮਨੁੱਖ ਸਮੇਂ ਦੇ ਨਾਲ ਚਲਦੇ ਹਨ, ਸਮਾਂ ਉਨ੍ਹਾਂ ਦਾ ਹਾਣੀ ਹੋ ਕੇ ਚੱਲਦਾ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਉਦੇਸ਼ ਨੂੰ ਬਿਨਾਂ ਔਕੜਾਂ ਪੂਰਾ ਕਰ ਲੈਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਸਮੇਂ ਦੀ ਕਦਰ ਕਰਨੀ ਸਿੱਖੀਏ। ਅੱਜ ਦਾ ਕੰਮ ਅੱਜ ਹੀ ਕਰੀਏ ‘ਕੱਲ੍ਹ ਕਾਲ’ ਦਾ ਨਾਮ ਹੈ ਇਸ ਨੂੰ ਯਾਦ ਰੱਖਦੇ ਹੋਏ ਆਪਣੇ ਕੰਮਾਂ ਨੂੰ ਮੁਕੰਮਲ ਕਰੀਏ ਤਾਂ ਜੋ ਸਮਾਂ ਸਾਨੂੰ ਯਾਦ ਕਰੇ।