ਪਾਤਰ ਚਿਤਰਨ : ਚੋਪੜਾ ਸਾਹਿਬ
ਗਊ-ਮੁਖਾ ਸ਼ੇਰ-ਮੁਖਾ : ਇਕਾਂਗੀ
ਜਾਣ-ਪਛਾਣ : ਚੋਪੜਾ ਸਾਹਿਬ ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਉਹ ਅੱਧਖੜ ਉਮਰ ਦਾ ਆਦਮੀ ਹੈ। ਉਸ ਨੇ ਪੈਂਟ ਪਾਈ ਹੋਈ ਹੈ ਤੇ ਉਸ ਦੇ ਹੱਥ ਵਿਚ ਹੈਟ ਹੈ। ਉਸ ਦੇ ਚਰਿੱਤਰ ਰਾਹੀਂ ਇਕਾਂਗੀਕਾਰ ਨੇ ਸ਼ਰਨ ਸਿੰਘ ਦਲਾਲ ਦੇ ਚੁਸਤ-ਚਲਾਕ, ਢੀਠ, ਬੇਸ਼ਰਮ, ਖ਼ੁਦਗ਼ਰਜ਼ ਤੇ ਗੱਲਾਂ ਦਾ ਖੱਟਿਆ ਖਾਣ ਵਾਲੇ ਚਰਿੱਤਰ ਨੂੰ ਪੇਸ਼ ਕੀਤਾ ਹੈ। ਚੋਪੜਾ ਸਾਹਿਬ ਦੇ ਚਰਿੱਤਰ ਵਿਚ ਅਸੀਂ ਹੇਠ ਲਿਖੇ ਗੁਣ ਦੇਖਦੇ ਹਾਂ :
ਗੱਲਾਂ ਵਿਚ ਆ ਜਾਣ ਵਾਲਾ : ਇਕਾਂਗੀ ਦੇ ਆਰੰਭ ਵਿਚ ਚੋਪੜਾ ਸ਼ਰਨ ਸਿੰਘ ਦਲਾਲ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ, ਪਰ ਉਹ ਬੜਾ ਡਾਢਾ ਹੈ, ਜਿਸ ਕਰਕੇ ਉਹ ਉਸ ਦੀਆਂ ਗੱਲਾਂ ਵਿਚ ਆ ਕੇ ਮਕਾਨ ਖ਼ਰੀਦਣ ਲਈ ਤਿਆਰ ਹੋ ਜਾਂਦਾ ਹੈ।
ਵਹਿਮੀ : ਉਹ ਮਕਾਨ ਦੇ ਸ਼ੇਰ-ਮੁੱਖਾ ਹੋਣ ਦਾ ਵਹਿਮ ਵੀ ਕਰਦਾ ਹੈ ਤੇ ਆਪਣੇ ਇਸ ਵਹਿਮ ਦੇ ਠੀਕ ਹੋਣ ਦੀ ਪੁਸ਼ਟੀ ਲਈ ਪੁੱਛਦਾ ਹੈ, “…… ਮੇਰਾ ਖ਼ਿਆਲ ਏ ਸ਼ੇਰ-ਮੁੱਖਾ ਮਕਾਨ ਏ। ਮਾਲਕ ਮਕਾਨ ਇੱਥੇ ਈ ਮੋਇਆ ਸੀ ਨਾ?”
ਹਾਸ-ਰਸ ਪੈਦਾ ਕਰਨ ਵਾਲਾ : ਚੋਪੜਾ ਉਦੋਂ ਇਕਾਂਗੀ ਵਿਚ ਹਾਸ-ਰਸ ਪੈਦਾ ਕਰਦਾ ਹੈ, ਜਦੋਂ ਉਹ ਸ਼ਰਨ ਸਿੰਘ ਨੂੰ ਕਹਿੰਦਾ ਹੈ, ”ਯਾਨੀ ਕਿ (ਦਿੱਲੀ ਦੇ ਵਾਸੀ) ਜੀਊਂਦੇ ਜੀਅ ‘ਸਵਰਗ ਵਾਸੀ’ ਅਖਵਾਉਣ ਦੇ ਹੱਕਦਾਰ ਹੋ ਗਏ ਹਨ।” ਇਸ ਪਿੱਛੋਂ ਉਹ ਵੀ ਹੱਸਦਾ ਹੋਇਆ ਸ਼ਰਨ ਸਿੰਘ ਨੂੰ ਕਹਿੰਦਾ ਹੈ, ‘‘ਤਾਂ ਹੁਣ ਤੁਹਾਡਾ ਮਤਲਬ ਏ ਸ਼ੇਰ-ਮੁੱਖੇ ਵਲ ਹੱਟੀ ਕਰ ਲਈਏ ਤੇ ਗਊ-ਮੁੱਖੇ ਵਲ ਘਰ ਬਣਾ ਲਈਏ।”
ਸੌਦੇ-ਬਾਜ਼ : ਉਹ ਸੌਦੇ-ਬਾਜ਼ ਵੀ ਹੈ। ਉਹ ਪਹਿਲਾਂ ਤਾਂ ਸੌਦਾ ਲੈਣ ਲਈ ਤਿਆਰ ਹੀ ਨਹੀਂ ਹੁੰਦਾ, ਫਿਰ ਜਦੋਂ ਤਿਆਰ ਹੁੰਦ ਹੈ, ਤਾਂ ਅਗਲੇ ਦੀ ਮੰਗੀ ਕੀਮਤ ਨਾਲੋਂ ਪੰਜ ਹਜ਼ਾਰ ਘੱਟ ਕਹਿ ਕੇ ਮਗਰੋਂ ਕੇਵਲ ਡੇਢ ਹਜ਼ਾਰ ਹੀ ਵਧਦਾ ਹੈ ਤੇ ਇਸ ਤਰ੍ਹਾਂ ਸੌਦਾ ਕਰ ਲੈਂਦਾ ਹੈ।