ਪੈਰਾ ਰਚਨਾ : ਇੱਕ ਅਨੁਭਵ (ਭੀੜ-ਭਰੀ ਬੱਸ ਦੀ ਯਾਤਰਾ ਦਾ)


ਉਂਞ ਤਾਂ ਜੀਵਨ ਆਪਣੇ ਆਪ ਵਿੱਚ ਹੀ ਇੱਕ ਸਫ਼ਰ ਹੈ ਪਰ ਕਈ ਵਾਰ ਮਨੁੱਖ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਗੱਡੀ ਜਾਂ ਬੱਸ ਦੇ ਸਹਾਰੇ ਦੀ ਲੋੜ ਹੁੰਦੀ ਹੈ। ਕਈ ਵਾਰ ਸਫ਼ਰ ਦਾ ਵੀ ਬੜਾ ਅਨੋਖਾ ਅਨੁਭਵ ਹੁੰਦਾ ਹੈ। ਇੱਕ ਵਾਰ ਮੈਨੂੰ ਜਲੰਧਰ ਸ਼ਹਿਰ ਤੋਂ ਆਪਣੇ ਪਿੰਡ……..ਤੱਕ ਆਖ਼ਰੀ ਬੱਸ ‘ਤੇ ਸਫ਼ਰ ਕਰਨਾ ਪਿਆ। ਬੱਸ-ਅੱਡੇ ‘ਤੇ ਪਹੁੰਚਿਆ ਤਾਂ ਬੱਸ ਪੂਰੀ ਤਰ੍ਹਾਂ ਭਰ ਚੁੱਕੀ ਸੀ। ਮੈਨੂੰ ਮੁਸ਼ਕਲ ਨਾਲ ਖੜ੍ਹੇ ਹੋਣ ਲਈ ਹੀ ਥਾਂ ਮਿਲੀ। ਗਰਮੀ ਬਹੁਤ ਸੀ। ਹਰ ਕਿਸੇ ਨੂੰ ਘਰ ਪਹੁੰਚਣ ਦੀ ਕਾਹਲੀ ਸੀ। ਸਵਾਰੀਆਂ ਬੱਸ ਦੀ ਛੱਤ ‘ਤੇ ਵੀ ਚੜ੍ਹ ਰਹੀਆਂ ਸਨ। ਲੋਕ ਇੱਕ-ਦੂਜੇ ਨੂੰ ਧੱਕੇ ਦੇ ਕੇ ਅਜੇ ਵੀ ਬੱਸ ਅੰਦਰ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਪਰ ਕੰਡਕਟਰ ਨੇ ਸੀਟੀ ਵਜਾਈ ਅਤੇ ਡ੍ਰਾਈਵਰ ਨੇ ਬੱਸ ਤੋਰ ਲਈ। ਕੁਝ ਸੁੱਖ ਦਾ ਸਾਹ ਆਇਆ। ਕੰਡਕਟਰ ਨੇ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦ ਮੈਂ ਪੈਸੇ ਕੱਢਣ ਲਈ ਜੇਬ ਵਿੱਚ ਹੱਥ ਪਾਇਆ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਕਿਸੇ ਨੇ ਮੇਰੀ ਜੇਬ ਕੱਟ ਲਈ ਸੀ। ਹੁਣ ਕੀ ਬਣੇਗਾ-ਇਹ ਸੋਚ ਹੀ ਰਿਹਾ ਸਾਂ ਕਿ ਮੈਨੂੰ ਆਪਣੇ ਪਿੰਡ ਦੇ ਇੱਕ ਸੱਜਣ ਦਿਖਾਈ ਦਿੱਤੇ। ਮੈਂ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਉਹਨਾਂ ਮੇਰੀ ਵੀ ਟਿਕਟ ਲੈ ਲਈ। ਰਸਤੇ ਵਿੱਚ ਲੋਕ ਆਪੋ-ਆਪਣੇ ਟਿਕਾਣਿਆਂ ‘ਤੇ ਉੱਤਰ ਰਹੇ ਸਨ। ਪਰ ਜਿੱਥੇ ਦੋ ਉੱਤਰਦੇ ਸਨ ਉੱਥੋਂ ਚਾਰ ਹੋਰ ਚੜ੍ਹ ਜਾਂਦੇ ਸਨ। ਇਸ ਤਰ੍ਹਾਂ ਬੱਸ ਵਿੱਚ ਭੀੜ ਘਟਣ ਵੀ ਥਾਂ ਵਧ ਰਹੀ ਸੀ। ਅਚਾਨਕ ਪਿੱਛੋਂ ਇੱਕ ਧੱਕਾ ਵੱਜਾ। ਮੈਂ ਅਗਲੀ ਸਵਾਰੀ ‘ਤੇ ਜਾ ਪਿਆ। ਸਵਾਰੀ ਮੇਰੇ ਗਲ ਪੈਣ ਲੱਗੀ ਪਰ ਮੈਂ ਹੱਥ ਜੋੜ ਕੇ ਉਸ ਤੋਂ ਜਾਨ ਛੁਡਾਈ। ਥੋੜ੍ਹੀ ਦੇਰ ਬਾਅਦ ਮੇਰਾ ਪਿੰਡ ਆ ਗਿਆ। ਬੱਸ ‘ਚੋਂ ਉਤਰ ਕੇ ਮੈਂ ਸ਼ੁਕਰ ਕੀਤਾ। ਆਪਣੇ ਪਿੰਡ ਦੇ ਸੱਜਣ ਪੁਰਸ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਔਖੇ ਸਮੇਂ ਮੇਰੀ ਮਦਦ ਕੀਤੀ। ਹੁਣ ਜਦ ਵੀ ਮੈਂ ਬੱਸ ਦਾ ਸਫ਼ਰ ਕਰਦਾ ਹਾਂ ਤਾਂ ਮੈਨੂੰ ਇਸ ਯਾਤਰਾ ਦਾ ਹੋਇਆ ਅਨੁਭਵ ਯਾਦ ਆ ਜਾਂਦਾ ਹੈ ਅਤੇ ਮੈਂ ਆਪਣੀਆਂ ਜੇਬਾਂ ਵਿੱਚ ਹੱਥ ਪਾ ਲੈਂਦਾ ਹਾਂ।