ਦੇਖਿ ਪਰਾਈਆ ਚੰਗੀਆ : ਭਾਈ ਗੁਰਦਾਸ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਦੇਖਿ ਪਰਾਈਆ ਚੰਗੀਆ ਮਾਵਾ ਭੈਣਾ ਧੀਆ ਜਾਣੈ ॥
ਉਸ ਸੂਅਰੁ ਉਸੁ ਗਾਇ ਹੈ ਪਰ ਧਨ ਹਿੰਦੂ ਮੁਸਲਮਾਣੈ॥
ਪੁਤ੍ਰ ਕਲਤ੍ਰ ਕੁਟੰਬੁ ਦੇਖਿ ਮੋਹੇ ਮੋਹਿ ਨ ਧੋਹਿ ਧਿਙਾਣੈ ॥
ਉਸਤਿਤ ਨਿੰਦਾ ਕੰਨਿ ਸੁਣਿ ਆਪਹੁ ਬੁਰਾ ਨ ਆਖਿ ਵਖਾਣੈ ॥
ਵਡ ਪਰਤਾਪੁ ਨ ਆਪੁ ਗਣਿ ਕਰ ਅਹੰਮੇਉ ਨ ਕਿਸੈ ਰਞਾਣੈ ॥
ਗੁਰਮੁਖਿ ਸੁਖ ਫਲੁ ਪਾਇਆ ਰਾਜੁ ਜੋਗੁ ਰਸ ਰਲੀਆ ਮਾਣੈ ॥
ਸਾਧ ਸੰਗਤਿ ਵਿਟਹੁ ਕੁਰਬਾਣੈ ॥
ਪ੍ਰਸੰਗ : ਇਹ ਪਉੜੀ ਭਾਈ ਗੁਰਦਾਸ ਜੀ ਦੀ ਰਚਨਾ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਦੇਖਿ ਪਰਾਈਆ ਚੰਗੀਆ’ ਸਿਰਲੇਖ ਹੇਠ ਦਰਜ ਹੈ। ਇਸ ਪਉੜੀ ਵਿੱਚ ਭਾਈ ਸਾਹਿਬ ਨੇ ਗੁਰਸਿੱਖ ਨੂੰ ਨੇਕ ਆਚਰਨ ਦੇ ਕੁੱਝ ਨੁਕਤੇ ਦੱਸੇ ਹਨ।
ਵਿਆਖਿਆ : ਭਾਈ ਗੁਰਦਾਸ ਜੀ ਫ਼ਰਮਾਉਂਦੇ ਹਨ ਕਿ ਗੁਰਸਿੱਖ ਦਾ ਫ਼ਰਜ਼ ਹੈ ਕਿ ਉਹ ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਯਥਾਯੋਗ ਮਾਵਾਂ, ਧੀਆਂ ਅਤੇ ਭੈਣਾਂ ਦੇ ਬਰਾਬਰ ਸਮਝੇ। ਗੁਰਸਿੱਖ ਪਰਾਏ ਧਨ ਨੂੰ ਹੜੱਪ ਨਹੀਂ ਕਰਦਾ ਕਿਉਂਕਿ ਪਰਾਇਆ ਧਨ ਹਿੰਦੂ ਲਈ ਗਊ ਦਾ ਮਾਸ ਖਾਣ ਦੇ ਬਰਾਬਰ ਹੁੰਦਾ ਹੈ ਅਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਹੁੰਦਾ ਹੈ। ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਪੁੱਤਰ, ਇਸਤਰੀ ਅਤੇ ਕੋੜਮਾ ਦੇਖ ਕੇ ਉਨ੍ਹਾਂ ਦੇ ਪਿਆਰ ਵਿੱਚ ਖਚਿਤ ਨਾ ਹੋ ਜਾਵੇ ਤੇ ਉਨ੍ਹਾਂ ਦੀ ਖ਼ਾਤਰ ਕਿਸੇ ਨਾਲ ਧੱਕਾ ਤੇ ਜ਼ਬਰਦਸਤੀ ਨਾ ਕਰੇ। ਉਸ ਨੂੰ ਚਾਹੀਦਾ ਹੈ ਕਿ ਉਹ ਪਰਾਈ ਰਾਈ ਉਸਤਤ ਤੇ ਨਿੰਦਿਆ ਨੂੰ ਕੰਨਾਂ ਨਾਲ ਬੇਸ਼ੱਕ ਸੁਣ ਲਵੇ, ਪਰ ਉਹ ਆਪਣੇ ਮੂੰਹੋਂ ਕਿਸੇ ਨੂੰ ਆਪਣੇ ਤੋਂ ਬੁਰਾ ਨਾ ਆਖੇ ਅਰਥਾਤ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਵੀ ਬੁਰਾ ਸਮਝੇ। ਉਹ ਆਪਣੇ ਆਪ ਨੂੰ ਵੱਡੇ ਪ੍ਰਤਾਪ ਵਾਲਾ ਨਾ ਮੰਨੇ ਅਤੇ ਨਾ ਹੀ ਹਉਮੈਂ ਵਿੱਚ ਆ ਕੇ ਕਿਸੇ ਨੂੰ ਦੁੱਖ ਦੇਵੇ। ਅਜਿਹੀ ਅਵਸਥਾ ਵਿੱਚ ਵਿਚਰਨ ਵਾਲੇ ਗੁਰਮੁਖਾਂ ਨੂੰ ਸਹਿਜ-ਆਨੰਦ ਦੇ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਸੰਸਾਰ ਵਿੱਚ ਵਿਚਰਦੇ ਹੋਏ ਜੋਗ ਕਮਾਉਣ ਦੇ ਆਨੰਦ ਨੂੰ ਮਾਣਦੇ ਹਨ। ਉਹ ਅਜਿਹੀਆਂ ਦਾਤਾਂ ਬਖ਼ਸ਼ਣ ਵਾਲੀ ਸਾਧ-ਸੰਗਤ ਤੋਂ ਕੁਰਬਾਨ ਜਾਂਦੇ ਹਨ ਅਰਥਾਤ ਗੁਰਮੁਖ ਨੂੰ ਅਜਿਹੇ ਉੱਚੇ ਨੈਤਿਕ ਗੁਣਾਂ ਦੀ ਪ੍ਰਾਪਤੀ ਸਾਧ-ਸੰਗਤ ਤੋਂ ਹੀ ਹੁੰਦੀ ਹੈ।