CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ – ਪੜ੍ਹਾਈ ਵਿੱਚ ਖੇਡਾਂ ਦਾ ਸਥਾਨ


ਪੜ੍ਹਾਈ ਵਿੱਚ ਖੇਡਾਂ ਦਾ ਸਥਾਨ


ਵਿਦਿਆ ਦਾ ਮਨੋਰਥ ਨਿਰੀ ਦਿਮਾਗੀ ਉੱਨਤੀ ਨਹੀਂ, ਸਗੋਂ ਮਨੁੱਖ ਦੀ ਸ਼ਖਸੀਅਤ ਦਾ ਸਰਬ-ਪੱਖੀ ਅਰਥਾਤ ਸਰੀਰਕ, ਮਾਨਸਿਕ, ਸਮਾਜਕ ਤੇ ਸਦਾਚਾਰਿਕ ਵਿਕਾਸ ਹੈ। ਇਹ ਵਿਕਾਸ ਕੇਵਲ ਕਿਤਾਬੀ ਪੜ੍ਹਾਈ ਨਾਲ ਸੰਭਵ ਨਹੀਂ, ਖੇਡਾਂ ਵੀ ਵਿਕਾਸ ਵਿਚ ਭਰਪੂਰ ਮਦਦ ਕਰਦੀਆਂ ਹਨ। ਖੇਡਾਂ ਸਰੀਰ ਰਿਸ਼ਟ-ਪੁਸ਼ਟ, ਚੁਸਤ ਤੇ ਫੁਰਤੀਲਾ ਬਣਾਉਂਦੀਆਂ ਹਨ। ਨੇਮ ਨਾਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਦਾ ਸਰੀਰ ਸੂਖਮ ਤੇ ਅਰੋਗ ਰਹਿੰਦਾ ਹੈ ਤੇ ਉਹ ਥੋੜ੍ਹੇ ਕੀਤੇ ਬੀਮਾਰੀਆਂ ਦੇ ਢਹੇ ਨਹੀਂ ਚੜ੍ਹਦਾ। ਵਧਦੇ ਬੱਚਿਆਂ ਤੇ ਪੜ੍ਹਾਈ ਲਈ ਖੇਡਾਂ ਦੀ ਵਿਸ਼ੇਸ਼ ਲੋੜ ਹੈ। ਇਸ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਪੜ੍ਹਾਈ ਦੇ ਸਮੇਂ ਵਿਚ ਇਨ੍ਹਾਂ ਵੱਲ ਪੂਰਾ ਧਿਆਨ ਦਿੱਤਾ ਜਾਏ ਤੇ ਇਨ੍ਹਾਂ ਨੂੰ ਵਿਦਿਆ ਦਾ ਇਕ ਮਹੱਤਵਪੂਰਨ ਅੰਗ ਸਮਝਿਆ ਜਾਏ।

ਪਰੰਤੂ ਇਹ ਸਮਝਣਾ ਭੁੱਲ ਹੈ ਕਿ ਖੇਡਾਂ ਸਿਰਫ ਸਰੀਰ ਨੂੰ ਬਲਵਾਨ ਤੇ ਅਰੋਗ ਰਖਦੀਆਂ ਹਨ। ਅਸਲ ਵਿਚ ਸਰੀਰਕ ਅਰੋਗਤਾ ਦੇ ਨਾਲ ਮਾਨਸਿਕ ਵਿਕਾਸ ਲਈ ਵੀ ਇਹ ਉਨੀਆਂ ਹੀ ਲੋੜੀਂਦੀਆਂ ਹਨ। ਇਹ ਖਿਆਲ ਵੀ ਗਲਤ ਹੈ ਕਿ ਖੇਡਾਂ ਪੜ੍ਹਾਈ ਵਿਚ ਬਾਧਿਕ ਹੁੰਦੀਆਂ ਹਨ। ਅੰਗਰੇਜ਼ੀ ਵਿਚ ਇਕ ਅਖਾਣ ਹੈ ਜਿਸ ਦਾ ਭਾਵ ਇਹ ਹੈ ‘ਨਰੋਆਂ ਮਨ ਨਰੋਏ ਸਰੀਰ ਵਿਚ ਹੀ ਹੋ ਸਕਦਾ ਹੈ।’ ਦੁਰਬਲ ਤੇ ਬੀਮਾਰ ਆਦਮੀ ਦਾ ਤਾਂ ਦਿਮਾਗ ਵੀ ਖੁੰਢਾ ਹੋ ਜਾਂਦਾ ਹੈ, ਉਹ ਸਾਂਤੀ ਨਾਲ ਪੜ੍ਹਾਈ ਕਰ ਹੀ ਨਹੀਂ ਸਕਦਾ। ਕਿਤਾਬੀ ਕੀੜੇ ਅਖੀਰ ਵਿਚ ਪੜ੍ਹਾਈ ਵੱਲੋਂ ਵੀ ਪਿੱਛੇ ਰਹਿ ਜਾਂਦੇ ਹਨ। ਖੇਡਾਂ ਦਿਮਾਗ ਨੂੰ ਚੁਸਤ ਤੇ ਤਾਜ਼ਾ ਰਖਦੀਆਂ ਹਨ। ਦਿਨ ਭਰ ਦੀ ਦਿਮਾਗੀ ਥਕਾਵਟ ਅਤੇ ਅਕੇਵਾਂ-ਥਕੇਵਾਂ ਦੂਰ ਕਰਨ ਲਈ ਖੇਡਾਂ ਇਕ ਰੱਬੀ ਤਾਕਤ ਅਤੇ ਦਿਲ ਪਰਚਾਵੇ ਦਾ ਵਧੀਆ ਤੇ ਨਰੋਆ ਸਾਧਨ ਹਨ। ਕਿਉਂ ਜੁ ਖੇਡਾਂ ਵਿਚ ਸਰੀਰ ਦੇ ਨਾਲ ਦਿਮਾਗ ਦੀ ਵੀ ਵਰਤੋਂ ਕਰਨੀ ਪੈਂਦੀ ਹੈ, ਇਸ ਲਈ ਇਹ ਮਾਨਸਿਕ ਵਿਕਾਸ ਵਿਚ ਵੀ ਸਹਾਇਤਾ ਕਰਦੀਆਂ ਹਨ।

ਮਾਨਸਿਕ ਵਿਕਾਸ ਨਾਲੋਂ ਵੀ ਖੇਡਾਂ ਦਾ ਇਕ ਵਡੇਰਾ ਲਾਭ ਇਹ ਹੈ ਕਿ ਇਹ ਖਿਡਾਰੀ ਵਿਚ ਕਈ ਸਮਾਜਕ ਤੇ ਸਦਾਚਾਰਿਕ ਗੁਣ ਪੈਦਾ ਕਰਦੀਆਂ ਹਨ। ਸਾਥ ਤੇ ਮੁਕਾਬਲੇ ਦੀਆਂ ਖੇਡਾਂ ਜਿਹਾ ਕਿ ਹਾਕੀ, ਫੁਟਬਾਲ, ਵਾਲੀਬਾਲ ਤੇ ਕ੍ਰਿਕਟ ਆਦਿ ਵਿਚ ਖਿਡਾਰੀ ਨੂੰ ਬਹੁਤ ਸਾਰੇ ਸਾਥੀਆਂ ਨਾਲ ਮਿਲ ਕੇ ਖੇਡਣਾ ਪੈਂਦਾ ਹੈ। ਇਸ ਲਈ ਉਸ ਨੂੰ ਸਮਾਜ ਵਿਚ ਚੰਗੇ ਵਰਤਣ ਵਿਹਾਰ ਤੇ ਮਿਲ-ਜੁਲ ਕੇ ਰਹਿਣ ਦੀ ਜਾਂਚ ਆ ਜਾਂਦੀ ਹੈ। ਕਿਉਂ ਜੁ ਉਸਦੇ ਨਾਲ ਖੇਡਣ ਵਾਲੇ ਹਰੇਕ ਧਰਮ, ਜਾਤੀ ਤੇ ਫਿਰਕੇ ਨਾਲ ਸੰਬੰਧ ਰੱਖਣ ਵਾਲੇ ਅਖੌਤੀ ਊਚ-ਨੀਚ ਸਭ ਜਾਤਾਂ ਵਿੱਚੋਂ ਹੁੰਦੇ ਹਨ, ਇਸ ਲਈ ਉਹਦੇ ਅੰਦਰੋਂ ਊਚ-ਨੀਚ ਦਾ ਭੇਦ ਹੀ ਮਿਟ ਜਾਂਦਾ ਹੈ ਤੇ ਉਹ ਸਭ ਮਨੁੱਖਾਂ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਸਿਖ ਲੈਂਦਾ ਹੈ। ਉਹ ਸੁਆਰਥ ਛਡ ਕੇ ਸਾਥੀਆਂ ਦੀ ਖਾਤਰ ਖੇਡਦਾ ਹੈ ਅਤੇ ਆਪਣੇ ਪਾਸੇ ਦੀ ਜਿੱਤ ਲਈ ਪੂਰਾ ਜ਼ੋਰ ਲਾਉਂਦਾ ਹੈ।

ਖੇਡਾਂ ਜੀਵਨ ਵਿਚ ਕੰਮ ਆਉਣ ਵਾਲੇ ਕਈ ਬਹੁਮੁੱਲੇ ਸਬਕ ਸਿਖਾ ਕੇ ਸਾਡੇ ਆਚਰਨ ਦਾ ਵਿਕਾਸ ਕਰਦੀਆਂ ਹਨ। ਖਿਡਾਰੀਆਂ ਨੂੰ ਨੇਮਾਂ ਵਿਚ ਚੱਲਣ, ਅਨੁਸ਼ਾਸਨ ਵਿਚ ਰਹਿਣ, ਕਪਤਾਨ ਦਾ ਹੁਕਮ ਮੰਨਣ ਤੇ ਰੈਫ਼ਰੀ ਦੇ ਫੈਸਲੇ ਅੱਗੇ ਸਿਰ ਝੁਕਾਉਣ ਦਾ ਸੁਤੇ-ਸਿਧ ਅਭਿਆਸ ਹੋ ਜਾਂਦਾ ਹੈ। ਚੰਗੇ ਖਿਡਾਰੀ ਜਿੱਤ-ਹਾਰ ਦਾ ਖਿਆਲ ਛਡ ਕੇ ਖੇਡ ਨੂੰ ਸਿਰਫ਼ ਖੇਡ ਦੀ ਖਾਤਰ ਹੀ ਖੇਡਦੇ ਹਨ ਤੇ ਰੋਂਡ ਨਹੀਂ ਮਾਰਦੇ। ਉਹ ਜਿੱਤ ਲਈ ਪੂਰਾ ਜ਼ੋਰ ਲਾਉਂਦੇ ਹਨ, ਪਰ ਇਹਦੇ ਲਈ ਅਯੋਗ ਢੰਗ ਨਹੀਂ ਵਰਤਦੇ। ਉਨ੍ਹਾਂ ਵਿਚ ਧੀਰਜ, ਸਹਿਨਸ਼ੀਲਤਾ ਤੇ ਦ੍ਰਿੜ੍ਹਤਾ ਆ ਜਾਂਦੀ ਹੈ। ਉਹ ਜਿੱਤ ਪ੍ਰਾਪਤ ਕਰਕੇ ਗਹਿਰ-ਗੰਭੀਰ ਰਹਿੰਦੇ ਹਨ ਤੇ ਹਰ ਹਾਰ ਵਿਚ ਦਿਲ ਨਹੀਂ ਛਡਦੇ । ਉਨ੍ਹਾਂ ਵਿੱਚ ਨਿਆਂਕਰਤਾ ਤੇ ਰਵਾਦਾਰੀ ਹੁੰਦੀ ਹੈ ਕਿ ਉਹ ਆਪਣੇ ਵਿਰੋਧੀਆਂ ਦੀ ਖੇਡ ਦੀ ਵੀ ਪ੍ਰਸੰਸਾ ਕਰਦੇ ਹਨ।

ਖੇਡਾਂ ਵਿਹਲੇ ਸਮੇਂ ਨੂੰ ਬਿਤਾਉਣ ਦਾ ਵਧੀਆ ਤੇ ਨਰੋਆ ਸਾਧਨ ਹਨ। ਅੰਗਰੇਜ਼ੀ ਵਿਚ ਇਕ ਅਖਾਣ ਹੈ ਕਿ ‘ਵਿਹਲਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੁੰਦਾ ਹੈ।’ ਇਸ ਦਾ ਭਾਵ ਇਹ ਹੈ ਕਿ ਵਿਹਲਾ ਬੰਦਾ ਕੋਈ ਨਾ ਕੋਈ ਸ਼ਰਾਰਤ ਜਾਂ ਚੰਗਾ-ਮੰਦਾ ਖ਼ਿਆਲ ਸੋਚਦਾ ਰਹਿੰਦਾ ਹੈ। ਇਸ ਬੁਰਾਈ ਤੋਂ ਬਚਣ ਲਈ ਜ਼ਰੂਰੀ ਹੈ ਕਿ ਮਨ ਨੂੰ ਆਹਰੇ ਲਾਈ ਰਖਿਆ ਜਾਏ ਤੇ ਵਿਦਿਆਰਥੀਆਂ ਲਈ ਖੇਡਾਂ ਹੀ ਸਭ ਤੋਂ ਚੰਗਾ ਆਹਰ ਹਨ। ਇਨ੍ਹਾਂ ਵਿਚ ਨਾ ਕੇਵਲ ਰੁਝੇਵਾਂ ਹੀ ਰਹਿੰਦਾ ਹੈ, ਸਗੋਂ ਇਸ ਰੁਝੇਵੇਂ ਵਿਚ ਦਿਲ ਖਿੜਦਾ ਹੈ ਤੇ ਚਿਤ ਪ੍ਰਸੰਨ ਹੁੰਦਾ ਹੈ। ਖੇਡਾਂ ਵਿਚ ਮਨੁੱਖ ਨੂੰ ਖੁੱਲ ਕੇ ਹੱਸਣ ਦਾ ਮੌਕਾ ਮਿਲਦਾ ਹੈ ਤੇ ਜਿਵੇਂ ਵੀ ਵਧੇਰੇ ਫਾਇਦੇਮੰਦ ਹੈ ਇਸ ਤੋਂ ਛੁਟ ਖੇਡਾਂ ਦਾ ਇਕ ਹੋਰ ਲਾਭ ਇਹ ਹੈ ਕਿ ਇਸ ਮਨ ਦਾ ਟਿਕਾਓ ਪੈਦਾ ਕਰਦੀਆਂ ਹਨ। ਜਿਹੜੀ ਅਵਸਥਾ ਜੋਗੀ ਤੇ ਸਾਧੂ-ਸੰਤ, ਜਪ-ਤਪ ਤੇ ਪੂਜਾ-ਪਾਠ ਨਾਲ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਹਰ ਕਿਸਮਾਂ ਦੇ ਫਿਕਰਾਂ, ਝੰਜਟਾਂ ਤੇ ਝਮੇਲਿਆਂ ਤੋਂ ਆਜ਼ਾਦ ਹੁੰਦੇ ਹਨ, ਇਸ ਲਈ ਖੇਡ ਉਨ੍ਹਾਂ ਵਿਚ ਮਨ ਦੀ ਇਕਾਗਰਤਾ ਪੈਦਾ ਕਰਕੇ ਇਕ ਕਿਸਮ ਦੀ ਪੂਜਾ ਹੋ ਨਿੱਬੜਦੀ ਹੈ।

ਸਾਰਾ ਮਨੁੱਖੀ-ਜੀਵਨ ਇਕ ਵੱਡੀ ਖੇਡ ਹੈ। ਸੋ ਸਕੂਲਾਂ-ਕਾਲਜਾਂ ਵਿਚ ਖੇਡਣ ਵਾਲੇ ਨੌਜਵਾਨ ਜੀਵਨ ਵਿਚ ਸੰਘਰਸ਼ ਕਰਨ ਦੀ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ। ਉਹ ਨਿਰਭੈ ਤੇ ਦਲੇਰ ਹੋ ਜਾਂਦੇ ਹਨ ਤੇ ਜੀਵਨ ਵਿਚ ਆਈਆਂ ਮੁਸ਼ਕਲਾਂ, ਔਕੜਾਂ ਤੇ ਹਾਰਾਂ ਦਾ ਬਹਾਦਰੀ, ਧੀਰਜ ਤੇ ਹਿੰਮਤ ਨਾਲ ਟਾਕਰਾ ਕਰ ਸਕਦੇ ਹਨ। ਇਕ ਅੰਗਰੇਜ਼ ਜਰਨੈਲ ਨੇ ਠੀਕ ਹੀ ਆਖਿਆ ਹੈ ਕਿ ‘ਜੰਗ ਤੇ ਮੈਦਾਨ ਵਿਚ ਪ੍ਰਾਪਤ ਕੀਤੀਆਂ ਜਿੱਤਾਂ ਦਾ ਮੁੱਢ ਸਕੂਲ ਦੇ ਖੇਡ-ਮੈਦਾਨਾਂ ਵਿਚ ਬਝਦਾ ਹੈ’। ਜੀਵਨ ਦੇ ਹੋਰ ਖੇਤਰਾਂ ਵਿਚ ਵੀ ਖੇਡਾਂ ਰਾਹੀਂ ਸਿੱਖੇ ਗਏ ਗੁਣ ਜਿਵੇਂ ਕਿ ਰਵਾਦਾਰੀ, ਨਿਆਂ, ਦ੍ਰਿੜ੍ਹਤਾ, ਅਨੁਸ਼ਾਸਨ, ਮਿਲਵਰਤਣ ਅਤੇ ਬੇਗਰਜ਼ੀ ਆਦਿ ਖਿਡਾਰੀ ਨੂੰ ਸਦਾਚਾਰੀ ਤੇ ਸਫਲ ਮਨੁੱਖ ਬਣਾਉਂਦੇ ਹਨ।

ਸੋ, ਕਿਸੇ ਵੀ ਪੱਖ ਤੋਂ ਵੇਖਿਆਂ, ਖੇਡਾਂ ਪੜ੍ਹਾਈ ਦਾ ਇਕ ਮਹੱਤਵਪੂਰਨ ਅੰਗ ਹਨ। ਇਹ ਚੰਗੀ ਗੱਲ ਹੈ ਕਿ ਹੁਣ ਸਕੂਲਾਂ ਤੇ ਕਾਲਜਾਂ ਵਿਚ ਇਨ੍ਹਾਂ ਨੂੰ ਦਿਨੋਂ-ਦਿਨ ਵਧੇਰੇ ਮਹੱਤਾ ਦਿੱਤੀ ਜਾ ਰਹੀ ਹੈ। ਪਰ ਅਜੇ ਵੀ ਇਸ ਪਾਸੇ ਬਹੁਤ ਕੁਝ ਕਰਨਾ ਬਾਕੀ ਹੈ। ਅੱਜ ਕਲ੍ਹ ਕੁਝ ਚੋਣਵੇਂ ਵਿਦਿਆਰਥੀ ਹੀ ਖੇਡਾਂ ਵਿਚ ਹਿੱਸਾ ਲੈਂਦੇ ਹਨ। ਸਕੂਲਾਂ ਵਿਚ ਹਰ ਰੋਜ਼ ਸਮੂਹਕ ਵਰਜ਼ਿਸ਼ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਸਾਰੇ ਵਿੱਦਿਅਕ ਆਸ਼ਰਮਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਭ ਵਿਦਿਆਰਥੀ ਸ਼ਾਮ ਵੇਲੇ ਕਿਸੇ ਨਾ ਕਿਸੇ ਖੇਡ ਵਿਚ ਜ਼ਰੂਰ ਹਿੱਸਾ ਲੈਣ।

ਖੇਡਾਂ ਵਿਚ ਕੇਵਲ ਇਕੋ ਹੀ ਨੁਕਸ ਹੈ ਕਿ ਇਨ੍ਹਾਂ ਵਿਚ ਮਨੋਰੰਜਨ ਦਾ ਅੰਸ਼ ਬਹੁਤ ਜ਼ਿਆਦਾ ਹੋਣ ਕਾਰਨ ਕਈ ਬੱਚਿਆਂ ਨੂੰ ਖੇਡਾਂ ਦਾ ਸ਼ੁਦਾ ਹੀ ਹੋ ਜਾਂਦਾ ਹੈ ਤੇ ਉਹ ਪੜ੍ਹਾਈ ਦਾ ਨੁਕਸਾਨ ਕਰਕੇ ਵੀ ਖੇਡਦੇ ਰਹਿੰਦੇ ਹਨ। ਜਿਵੇਂ ਕਿਤਾਬੀ ਕੀੜਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਖੇਡਾਂ ਦੇ ਰਸੀਆਂ, ਚੇਟਕੀਆਂ ਤੇ ਖ਼ਬਤੀਆਂ ਨੂੰ ਵੀ ਪੜ੍ਹਾਈ ਵੱਲ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ। ਠੀਕ ਅਸੂਲ, ਵਿਚਕਾਰਲਾ ਰਸਤਾ ਹੈ। ਸਿਹਤ ਦੀ ਕੁਰਬਾਨੀ ਦੇ ਕੇ ਪੜ੍ਹਾਈ ਨੂੰ ਕੁਰਬਾਨ ਕਰਕੇ ਖੇਡਾਂ ਵਿਚ ਮਸਤ ਰਹਿਣਾ ਦੋਵੇਂ ਹੀ ਹਾਨੀਕਾਰਕ ਹਨ।