ਅੱਜ ਮੀਂਹ ਪੈਂਦਾ ਵੇਖ ਕੇ ਪਤਾ ਨਹੀਂ ਮਨ ਕਿਵੇਂ ਆਪਣੇ ਬਚਪਨ ਨਾਲ ਜਾ ਜੁੜਿਆ। ਜਦੋਂ ਮੀਂਹ ਪੈਣ ਲਗਦਾ ਗਲੀ ਦੇ ਸਾਰੇ ਬੱਚੇ ਝੱਗੇ ਲਾਹ ਕੇ ਗਲੀ ਵਿੱਚ ਇਕੱਠੇ ਹੋ ਜਾਂਦੇ।
ਉੱਚੀ – ਉੱਚੀ ਗਾਉਂਦੇ, “ਰੱਬਾ – ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।”
ਅਸੀਂ ਸਕੂਲ ਵਾਲੀਆਂ ਕਾਪੀਆਂ ਦੇ ਵਰਕੇ ਫਾੜ ਕੇ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਤੈਰਨ ਲਈ ਛੱਡ ਦਿੰਦੇ। ਜੇ ਕਿਸੇ ਦੀ ਕਸ਼ਤੀ ਕਿਨਾਰੇ ‘ਤੇ ਲੱਗ ਜਾਂਦੀ ਉਹ ਖੁਸ਼ ਹੋ ਜਾਂਦਾ, ਪਰ ਕਿਸ਼ਤੀ ਡੁੱਬਣ ‘ਤੇ ਬੜਾ ਦੁਖੀ ਹੁੰਦਾ। ਕਿਸੇ ਦੇ ਘਰ ਦੇ ਪਾਣੀ ਵਿੱਚ ਭਿੱਜਣ ਤੋਂ ਰੋਕਦੇ ਨਹੀਂ ਸਨ।
ਖੇਤੀ ਲਈ ਮੀਂਹ ਕਿੰਨਾ ਕੁ ਪਿਆ, ਬਾਰੇ ਦੱਸਣ ਦਾ ਵੀ ਆਪਣਾ ਤਰੀਕਾ ਸੀ ਜਿਵੇਂ ਛਿੜਕਾ ਛੀਂਬਾ ਹੀ ਹੋਇਆ ਮੀਂਹ ਤਾਂ ਪਿਆ ਨਹੀਂ।
ਥੋੜ੍ਹਾ ਵੱਧ ਦੱਸਣਾ ਹੁੰਦਾ ਤਾਂ ਜ਼ਮੀਨ ਵਿੱਚ ਹੋਈ ਗਿੱਲ ਦੇ ਹਿਸਾਬ ਗਿਣਤੀ ਹੁੰਦੀ। ਇੱਕ ਉਂਗਲ, ਦੋ ਉਂਗਲਾਂ। ਇਸ ਤਰ੍ਹਾਂ ਮੀਂਹ ਦੇ ਹਿਸਾਬ ਉਂਗਲਾਂ ਦੀ ਗਿਣਤੀ ਵਧਦੀ ਜਾਂਦੀ।
ਇਸੇ ਤਰ੍ਹਾਂ ਮੀਂਹ ਤਾਂ ਭਾਈ ਚੰਗਾ ਪੈ ਗਿਆ, ਗਿੱਲ ਨਾਲ ਗਿੱਲ ਰਲ ਗਈ।
ਬਹੁਤ ਜ਼ਿਆਦਾ ਮੀਂਹ ਵਰ੍ਹਦਾ ਤਾਂ ਉਹ ਵੱਟਾਂ ਤੋੜ ਹੁੰਦਾ।
ਸਮੇਂ ਦੇ ਨਾਲ ਬੜਾ ਕੁਝ ਬਦਲਦਾ ਰਹਿੰਦਾ ਹੈ। ਇਸੇ ਤਰ੍ਹਾਂ ਮੀਂਹ ਸਬੰਧੀ ਰਾਏ ਜਾਂ ਬੋਲੇ ਜਾਣ ਵਾਲੇ ਸ਼ਬਦ ਵੀ ਬਦਲ ਰਹੇ ਹਨ।