ਪੈਰਾ ਰਚਨਾ : ਦਾਜ ਦੀ ਸਮੱਸਿਆ
ਸਾਡੇ ਦੇਸ਼ ਵਿਚ ਦਾਜ ਦੀ ਸਮੱਸਿਆ ਵਰਤਮਾਨ ਜੀਵਨ ਦੀ ਭਖਦੀ ਸਮੱਸਿਆ ਹੈ। ਇਹ ਇਕ ਵੱਡੀ ਬੁਰਾਈ ਹੈ। ਇਹ ਸਾਡੇ ਸਮਾਜ ਦੇ ਮੱਥੇ ਉੱਪਰ ਇਕ ਕਲੰਕ ਹੈ। ਇਹ ਠੀਕ ਹੈ ਕਿ ਇਹ ਅਮੀਰਾਂ ਦਾ ਦਿਲ-ਪਰਚਾਵਾ ਹੈ, ਪਰ ਇਹ ਗ਼ਰੀਬਾਂ ਲਈ ਇਕ ਸਰਾਪ ਹੈ। ਅਮੀਰ ਲੋਕ ਆਪਣੀਆਂ ਧੀਆਂ ਦੇ ਵਿਆਹ ਸਮੇਂ ਆਪਣੇ ਧਨ ਦਾ ਦਿਖਾਵਾ ਕਰਦੇ ਹਨ। ਮੱਧ ਸ਼੍ਰੇਣੀ ਅਤੇ ਹੇਠਲੀ ਸ਼੍ਰੇਣੀ ਦੇ ਲੋਕ ਅਮੀਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਵਿਚ ਆਪਣਾ ਝੁੱਗਾ ਚੌੜ ਕਰ ਲੈਂਦੇ ਹਨ। ਦਾਜ ਇਕ ਪ੍ਰਕਾਰ ਦੀ ਲਾੜੇ ਦੀ ਕੀਮਤ ਹੈ ਅਤੇ ਕੁੜੀਆਂ ਦੀ ਇਕ ਪ੍ਰਕਾਰ ਦੀ ਬੇਸ਼ਰਮੀ ਭਰੀ ਵਿੱਕਰੀ। ਦਾਜ ਦੀ ਰੀਤ ਨੇ ਸਮਾਜ ਵਿਚ ਇਸਤਰੀ ਦੇ ਦਰਜੇ ਨੂੰ ਬਹੁਤ ਹੀ ਨੀਵਾਂ ਕਰ ਦਿੱਤਾ ਹੈ। ਦਾਜ ਤੋਂ ਬਿਨਾਂ ਕੁੜੀ ਦਾ ਵਿਆਹ ਕਰਨਾ ਸੰਭਵ ਨਹੀਂ, ਜਿਸ ਕਰਕੇ ਸਾਡੇ ਸਮਾਜ ਵਿਚ ਕੁੜੀ ਦੇ ਜਨਮ ਦਾ ਸਵਾਗਤ ਨਹੀਂ ਕੀਤਾ ਜਾਂਦਾ। ਅਨੇਕਾਂ ਨਵੀਆਂ ਵਿਆਹੀਆਂ ਕੁੜੀਆਂ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈ, ਜਦੋਂ ਉਨ੍ਹਾਂ ਨੂੰ ਸੱਸ-ਸਹੁਰੇ ਜਾਂ ਪਤੀ ਵਲੋਂ ਘੱਟ ਦਾਜ ਲਿਆਉਣ ਦੇ ਬਦਲੇ ਤੰਗ ਕੀਤਾ ਜਾਂਦਾ ਹੈ ਜਾਂ ਉਸ ਨੂੰ ਮਾਪਿਆਂ ਤੋਂ ਨਕਦੀ ਲਿਆ ਕੇ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਕਈ ਵਾਰੀ ਲਾਲਚੀ ਸਹੁਰੇ ਨੂੰਹ ਨੂੰ ਆਪਣੀਆਂ ਫ਼ਰਮਾਇਸ਼ਾਂ ਪੂਰੀਆਂ ਨਾ ਕਰਨ ਕਰਕੇ ਬੜੀ ਨਿਰਦੈਤਾ ਨਾਲ ਸਾੜ ਕੇ ਮਾਰ ਦਿੰਦੇ ਹਨ। ਕਈ ਵਾਰੀ ਤੰਗ ਆਈਆਂ ਨੂੰਹਾਂ ਆਪ ਹੀ ਆਤਮ-ਘਾਤ ਕਰ ਲੈਂਦੀਆਂ ਹਨ। ਦਾਜ ਸਮੱਸਿਆ ਤੋਂ ਵਾਪਰਨ ਵਾਲੇ ਇਨ੍ਹਾਂ ਦੁਖਾਂਤਾਂ ਦੀਆਂ ਖ਼ਬਰਾਂ ਅਸੀਂ ਹਰ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਹਾਂ। ਇਸ ਪ੍ਰਕਾਰ ਦਾਜ ਇਕ ਭਿਆਨਕ ਸਮਾਜਿਕ ਬੁਰਾਈ ਹੈ, ਜਿਸ ਦਾ ਹਰ ਕੀਮਤ ਤੇ ਖ਼ਾਤਮਾ ਕਰਨਾ ਜ਼ਰੂਰੀ ਹੈ। ਸਾਡੀ ਸਰਕਾਰ ਨੇ ਇਸ ਬੁਰਾਈ ਦੇ ਖ਼ਾਤਮੇ ਲਈ ਕੁੱਝ ਕਦਮ ਚੁੱਕੇ ਵੀ ਹਨ, ਪਰ ਇਹ ਬਹੁਤੇ ਅਸਰਦਾਇਕ ਸਾਬਤ ਨਹੀਂ ਹੋ ਰਹੇ। ਅਸਲ ਵਿਚ ਇਸ ਬੁਰਾਈ ਦਾ ਖ਼ਾਤਮਾ ਕਰਨ ਲਈ ਨੌਜਵਾਨਾਂ ਤੇ ਮੁਟਿਆਰਾਂ ਨੂੰ ਆਪ ਅੱਗੇ ਆਉਣਾ ਚਾਹੀਦਾ ਹੈ। ਲੜਕਿਆਂ ਨੂੰ ਆਪਣੇ ਮਾਪਿਆਂ ਦੁਆਰਾ ਕੀਤੇ ਜਾਂਦੇ ਦਾਜ ਦੇ ਲਾਲਚ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਨੂੰ ਅਜਿਹੇ ਲੜਕਿਆਂ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਵਲੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਦਾਜ ਦੀ ਮੰਗ ਕੀਤੀ ਜਾਵੇ। ਕੁੜੀਆਂ ਨੂੰ ਵਿੱਦਿਆ ਪ੍ਰਾਪਤ ਕਰ ਕੇ ਸ੍ਵੈ-ਨਿਰਭਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਦਾਜ ਦੇ ਲਾਲਚੀ ਸਹੁਰਿਆ ਨਾਲੋਂ ਵੱਖ ਹੋ ਕੇ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ। ਇਸ ਦੇ ਨਾਲ ਹੀ ਸਰਕਾਰ ਦੁਆਰਾ ਇਸ ਨੂੰ ਗ਼ੈਰ-ਕਾਨੂੰਨੀ ਐਲਾਨ ਕਰਨ ਦੇ ਨਾਲ ਇਸ ਵਿਰੁੱਧ ਜ਼ੋਰਦਾਰ ਲੋਕ-ਰਾਏ ਵੀ ਪੈਦਾ ਕਰਨੀ ਚਾਹੀਦੀ ਹੈ।