ਘਰੇਲੂ ਬਗ਼ੀਚਾ – ਪੈਰਾ ਰਚਨਾ
ਘਰੇਲੂ ਬਗ਼ੀਚਾ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦਾ ਹੈ। ਹਰੇ – ਭਰੇ ਰੁੱਖਾਂ, ਵੇਲਾਂ ਤੇ ਰੰਗ – ਬਰੰਗੇ ਫੁੱਲਦਾਰ ਪੌਦਿਆਂ ਨਾਲ ਭਰਿਆ ਹੋਇਆ ਬਗ਼ੀਚਾ ਘਰ ਨੂੰ ਆਕਰਸ਼ਕ ਕੁਦਰਤੀ ਵਾਤਾਵਰਨ ਪ੍ਰਦਾਨ ਕਰਦਾ ਹੈ, ਜੋ ਘਰ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਤਾਂ ਮਹਿਕਾਂ, ਖੇੜੇ ਤੇ ਆਨੰਦ ਨਾਲ ਭਰਦਾ ਹੀ ਹੈ, ਨੇੜਿਓਂ ਲੰਘਣ ਵਾਲਾ ਕੋਈ ਓਪਰਾ ਵੀ ਖੇੜੇ ਤੋਂ ਖ਼ਾਲੀ ਨਹੀਂ ਜਾਂਦਾ। ਘਰੇਲੂ ਬਗੀਚੇ ਵਿਚ ਹਰਿਆਵਲ ਤੇ ਫੁੱਲਾਂ ਨਾਲ ਘਿਰੇ ਆਲੇ – ਦੁਆਲੇ ਵਿਚ ਹਰੀ ਮੁਲਾਇਮ ਘਾਹ ਨਾਲ ਭਰਿਆ ਇਕ ਵਿਹੜਾ ਵੀ ਹੁੰਦਾ ਹੈ, ਜਿੱਥੇ ਕਿ ਆਮ ਕਰਕੇ ਤਿੰਨ – ਚਾਰ ਬਾਗ਼ – ਕੁਰਸੀਆਂ ਡਿੱਠੀਆਂ ਰਹਿੰਦੀਆਂ ਹਨ। ਇੱਥੇ ਬੈਠ ਕੇ ਤੁਸੀਂ ਆਪਣੇ ਬਗੀਚੇ ਤੋਂ ਕੁਦਰਤ ਦੀ ਸੁੰਦਰਤਾ ਦਾ ਆਨੰਦ ਲੈ ਸਕਦੇ ਹੋ। ਉਂਞ ਘਰੇਲੂ ਬਗੀਚੇ ਦੀ ਸਿਰਜਨਾ ਹਰ ਘਰ ਵਿਚ ਕਰਨੀ ਸੰਭਵ ਨਹੀਂ ਹੁੰਦੀ। ਇਸ ਲਈ ਇਕ ਤਾਂ ਖੁੱਲ੍ਹੀ ਥਾਂ ਦੀ ਲੋੜ ਹੁੰਦੀ ਹੈ ਤੇ ਦੂਸਰੀ ਪੈਸਿਆਂ ਦੀ। ਇਹ ਖਰਚੀਲਾ ਕੰਮ ਹੈ। ਕਈ ਵਾਰੀ ਇਸ ਦੀ ਪਾਲਣਾ ਲਈ ਮਾਲੀ ਵੀ ਰੱਖਣਾ ਪੈਂਦਾ ਹੈ। ਖਾਦਾਂ ਤੇ ਦਵਾਈਆਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਕਈ ਪੌਦੇ ਦੋ – ਤਿੰਨ ਹਜ਼ਾਰ ਰੁਪਏ ਤਕ ਮਿਲਦੇ ਹਨ। ਇਸ ਪ੍ਰਕਾਰ ਇਹ ਅਮੀਰਾਂ ਦਾ ਸ਼ੁਗਲ ਹੈ। ਘਰੇਲੂ ਬਗੀਚੇ ਵਿਚਜਿੱਥੇ ਮੌਸਮੀ ਫੁੱਲ ਸ਼ੋਭਾ ਦੇ ਰਹੇ ਹੁੰਦੇ ਹਨ, ਉੱਥੇ ਸਦਾ – ਬਹਾਰ ਪੌਦੇ ਤੇ ਵੇਲਾਂ ਵੀ ਹੁੰਦੀਆਂ ਹਨ। ਕੁੱਝ ਵੇਲਾ ਮਕਾਨ ਨੂੰ ਜਾਂ ਕੋਠੀ ਦੀਆਂ ਕੰਧਾਂ ਉੱਪਰ ਚੜ੍ਹਾ ਕੇ ਉਨ੍ਹਾਂ ਨੂੰ ਵੀ ਹਰਿਆ – ਭਰਿਆ ਬਣਾ ਦਿੱਤਾ ਜਾਂਦਾ ਹੈ। ਕਈ ਪੌਦੇ ਬਰਾਂਡਿਆਂ ਵਿੱਚ ਤੇ ਛੱਤ ਉੱਪਰ ਵੀ ਲਾਏ ਜਾਂਦੇ ਹਨ। ਆਮ ਕਰਕੇ ਗੁਲਾਬ, ਡੇਲੀਆ, ਜ਼ੀਨੀਆ, ਗੁਲਦਾਊਦੀ, ਕਰੌਟਲ, ਲਿੱਲੀ, ਦੁਪਹਿਰ – ਖਿੜੀ, ਮਨੀ – ਪਲਾਂਟ ਤੇ ਕਈ ਪ੍ਰਕਾਰ ਦੀਆਂ ਕੈਕਟਸਾਂ ਘਰੇਲੂ ਬਗੀਚੇ ਦੀ ਸ਼ੋਭਾ ਵਧਾਉਣ ਵਾਲੇ ਫੁੱਲ ਤੇ ਪੌਦੇ ਹੁੰਦੇ ਹਨ। ਕੁੱਝ ਪੌਦੇ ਗਮਲਿਆਂ ਵਿਚ ਲਾ ਕੇ ਕੰਧਾਂ ਉੱਤੇ, ਬਰਾਂਡਿਆਂ ਵਿਚ ਅਤੇ ਡਰਾਇੰਗ ਰੂਮਾਂ ਵਿਚ ਰੱਖੇ ਜਾਂਦੇ ਹਨ। ਇਸ ਪ੍ਰਕਾਰ ਘਰੇਲੂ ਬਗੀਚੇ ਦਾ ਪਸਾਰ ਮਕਾਨ ਦੇ ਅੰਦਰ, ਬਾਹਰ ਤੇ ਛੱਤ ਆਦਿ ਥਾਂਵਾਂ ਤੇ ਹੁੰਦਾ ਹੈ ਤੇ ਇਸ ਰੂਪ ਵਿਚ ਉਹ ਮਕਾਨ ਦੀ ਸ਼ੋਭਾ ਨੂੰ ਤੇ ਉਸ ਵਿਚ ਰਹਿਣ ਵਾਲਿਆਂ ਦੇ ਖੇੜੇ ਨੂੰ ਅਦੁੱਤੀ ਰੂਪ ਦੇ ਦਿੰਦਾ ਹੈ।