ਨਗਰਪਾਲਿਕਾ ਅਫ਼ਸਰ ਨੂੰ ਪੱਤਰ
ਨਗਰਪਾਲਿਕਾ ਦੇ ਹੈਲਥ (ਸ੍ਵਾਸਥ) ਅਫਸਰ ਨੂੰ ਸਫਾਈ ਦੀ ਮਾੜੀ ਹਾਲਤ ਬਾਰੇ ਪੱਤਰ ਲਿਖੋ।
ਸੇਵਾ ਵਿਖੇ
ਹੈਲਥ ਅਫਸਰ ਸਾਹਿਬ,
ਨਗਰਪਾਲਿਕਾ, ਪਟਿਆਲਾ।
ਸ੍ਰੀਮਾਨ ਜੀ,
ਮੈਨੂੰ ਬੜੇ ਅਫਸੋਸ ਨਾਲ ਆਪ ਦੇ ਧਿਆਨ ਵਿਚ ਇਹ ਗੱਲ ਲਿਆਉਣੀ ਪੈ ਰਹੀ ਹੈ ਕਿ ਸਾਡੀ ਆਬਾਦੀ ਧੀਰੋ ਕੀ ਮਾਜਰੀ ਵਿਚ ਸਫਾਈ ਦੀ ਹਾਲਤ ਬਹੁਤ ਹੀ ਖਰਾਬ ਹੈ। ਨਾ ਕੇਵਲ ਗਲੀਆਂ ਹੀ ਨੇਮ ਨਾਲ ਹੂੰਝੀਆਂ ਜਾਂਦੀਆਂ ਹਨ, ਸਗੋਂ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਹਫਤਾ ਹਫਤਾ ਭਰ ਨਾ ਤਾਂ ਕੋਈ ਖੋਤੇ ਵਾਲਾ ਤੇ ਨਾ ਕੋਈ ਗੱਡੇ ਵਾਲਾ ਕੂੜਾ ਚੁੱਕਣ ਆਉਂਦਾ ਹੈ। ਇਹ ਠੀਕ ਹੈ ਕਿ ਕੋਈ ਗ਼ੈਰ-ਜ਼ਿੰਮੇਵਾਰ ਨਾਗ੍ਰਿਕ ਵੀ ਸਫਾਈ ਵੱਲ ਵਿਸ਼ੇਸ਼ ਧਿਆਨ ਨਹੀਂ ਦੇਂਦੇ ਕੂੜਾ-ਕਰਕਟ ਘਰੋਂ ਕੱਢ ਕੇ ਗਲੀਆਂ ਵਿਚ ਸਿੱਟ ਦੇਂਦੇ ਹਨ। ਪਰ ਸਫਾਈ ਦੇ ਜ਼ਿੰਮੇਵਾਰ ਸਿਹਤ ਵਿਭਾਗ ਦਾ ਅਮਲਾ ਤਾਂ ਇਸ ਪੱਖੋਂ ਸਖਤ ਲਾਪਰਵਾਹੀ ਵਰਤ ਰਿਹਾ ਹੈ। ਸਾਨੂੰ ਤਾਂ ਇਉਂ ਜਾਪਣ ਲਗ ਪਿਆ ਹੈ ਕਿ ਸਾਡੀ ਆਬਾਦੀ ਨਗਰ- ਪਾਲਿਕਾ ਦੀ ਹੱਦ ਤੋਂ ਬਾਹਰ ਹੈ। ਇਹ ਸਭ ਗੱਲਾਂ ਕਈ ਵਾਰੀ ਸੈਨਟਰੀ ਇਨਸਪੈਕਟਰ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਹਨ, ਪਰ ਉਹਦੇ ਕੰਨਾ ਤੇ ਜੂੰ ਵੀ ਨਹੀਂ ਸਰਕੀ। ਹੁਣ ਹਾਲਤ ਇਹ ਹੋ ਰਹੀ ਹੈ ਕਿ ਕੂੜੇ ਦੀ ਸੜ੍ਹਾਂਦ ਤੇ ਬਦਬੂ ਦੇ ਕਾਰਨ ਗਲੀਆਂ ਵਿੱਚੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ।
ਬਰਸਾਤ ਦੇ ਦਿਨ ਹੋਣ ਕਰਕੇ ਗਲੀਆਂ ਤੇ ਸੜਕਾਂ ਵਿਚ ਕਈ ਥਾਂਈ ਪਾਣੀ ਖੜ੍ਹਾ ਹੋ ਗਿਆ ਹੈ। ਬਾਰਸ਼ੀ ਪਾਣੀ ਦੇ ਭਰੇ ਹੋਏ ਟੋਏ ਤੇ ਗੰਦੀਆਂ ਨਾਲੀਆਂ ਮੱਛਰਾਂ ਤੇ ਮੱਖੀਆਂ ਲਈ ਤਾਂ ਸਵਰਗ ਬਣੀਆਂ ਹੋਈਆਂ ਹਨ, ਪਰ ਇਨ੍ਹਾਂ ਨੇ ਸਾਡਾ ਜੀਵਨ ਨਰਕ ਬਣਾ ਦਿੱਤਾ ਹੈ। ਉਹ ਦਿਨ ਦੂਣੀ ਤੇ ਰਾਤ ਚੌਣੀ ਰਫ਼ਤਾਰ ਨਾਲ ਵਧ ਰਹੇ ਹਨ। ਜੇ ਛੇਤੀ ਤੋਂ ਛੇਤੀ ਸਫਾਈ ਵੱਲ ਪੂਰਾ ਪੂਰਾ ਧਿਆਨ ਨਾ ਦਿੱਤਾ ਗਿਆ, ਤਾਂ ਇੱਥੇ ਮਲੇਰੀਆ ਵਬਾਈ ਰੂਪ ਵਿਚ ਫੁੱਟ ਪਏਗਾ।
ਕਿਰਪਾ ਕਰਕੇ ਸੰਬੰਧਿਤ ਕਰਮਚਾਰੀਆਂ ਦੇ ਚੰਗੀ ਤਰ੍ਹਾਂ ਕੰਨ ਖਿੱਚੋ ਕਿ ਉਹ ਇਸ ਆਬਾਦੀ ਦੀ ਸਫਾਈ ਵੱਲ ਪੂਰਾ ਪੂਰਾ ਧਿਆਨ ਦੇਣ ਤੇ ਸਮੇਂ ਸਮੇਂ ਕਸੂਰਵਾਰ ਨਾਗ੍ਰਿਕਾਂ ਨੂੰ ਤਾੜਨਾ ਕਰਦੇ ਰਹਿਣ, ਤਾਂ ਜੁ ਅਸੀਂ ਸੁਖ ਦਾ ਸਾਹ ਲੈ ਸਕੀਏ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ-ਪਾਤਰ,
ਕਰਮ ਸਿੰਘ।
ਅਸਿਸਟੈਂਟ ਮਹਿਕਮਾ ਮਾਲ।
ਗਲੀ ਨੂੰ : 7
ਧੀਰੋ ਕੀ ਮਾਜਰੀ,
ਪਟਿਆਲਾ।
13 ਜੁਲਾਈ, 1999