ਕਲਾਕਾਰ : ਅਬਦੁਲ ਰਹਿਮਨ ‘ਲੜੋਆ’
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ :
ਪ੍ਰਸ਼ਨ 1. ਬਾਨੂੰ ਮਦਾਰੀ ਨੇ ਆਪਣੇ ਮੁੰਡੇ ਨੂੰ ਮਦਾਰੀ ਬਣਾਉਣ ਲਈ ਕੀ-ਕੀ ਕੀਤਾ?
ਉੱਤਰ : ਬਾਨੂੰ ਆਪਣੇ ਮੁੰਡੇ ਨੂੰ ਉੱਚੇ ਦਰਜੇ ਦਾ ਮਦਾਰੀ ਬਣਾਉਣਾ ਚਾਹੁੰਦਾ ਸੀ। ਜਿੱਥੇ ਵੀ ਉਹ ਤਮਾਸ਼ਾ ਕਰਨ ਲਈ ਜਾਂਦਾ, ਅਪਣੇ ਮੁੰਡੇ ਨੂੰ ਆਪਣੇ ਨਾਲ ਹੀ ਰੱਖਦਾ ਸੀ। ਕਈ ਵਾਰ ਉਹ ਤਮਾਸ਼ੇ ਵਿੱਚ ਆਪਣੇ ਮੁੰਡੇ ਨੂੰ ਜਮੂਰਾ ਵੀ ਬਣਾ ਦਿੰਦਾ। ਬਾਨੂੰ ਆਪਣੇ ਮੁੰਡੇ ਨੂੰ ਉੱਚੇ ਦਰਜੇ ਦਾ ਮਦਾਰੀ ਬਣਾਉਣਾ ਲਈ ਉਸ ਨੂੰ ਤਮਾਸ਼ੇ ਦੀਆਂ ਬਰੀਕੀਆਂ ਸਿਖਾਉਂਦਾ।
ਪ੍ਰਸ਼ਨ 2. ਬਾਨੂੰ ਨੂੰ ਮੁੰਡੇ ਦੇ ਮਦਾਰੀਪੁਣੇ ਵਿੱਚ ਕੀ ਨਜ਼ਰ ਨਹੀਂ ਸੀ ਆਉਂਦਾ?
ਉੱਤਰ : ਬਾਨੂੰ ਆਪਣੇ ਮੁੰਡੇ ਦੀ ਯੋਗਤਾ ਤੋਂ ਸੰਤੁਸ਼ਟ ਨਹੀਂ ਸੀ। ਉਸ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਉਸ ਦੇ ਮੁੰਡੇ ਦੀ ਡੁਗ – ਡੁਗੀ ਵਿੱਚ ਉਹ ਗੱਲ ਨਹੀਂ ਸੀ ਜਿਸ ਨਾਲ ਤਮਾਸ਼ੇ ਵਿੱਚ ਭੀੜ ਜੁੜ ਸਕੇ। ਉਸਨੂੰ ਅਫ਼ਸੋਸ ਸੀ ਕਿ ਉਸ ਦਾ ਮੁੰਡਾ ਤਮਾਸ਼ੇ ਵਿੱਚ ਚੰਗੀ ਕਮਾਈ ਨਹੀਂ ਕਰ ਰਿਹਾ ਸੀ।
ਪ੍ਰਸ਼ਨ 3. ਬਾਨੂੰ ਨੇ ਆਪਣੇ ਉਸਤਾਦ ਕੋਲੋਂ ਸਿੱਖਣ ਲਈ ਕੀ-ਕੀ ਕੀਤਾ ਸੀ?
ਉੱਤਰ : ਬਾਨੂੰ ਨੇ ਆਪਣੇ ਉਸਤਾਦ ਕੋਲੋਂ ਸਿੱਖਣ ਲਈ 12 ਸਾਲ ਉਨ੍ਹਾਂ ਦੀ ਸ਼ਾਗਿਰਦੀ ਕੀਤੀ, ਉਸ ਨੇ ਆਪਣੇ ਉਸਤਾਦ ਦੇ ਕੱਪੜੇ ਧੋਤੇ, ਉਨ੍ਹਾਂ ਦੀ ਗੁਲਾਮੀ ਕੀਤੀ ਤਾਂ ਕਿਤੇ ਜਾ ਕੇ ਉਹ ਇੱਕ ਉੱਚੇ ਦਰਜੇ ਦਾ ਮਦਾਰੀ ਬਣ ਸਕਿਆ। ਉਸਦਾ ਉਸਤਾਦ ਉਸ ਨੂੰ ਸਿਖਾਉਣਾ ਨਹੀਂ ਸੀ ਚਾਹੁੰਦਾ ਪਰ ਉਸ ਦੀ ਲਗਨ ਤੇ ਮਿਹਨਤ ਕਰਕੇ ਉਹ ਇੱਕ ਵਧੀਆ ਮਦਾਰੀ ਬਣ ਗਿਆ।
ਪ੍ਰਸ਼ਨ 4. ਉਸਤਾਦ ਨੇ ਬਾਨੂੰ ਕੋਲ ਆਪਣੀ ਕਿਹੜੀ ਗ਼ਲਤੀ ਸਵੀਕਾਰ ਕੀਤੀ?
ਉੱਤਰ : ਉਸਤਾਦ ਨੇ ਬਾਨੂੰ ਕੋਲ ਆਪਣੀ ਗ਼ਲਤੀ ਸਵੀਕਾਰ ਕਰਦਿਆਂ ਕਿਹਾ ਕਿ ਉਸ ਨੂੰ ਅਫ਼ਸੋਸ ਹੈ ਕਿ ਉਸ ਨੇ ਬਾਨੂੰ ਨਾਲ ਧੋਖਾ ਕੀਤਾ, ਉਸਨੇ ਤਮਾਸ਼ੇ ਦੀਆਂ ਬਰੀਕੀਆਂ ਤੇ ਨੁਕਤੇ ਉਸ ਨੂੰ ਨਹੀਂ ਸਿਖਾਏ ਕਿਉਂਕਿ ਉਹ ਇਹ ਸਭ ਆਪਣੇ ਪੁੱਤਰ ਨੂੰ ਸਿਖਾਉਣਾ ਚਾਹੁੰਦਾ ਸੀ। ਉਹ ਹੁਣ ਪਛਤਾਅ ਰਿਹਾ ਸੀ ਕਿ ਉਸ ਨੇ ਬਾਨੂੰ ਵਰਗੇ ਸ਼ਗਿਰਦ ਦੀ ਕਦਰ ਨਹੀਂ ਕੀਤੀ।
ਪ੍ਰਸ਼ਨ 5. ਬਾਨੂੰ ਦੇ ਉਸਤਾਦ ਨੇ ਉਸ ਦੇ ਮੁੰਡੇ ਬਾਰੇ ਕੀ ਸਲਾਹ ਦਿੱਤੀ?
ਉੱਤਰ : ਬਾਨੂੰ ਦੇ ਉਸਤਾਦ ਨੇ ਉਸ ਦੇ ਮੁੰਡੇ ਬਾਰੇ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੇ ਮੁੰਡੇ ਨੂੰ ਪੁੱਛ ਲਵੇ ਕਿ ਉਹ ਜਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਹੈ। ਜੋ ਵੀ ਉਹ ਕਰਨਾ ਚਾਹੁੰਦਾ ਹੈ ਬਾਨੂੰ ਉਸਨੂੰ ਕਰਨ ਦੇਵੇ। ਇੱਕ ਦਿਨ ਉਹ ਜ਼ਰੂਰ ਕਾਮਯਾਬ ਹੋਵੇਗਾ। ਉਸ ਦੀ ਇੱਛਾ ਦੇ ਵਿਰੁੱਧ ਉਸ ਨੂੰ ਸਿਖਾਉਣਾ ਪੱਥਰ ਵਿੱਚ ਸਿਰ ਮਾਰਨ ਦੇ ਬਰਾਬਰ ਕੰਮ ਹੋਵੇਗਾ।
ਪ੍ਰਸ਼ਨ 6. ਬਾਨੂੰ ਇਸ ਪਾਠ ਵਿੱਚ ਹੋਰ ਕਿਹੜੇ-ਕਿਹੜੇ ਕਲਾਕਾਰਾਂ ਦਾ ਜ਼ਿਕਰ ਕਰਦਾ ਹੈ ਤੇ ਉਨ੍ਹਾਂ ਨੂੰ ਕੀ ਸਲਾਹ ਦਿੰਦਾ ਹੈ?
ਉੱਤਰ : ਬਾਨੂੰ ਇਸ ਪਾਠ ਵਿੱਚ ਕਿਸਾਨ, ਅਧਿਆਪਕ, ਚਿੱਤਰਕਾਰ, ਗਵੱਈਏ, ਸ਼ਾਜ਼ਿੰਦੇ, ਵੈਦ, ਬਾਜ਼ੀਗਰ, ਬਹਿਰੂਪੀਏ, ਆਤਿਸ਼ਬਾਜ਼ ਆਦਿ ਦਾ ਜ਼ਿਕਰ ਕਰਦਾ ਹੈ। ਬਾਨੂੰ ਇਨ੍ਹਾਂ ਸਭ ਨੂੰ ਇਮਾਨਦਾਰ ਉਸਤਾਦ ਬਣਨ ਦੀ ਸਲਾਹ ਦੇਣਾ ਚਾਹੁੰਦਾ ਹੈ ਤਾਂ ਕਿ ਉਹਨਾਂ ਦੀ ਕਲਾ ਆਉਣ ਵਾਲੀਆਂ ਪੀੜ੍ਹੀਆਂ ਤਕ ਹੋਰ ਨਿੱਖਰ ਕੇ ਸਾਹਮਣੇ ਆ ਸਕੇ। ਇਹ ਕਲਾ ਵੰਸ਼ਵਾਦ ਜਾਂ ਪੁੱਤਰ ਮੋਹ ਤੋਂ ਉੱਪਰ ਉੱਠ ਕੇ ਚਾਹਵਾਨ ਤੇ ਯੋਗ ਸ਼ਗਿਰਦਾਂ ਤਕ ਪਹੁੰਚ ਸਕੇ।