ਪੈਰਾ ਰਚਨਾ : ਜੀਵਨ ਦੀਆਂ ਤਿੰਨ ਮੁੱਖ ਲੋੜਾਂ


ਜੀਵਨ ਦੀਆਂ ਤਿੰਨ ਮੁੱਖ ਲੋੜਾਂ


ਨਿਰਸੰਦੇਹ ਰੋਟੀ, ਕੱਪੜਾ ਤੇ ਮਕਾਨ ਜੀਵਨ-ਗੱਡੀ ਚਲਾਉਣ ਲਈ ਤਿੰਨ ਮੁੱਖ ਲੋੜਾਂ ਹਨ। ਇਨ੍ਹਾਂ ਵਿੱਚੋਂ ਰੋਟੀ ਨੂੰ ਪਹਿਲੇ, ਕੱਪੜੇ ਨੂੰ ਦੂਜੇ ਤੇ ਮਕਾਨ ਨੂੰ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ। ਸਰੀਰਿਕ ਮਸ਼ੀਨਰੀ ਨੂੰ ਚਲਾਉਣ ਲਈ ਰੋਟੀ ਦੀ ਲੋੜ ਨੂੰ ਅਤਿ-ਜ਼ਰੂਰੀ ਸਮਝਦਿਆਂ ਭਗਤ ਕਬੀਰ ਜੀ ਨੇ ਵੀ ਪ੍ਰਭੂ ਨੂੰ ਸੁਣਾ ਦਿੱਤਾ ਕਿ ਸਾਡੇ ਕੋਲੋਂ ਭੁੱਖਿਆਂ ਭਗਤੀ ਨਹੀਂ ਹੁੰਦੀ ਤੇ ਇਹ ਨਾਮ-ਜਪਣੀ ਮਾਲਾ ਲੈ ਲਓ।

ਕਬੀਰ ਸਾਹਿਬ ਦਾ ਕਥਨ ਹੈ :

ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥

ਇਸ ਤਰ੍ਹਾਂ ਤਨ ਦਾ ਨੰਗੇਜ ਢਕਣ ਅਤੇ ਸਰਦੀਆਂ ਦੀ ਠਾਰ ਅਤੇ ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਕੱਪੜੇ ਦੀ ਜ਼ਰੂਰਤ ਨੂੰ ਦੂਜਾ ਸਥਾਨ ਅਤੇ ਮੀਂਹ-ਕਣੀ ਤੋਂ ਸੁਰੱਖਿਅਤ ਹੋਣ ਲਈ ਮਕਾਨ ਦੀ ਲੋੜ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਮੁੱਢਲੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਹਰ ਪ੍ਰਾਣੀ ਸੰਘਰਸ਼ ਕਰਦਾ ਹੈ। ਇਸ ਸੰਘਰਸ਼ ਤੋਂ ਪ੍ਰਾਪਤ ਧਨ ਨੂੰ ਇਨ੍ਹਾਂ ਜ਼ਰੂਰਤਾਂ ‘ਤੇ ਖ਼ਰਚ ਕਰਦਾ ਹੈ। ਉਹ ਕਦੀ ਵੀ ਪੂਰਨ ਭਾਂਤ ਸੰਤੁਸ਼ਟ ਨਹੀਂ ਹੁੰਦਾ। ਮੰਗਾਂ ਦਾ ਲੜਾ ਵਧਣ ਨਾਲ ਵਧਦੇ ਸੰਘਰਸ਼ ਦਾ ਅਰੁਕ ਚੱਕਰ ਚੱਲਦਾ ਰਹਿੰਦਾ ਹੈ। ਅਸਲ ਵਿੱਚ ਨਾ ਤਾਂ ਸਾਧਾਰਨ ਪ੍ਰਾਣੀ ਤੇ ਨਾ ਹੀ ਉੱਨਤੀ ਕਰਦਾ ਦੇਸ਼ ਇਨ੍ਹਾਂ ਤਿੰਨ ਮੁੱਢਲੀਆਂ ਲੋੜਾਂ ਨਾਲ ਸੰਤੁਸ਼ਟ ਹੁੰਦਾ ਹੈ, ਪਰ ਉੱਨਤ ਹੋ ਰਹੀ ਆਰਥਕ ਦਸ਼ਾ ਵਿੱਚ ਕਿਸੇ ਹੋਰ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ; ਇੱਕ ਦੀ ਵਧਦੀ ਮੰਗ ਕਿਸੇ ਦੂਜੇ ਦੇ ਸ਼ੋਸ਼ਣ `ਤੇ ਅਧਾਰਤ ਨਹੀਂ ਹੋਣੀ ਚਾਹੀਦੀ। ਨਾਲੇ ਦੇਸ਼ ਵਿੱਚ ਸਮੁੱਚੇ ਤੌਰ ‘ਤੇ ਸੰਤੁਸ਼ਟਤਾ ਤੇ ਅਮਨ- ਸ਼ਾਂਤੀ ਲਈ ਹਰ ਦੇਸ਼-ਵਾਸੀ ਦੀਆਂ ਇਹ ਤਿੰਨ ਮੁੱਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।