CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਕੋਵਿਡ-19

ਵੈਸ਼ਵਿਕ ਮਹਾਮਾਰੀ— ਕੋਵਿਡ-19

ਭੂਮਿਕਾ : ਕੋਵਿਡ-19, ਭਾਵ ਕੋਰੋਨਾ ਵਾਇਰਸ ਡਿਸੀਜ਼, ਜਿਸ ਦੀ ਸ਼ੁਰੂਆਤ 2019 ਵਿੱਚ ਚੀਨ ਵਿਖੇ ਹੋਈ। ਕੋਰੋਨਾ ਵਾਇਰਸ ਇੱਕ ਅਜਿਹਾ ਸੂਖ਼ਮ ਵਾਇਰਸ ਹੈ, ਜਿਸ ਨੂੰ ਵੇਖਿਆ ਤਾਂ ਨਹੀਂ ਜਾ ਸਕਦਾ ਪਰ ਇਸ ਜਾਨ-ਲੇਵਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਭੜਥੂ ਪਾ ਦਿੱਤਾ। ਇਹ ਛੂਤ ਦੀ ਬਿਮਾਰੀ ਹੈ, ਜੋ ਬਿਮਾਰ ਦੇ ਸੰਪਰਕ ਵਿੱਚ ਆਉਣ ਨਾਲ ਬੜੀ ਤੇਜ਼ੀ ਨਾਲ ਫੈਲਦੀ ਹੈ। ਇਸ ਕਾਰਨ ਪੂਰੀ ਦੁਨੀਆ ਵਿੱਚ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਵਿਸ਼ਵ ਸਿਹਤ ਸੰਸਥਾ (WHO) ਨੇ ਇਸ ਬਿਮਾਰੀ ਨੂੰ 11 ਮਾਰਚ, 2020 ਨੂੰ ਮਹਾਮਾਰੀ ਐਲਾਨ ਕਰ ਦਿੱਤਾ।

ਮਹਾਮਾਰੀ ਦਾ ਅਰਥ : ਮਹਾਮਾਰੀ ਤੋਂ ਭਾਵ ਅਜਿਹੀ ਬਿਮਾਰੀ, ਜੋ ਵਿਸ਼ਾਲ ਪੱਧਰ ‘ਤੇ ਫੈਲ ਕੇ ਸੈਂਕੜੇ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਹ ਬਿਮਾਰੀ ਕਿਸੇ ਇੱਕ ਸ਼ਹਿਰ, ਸੂਬੇ ਜਾਂ ਦੇਸ਼ ਵਿੱਚ ਨਹੀਂ ਫੈਲੀ, ਸਗੋਂ ਇਸ ਨੇ ਪੂਰੇ ਵਿਸ਼ਵ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ ਤੇ ਚਾਰੇ-ਪਾਸੇ ‘ਕੋਰੋਨਾ-ਕੋਰੋਨਾ’ ਹੋ ਗਈ। ਇਸੇ ਕਰ ਕੇ ‘ਕੋਵਿਡ-19’ ਇੱਕ ਵੈਸ਼ਵਿਕ ਮਹਾਮਾਰੀ ਬਣ ਗਈ। ਇਸ ਨੇ ਪੂਰੀ ਦੁਨੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।

ਸ਼ੁਰੂਆਤ : ਇਸ ਦੈਂਤ ਰੂਪੀ ਵਾਇਰਸ ਨੂੰ ਸਭ ਤੋਂ ਪਹਿਲਾਂ ਚੀਨ ਦੇ ਸ਼ਹਿਰ ‘ਵੂਹਾਨ’ ਵਿੱਚ ਵੇਖਿਆ ਗਿਆ। ਚੀਨ ਨੇ ਪਹਿਲਾਂ ਤਾਂ ਕੋਰੋਨਾ ਵਾਇਰਸ ਦੀ ਖ਼ਬਰ ਛੁਪਾ ਕੇ ਰੱਖੀ, ਪਰ ਜਦੋਂ ਇਸ ਬਿਮਾਰੀ ਕਾਰਨ ਲੱਖਾਂ-ਕਰੋੜਾਂ ਚੀਨੀ ਲੋਕ ਮੌਤ ਦੇ ਮੂੰਹ ਚਲੇ ਗਏ ਤਾਂ ਇਸ ਵਾਇਰਸ ਦੀ ਖ਼ਬਰ ਅੱਗ ਵਾਂਗ ਦੇਸ਼ ਵਿੱਚ ਫੈਲ ਗਈ। ਇਸ ਦੇ ਫੈਲਣ ਬਾਰੇ ਵੀ ਵੱਖ-ਵੱਖ ਕਿਆਸ ਲਗਾਏ ਗਏ। ਕਦੇ ਚਮਗਿੱਦੜ ਦੇ ਕਾਰਨ ਫੈਲਣ ਦੀ ਖ਼ਬਰ ਆਈ ਅਤੇ ਕਦੇ ਚੀਨ ਦੀ ਪ੍ਰਯੋਗਸ਼ਾਲਾ ਵਿੱਚੋਂ ਲੀਕ ਹੋਣ ਬਾਰੇ ਦੱਸਿਆ ਗਿਆ। ਛੂਤ ਦੀ ਬਿਮਾਰੀ ਹੋਣ ਕਾਰਨ ਚਾਰੇ ਪਾਸੇ ਇਸ ਤੋਂ ਬਚਾਓ ਲਈ ਉਪਰਾਲੇ ਕੀਤੇ ਜਾਣ ਲੱਗੇ। ਭਾਰਤ ਵਿੱਚ ਸਭ ਤੋਂ ਪਹਿਲਾ ਕੇਸ ‘ਕੇਰਲ’ ਵਿੱਚ 27 ਜਨਵਰੀ, 2020 ਨੂੰ ਪਾਇਆ ਗਿਆ।

ਮਹਾਮਾਰੀ ਦਾ ਫੈਲਣਾ : ਵੇਖਦਿਆਂ ਹੀ ਵੇਖਦਿਆਂ ਕੋਰੋਨਾ ਵਾਇਰਸ ਇੱਕ-ਇੱਕ ਕਰ ਕੇ ਸਾਰੇ ਦੇਸ਼ਾਂ ਵਿੱਚ ਫੈਲ ਗਿਆ। ਇਹ ਗੱਲ ਅਲੱਗ ਹੈ ਕਿ ਕਿਤੇ ਤਾਂ ਇਸ ਦਾ ਕਹਿਰ ਵੱਧ ਵੇਖਣ ਨੂੰ ਮਿਲਿਆ ਅਤੇ ਕਿਤੇ-ਕਿਤੇ ਥੋੜ੍ਹਾ ਘੱਟ ਅਸਰ ਹੋਇਆ। ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚ ਗਈ। ਚੀਨ ਵਿੱਚ ਇਸ ਤੋਂ ਬਚਣ ਲਈ ਤਾਲਾਬੰਦੀ ਕੀਤੀ ਗਈ ਸੀ। ਇਸ ਕਰ ਕੇ ਬਾਕੀ
ਮੁਲਕ ਵੀ ਓਸੇ ਰਾਹ ‘ਤੇ ਤੁਰ ਪਏ। ਛੂਤ ਦੀ ਬਿਮਾਰੀ ਹੋਣ ਕਾਰਨ ਇਸ ਦਾ ਇੱਕੋ-ਇੱਕ ਇਲਾਜ ਤਾਲਾਬੰਦੀ ਹੀ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ 22 ਮਾਰਚ 2020 ਨੂੰ ਇੱਕ ਦਿਨ ਦਾ ‘ਜਨਤਕ ਕਰਫਿਊ’ ਲਗਾਇਆ ਗਿਆ ਪਰ ਲਗਾਤਾਰ ਵਧਦੇ ਕੇਸ ਵੇਖ ਕੇ 25 ਮਾਰਚ ਤੋਂ ਤਾਲਾਬੰਦੀ ਦੀ ਐਲਾਨ ਕਰ ਦਿੱਤਾ ਗਿਆ ਸੀ, ਜੋ ਮਈ ਮਹੀਨੇ ਤੱਕ ਰਹੀ। ਵਿਸ਼ਵ ਪੱਧਰ ‘ਤੇ ਇਸ ਦੇ ਇਲਾਜ ਲਈ ਵੈਕਸੀਨ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਅੱਜ ਭਾਰਤ ਦੇ ਨਾਲ-ਨਾਲ ਹੋਰ ਵੀ ਅਨੇਕਾਂ ਦੇਸ਼ ਇਸ ਦੀ ਵੈਕਸੀਨ ਬਣਾਉਣ ਵਿੱਚ ਸਫ਼ਲ ਹੋ ਚੁੱਕੇ ਹਨ।

ਰੂਪ ਅਤੇ ਲੱਛਣ : ਕੋਰੋਨਾ ਵਾਇਰਸ ਨੂੰ ਅਸੀਂ ‘ਬਹੁ-ਰੂਪੀ ਵਾਇਰਸ’ ਦਾ ਨਾਂ ਦੇ ਸਕਦੇ ਹਾਂ ਕਿਉਂਕਿ ਇਹ ਇੱਕ ਤੋਂ ਜ਼ਿਆਦਾ ਰੂਪਾਂ ਵਿੱਚ ਨਜ਼ਰ ਆਇਆ। ਸ਼ੁਰੂ-ਸ਼ੁਰੂ ਵਿੱਚ ਇਸ ਵਾਇਰਸ ਦਾ ਸਭ ਤੋਂ ਬੁਰਾ ਪ੍ਰਭਾਵ ਫੇਫੜਿਆਂ ‘ਤੇ ਪਿਆ ਅਤੇ ਜ਼ੁਕਾਮ, ਖ਼ਾਂਸੀ ਤੇ ਬੁਖ਼ਾਰ ਦੇ ਲੱਛਣ ਸਾਹਮਣੇ ਆਏ, ਪਰ ਬਾਅਦ ਵਿੱਚ ਅਨੇਕ ਅਜਿਹੇ ਲੋਕ ਵੀ ਕਰਨਾ ਪੌਜ਼ਟਿਵ ਪਾਏ ਗਏ, ਜਿਨ੍ਹਾਂ ਵਿੱਚ ਉਪਰੋਕਤ ਕੋਈ ਲੱਛਣ ਨਹੀਂ ਸੀ। ਤਦ ਵਿਗਿਆਨੀਆਂ ਨੇ ਕੋਰੋਨਾ ਦੇ ਨਵੇਂ ਰੂਪ ਦੀ ਪੁਸ਼ਟੀ ਕੀਤੀ, ਜਿਸ ਦੇ ਲੱਛਣ ਪੂਰਾ ਸਰੀਰ ਦਰਦ, ਗਲਾ ਦਰਦ, ਖ਼ਾਰਸ਼, ਦਸਤ ਅਤੇ ਅੱਖਾਂ ਪੀੜ ਆਦਿ ਸਨ।

ਮਾਰੂ ਪ੍ਰਭਾਵ : ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਪੂਰੀ ਦੁਨੀਆ ਵਿੱਚ ਪ੍ਰਤੱਖ ਨਜ਼ਰ ਆ ਰਹੇ ਹਨ। ਇਸ ਨੇ ਵਿਸ਼ਵ ਪੱਧਰ ‘ਤੇ ਮਨੁੱਖ ਦੀ ਜੀਵਨ ਸ਼ੈਲੀ ਹੀ ਬਦਲ ਕੇ ਰੱਖ ਦਿੱਤੀ ਹੈ। ਇਸ ਨੇ ਆਰਥਿਕ ਪੱਖੋਂ ਐਸੀ ਗਹਿਰੀ ਸੱਟ ਮਾਰੀ ਕਿ ਅਨੇਕ ਲੋਕ ਭੁੱਖੇ ਮਰ ਰਹੇ ਹਨ। ਛੋਟੇ-ਮੋਟੇ ਵਪਾਰੀ ਤਾਂ ਕੀ, ਇਸ ਬਿਮਾਰੀ ਨੇ ਵੱਡੇ-ਵੱਡੇ ਵਪਾਰੀਆਂ ਦੀ ਵੀ ਕਮਰ ਤੋੜ ਦਿੱਤੀ ਹੈ ਅਤੇ ਨੌਕਰੀ-ਪੇਸ਼ਾ ਲੋਕ ਬੇਰੁਜ਼ਗਾਰ ਹੋ ਗਏ। ਅਜਿਹੇ ਸਮੇਂ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋਣ ਕਾਰਨ ਬੱਚੇ, ਬੁੱਢੇ ਤੇ ਜਵਾਨ ਹਰ ਕੋਈ ਮਾਨਸਕ ਤਣਾਓ ਨਾਲ ਗ੍ਰਸਤ ਹੋ ਰਿਹਾ ਹੈ।