CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਨੈਤਿਕ ਕਦਰਾਂ – ਕੀਮਤਾਂ – ਪੈਰਾ ਰਚਨਾ

ਨੈਤਿਕ ਕਦਰਾਂ – ਕੀਮਤਾਂ ਹਰ ਮਨੁੱਖੀ ਸਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੀਆਂ ਹਨ। ਨੈਤਿਕ ਕਦਰਾਂ – ਕੀਮਤਾਂ ਨੂੰ ਅਪਣਾ ਕੇ ਹੀ ਕੋਈ ਮਨੁੱਖ ਸਭਿਅਕ ਕਹਾਉਂਦਾ ਹੈ। ਸਾਡਾ ਪੰਜਾਬੀ ਤੇ ਭਾਰਤੀ ਸਭਿਆਚਾਰ ਸਦੀਆਂ ਪੁਰਾਣਾ ਹੈ। ਇਸ ਵਿਚ ਮਨੁੱਖ ਦੇ ਪਰਿਵਾਰਕ, ਸਮਾਜਿਕ ਤੇ ਧਾਰਮਿਕ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਕਦਰਾਂ – ਕੀਮਤਾਂ ਵਿਕਸਿਤ ਅਤੇ ਸਥਾਪਿਤ ਹੋਈਆਂ ਹਨ।

ਪਰਿਵਾਰਕ ਜੀਵਨ ਵਿਚ ਬਜ਼ੁਰਗਾਂ ਦਾ ਸਤਿਕਾਰ ਤੇ ਸੇਵਾ, ਵੱਡਿਆਂ ਦੇ ਹੁਕਮ ਦੀ ਪਾਲਣਾ, ਧੀਆਂ – ਭੈਣਾਂ ਦਾ ਸਤਿਕਾਰ, ਆਏ – ਗਏ ਦੀ ਨਿੱਘ ਤੇ ਪਿਆਰ ਨਾਲ ਪ੍ਰਾਹੁਣਚਾਰੀ ਕਰਨਾ ਆਦਿ ਪ੍ਰਮੁੱਖ ਕਦਰਾਂ – ਕੀਮਤਾਂ ਹਨ। ਸਮਾਜਿਕ ਜੀਵਨ ਵਿਚ ਵਿਚਰਦਿਆਂ ਮਨੁੱਖਾਂ ਨਾਲ ਪਿਆਰ ਨਾਲ ਰਹਿਣਾ, ਜੀਵਾਂ ਨੂੰ ਦੁੱਖ ਵੀ ਨਾ ਦੇਣਾ, ਸਮਾਜਿਕ ਰਸਮਾਂ ਵਿਚ ਮਿਲ ਕੇ ਹਿੱਸਾ ਪਾਉਣਾ, ਦਸਾਂ ਨਹੂੰਆ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਹਉਮੈਂ ਤੇ ਹੰਕਾਰ ਤੋਂ ਬਚਣਾ, ਕਿਸੇ ਦਾ ਹੱਕ ਨਾ ਮਾਰਨਾ, ਹੱਕ ਹਲਾਲ ਦੀ ਕਮਾਈ ਖਾਣਾ, ਮਿੱਠਾ ਬੋਲਣਾ, ਧੋਖਾ ਨਾ ਕਰਨਾ, ਲੜਾਈ – ਝਗੜੇ ਤੋਂ ਬਚਣਾ, ਮਿਲ ਕੇ ਰਹਿਣਾ, ਦੂਜਿਆਂ ਦੇ ਦੁੱਖ ਦੀ ਖ਼ਾਤਰ ਆਪਣੇ ਸੁੱਖ ਦੀ ਪ੍ਰਵਾਹ ਨਾ ਕਰਨਾ, ਦੂਜਿਆਂ ਲਈ ਕੁਰਬਾਨੀ ਕਰਨੀ, ਧੱਕਾ ਬਰਦਾਸ਼ਤ ਨਾ ਕਰਨਾ, ਨਾ ਡਰਨਾ ਤੇ ਨਾ ਡਰਾਉਣਾ, ਸੱਚ ਬੋਲਣਾ, ਕਹਿਣੀ – ਕਰਨੀ ਦੇ ਪੂਰੇ ਹੋਣਾ, ਮਨੁੱਖਾਂ ਵਿਚ ਕਿਸੇ ਤਰ੍ਹਾਂ ਦਾ ਭਿੰਨ – ਭੇਦ ਨਾ ਕਰਨਾ ਸਾਡੇ ਸਮਾਜਿਕ ਜੀਵਨ ਦੀਆਂ ਉੱਚੀਆਂ – ਸੁੱਚੀਆਂ ਕਦਰਾਂ – ਕੀਮਤਾਂ ਹਨ।

ਸਾਡੇ ਸਮਾਜਿਕ ਜੀਵਨ ਵਿਚ ਬਹੁਤੀਆਂ ਕਦਰਾਂ – ਕੀਮਤਾਂ ਦਾ ਮੁੱਖ ਆਧਾਰ ਧਰਮ ਹੈ। ਧਰਮ ਦੀਆਂ ਕਦਰਾਂ – ਕੀਮਤਾਂ ਵਿਚ ਗੁਰੂਆਂ ਤੇ ਦੇਵੀ – ਦੇਵਤਿਆਂ ਦਾ ਸਤਿਕਾਰ, ਰੱਬ ਨੂੰ ਯਾਦ ਰੱਖਣਾ, ਉਸਦੇ ਭਾਣੇ ਵਿਚ ਰਹਿਣਾ, ਸਾਰੀ ਕਾਇਨਾਤ ਨੂੰ ਇਕ ਰੱਬ ਵਿੱਚੋਂ ਉਪਜੀ ਜਾਣ ਕੇ ਹਉਮੈਂ ਤੇ ਵਿਤਕਰੇ ਤੋਂ ਰਹਿਤ ਜੀਵਨ ਗੁਜ਼ਾਰਨਾ, ਗੁਰ – ਸੇਵਾ, ਨਿਮਰਤਾ, ਭਜਨ – ਬੰਦਗੀ ਸਾਡੇ ਧਾਰਮਿਕ ਜੀਵਨ ਦੀਆਂ ਕਦਰਾਂ – ਕੀਮਤਾਂ ਹਨ। ਇਸ ਤਰ੍ਹਾਂ ਸਾਡਾ ਜੀਵਨ ਉੱਚੀਆਂ ਕਦਰਾਂ – ਕੀਮਤਾਂ ਦਾ ਧਾਰਨੀ ਹੈ, ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਸਹਿਜ ਜੀਵਨ ਗੁਜ਼ਾਰਦਾ ਹੈ।