ਪੈਰਾ ਰਚਨਾ : 21ਵੀਂ ਸਦੀ ਦਾ ਭਾਰਤ ਜਾਂ ਸਾਡੇ ਸੁਪਨਿਆਂ ਦਾ ਭਾਰਤ


21ਵੀਂ ਸਦੀ ਦਾ ਭਾਰਤ ਜਾਂ ਸਾਡੇ ਸੁਪਨਿਆਂ ਦਾ ਭਾਰਤ


ਇੱਕੀਵੀਂ ਸਦੀ ਦਾ ਭਾਰਤ ਪਿਛਲੀ ਸਦੀ ਅਤੇ ਵਰਤਮਾਨ ਸਦੀ ਦੇ ਆਰੰਭ ਦੇ ਲੋਕਾਂ ਦੇ ਸੁਪਨਿਆਂ ਦਾ ਭਾਰਤ ਹੈ। ਬਹੁਤ ਸਾਰੇ ਲੋਕ ਭਾਰਤ ਦੇ ਭੂਤ ਅਤੇ ਵਰਤਮਾਨ ਦੇ ਹਾਲਾਤ ਨੂੰ ਵੇਖ ਕੇ ਇਸ ਦੀਆਂ ਵਰਤਮਾਨ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਅਧਾਰ ਬਣਾ ਕੇ ਭਵਿੱਖ ਦੇ ਭਾਰਤ ਬਾਰੇ ਭਵਿੱਖਬਾਣੀ ਕਰਦੇ ਹਨ। ਇਨ੍ਹਾਂ ਲੋਕਾਂ ਅਤੇ ਸਾਡੀਆਂ ਸੋਚਾਂ ਅਨੁਸਾਰ ਰਾਜਨੀਤਕ ਖੇਤਰ ਵਿੱਚ ਭਾਰਤ ਅੰਦਰ ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਜਾਣਗੀਆਂ। ਇੱਥੇ ਪੰਚਾਇਤੀ ਰਾਜ ਨੂੰ ਵਧੇਰੇ ਅਧਿਕਾਰ ਦਿੱਤੇ ਜਾਣਗੇ। ਅਨਪੜ੍ਹਤਾ ਘਟਣ ਨਾਲ ਵੋਟਰਾਂ ਵਿੱਚ ਜਾਗ੍ਰਿਤੀ ਆਏਗੀ। ਲੋਕਪਾਲ ਮੰਤਰੀਆਂ ਅਤੇ ਅਫ਼ਸਰਾਂ ਦੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੰਮ ਕਰਨਗੇ। ਇਹ ਗੱਲ ਵੀ ਯਕੀਨਨ ਬਣਦੀ ਜਾ ਰਹੀ ਹੈ ਕਿ ਜਦੋਂ ਵੀ ਸਰਕਾਰ ਜਾਂ ਕੋਈ ਵੱਡੀ ਤਾਕਤ ਜ਼ਿਆਦਤੀ ਜਾਂ ਵੱਡੀ ਅਣਗਹਿਲੀ ਕਰੇਗੀ, ਤਦ ਲੋਕ ਸੜਕਾਂ ‘ਤੇ ਆ ਜਾਇਆ ਕਰਨਗੇ। ਲੋਕ-ਅਵਾਜ਼ ਅੱਗੇ ਸਰਕਾਰ ਤੇ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਝੁਕਣਾ ਪਵੇਗਾ। ਹਰ ਚੋਣ ਤੋਂ ਪਿੱਛੋਂ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਬਦਲਿਆ ਕਰਨਗੀਆਂ। ਸ਼ਕਤੀਆਂ ਦਾ ਵਿਕੇਂਦਰੀਕਰਨ ਹੋਵੇਗਾ ਅਤੇ ਕੇਂਦਰੀ ਸਰਕਾਰ ਰਾਜਾਂ ਤੇ ਆਪਣੀ ਮਨਮਰਜ਼ੀ ਨਹੀਂ ਕਰ ਸਕੇਗੀ। ਸਮਾਜ ਵਿੱਚੋਂ ਜਾਤ-ਪਾਤ ਅਤੇ ਊਚ-ਨੀਚ ਜਾਂ ਤਾਂ ਖ਼ਤਮ ਹੋ ਜਾਏਗੀ ਜਾਂ ਕੇਵਲ ਨਾਂਮਾਤਰ ਰਹਿ ਜਾਏਗੀ। ਨੌਜਵਾਨ ਮਨਮਰਜ਼ੀ ਦੇ ਵਿਆਹ ਕਰ ਸਕਣਗੇ। ਖਾਪ ਪੰਚਾਇਤਾਂ ਠੁੱਸ ਹੋ ਕੇ ਰਹਿ ਜਾਣਗੀਆਂ। ਇੱਕੀਵੀਂ ਸਦੀ ਵਿੱਚ ਨਾਰੀ ਵੱਧ ਤੋਂ ਵੱਧ ਸੁਰੱਖਿਅਤ ਹੋਵੇਗੀ। ਬਲਾਤਕਾਰ ਕਰਨ ਵਾਲਿਆਂ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ। ਸਾਡੇ ਰਸਮ-ਰਿਵਾਜ ਬਦਲ ਜਾਣਗੇ। ਵਿਆਹ-ਮੰਗਣੀ ਵੇਲੇ ਪੁਰਾਤਨ ਸ਼ਗਨ ਰਸਮਾਂ ਅਤੇ ਮੌਤ ਨਾਲ ਸਬੰਧਤ ਵੈਣ ਤੇ ਕੀਰਨੇ ਅਲੋਪ ਹੋ ਜਾਣਗੇ। ਹਰ ਕਿਸੇ ਵੱਲੋਂ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਸਦਕਾ ਸੱਚਮੁੱਚ ਹੀ ਭਾਰਤ ਵਿਸ਼ਵ ਪਿੰਡ ਦੀ ਇੱਕ ਗਲੀ ਬਣ ਜਾਏਗਾ। ਵਿਗਿਆਨ ਤਕਨਾਲੋਜੀ ਨਾਲ ਸਿਹਤ ਸਹੂਲਤਾਂ ਦੀਆਂ ਨਵੀਂਆਂ ਕਾਢਾਂ ਨਿਕਲਣਗੀਆਂ ਅਤੇ ਅਸੀ ਅੰਤਰ-ਰਾਸ਼ਟਰੀ ਯੋਜਨਾਵਾਂ ਵਿੱਚ ਭਾਗ ਲੈਣ ਦੇ ਸਮਰੱਥ ਹੋ ਜਾਵਾਂਗੇ। ਸਾਰੇ ਸ਼ਹਿਰਾਂ ਵਿੱਚ ਮਾਲ ਕਲਚਰ ਪ੍ਰਫੁੱਲਤ ਹੋਵੇਗਾ ਅਤੇ ਵਿਦੇਸ਼ੀ ਹਟਵਾਣੀਏ ਸਾਡੇ ਬਜ਼ਾਰਾਂ ਵਿੱਚ ਵਧੇਰੇ ਚੀਜ਼ਾਂ ਵੇਚਣਗੇ। ਨਵੀਂਆਂ-ਨਵੀਂਆਂ ਰਿਹਾਇਸ਼ੀ ਕਾਲੋਨੀਆਂ ਉੱਸਰਨਗੀਆਂ, ਜਿਸ ਕਾਰਨ ਖੇਤੀ ਲਈ ਭੂਮੀ ਦੀ ਘਾਟ ਮਹਿਸੂਸ ਜ਼ਰੂਰ ਹੋਵੇਗੀ। ਸਾਡੀ ਰੰਗੀਨ ਐਨਕ ‘ਚੋਂ 21ਵੀਂ ਸਦੀ ਦਾ ਭਾਰਤ ਕੁਝ ਅਜਿਹਾ ਹੀ ਦਿੱਸਦਾ ਹੈ।