Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 9th NCERT PunjabiPunjab School Education Board(PSEB)

ਇਕਾਂਗੀ ਦਾ ਸਾਰ : ਗਊ-ਮੁਖਾ ਸ਼ੇਰ-ਮੁਖਾ


ਇਕਾਂਗੀ : ਗਊ-ਮੁਖਾ ਸ਼ੇਰ-ਮੁਖਾ


ਸ਼ਰਨ ਸਿੰਘ ਇਕ ਚਲਾਕ ਦਲਾਲ ਹੈ। ਉਹ ਚੋਪੜਾ ਸਾਹਿਬ ਨੂੰ ਮਜਬੂਰ ਕਰ ਕੇ ਇਕ ਮਕਾਨ ਦਿਖਾਉਣ ਲਈ ਲਿਜਾ ਰਿਹਾ ਹੈ। ਚੋਪੜਾ ਸਾਹਿਬ ਉਸ ਨੂੰ ਕਹਿ ਰਹੇ ਹਨ ਕਿ ਉਸ ਦਾ ਖੜ੍ਹੇ ਪੈਰ ਸੌਦਾ ਕਰਨ ਦਾ ਕੋਈ ਵਿਚਾਰ ਨਹੀਂ ਤੇ ਨਾ ਹੀ ਉਸ ਕੋਲ ਅਜੇ ਇੰਨਾ ਮਹਿੰਗਾ ਮਕਾਨ ਖ਼ਰੀਦਣ ਲਈ ਗੁੰਜਾਇਸ਼ ਹੈ ਪਰ ਸਰਨ ਸਿੰਘ ਗਾਹਕ ਫਸਾਉਣ ‘ਤੇ ਤੁਲਿਆ ਹੋਇਆ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਭਾਵੇਂ ਉਹ ਮਕਾਨ ਖ਼ਰੀਦਣਾ ਨਹੀਂ ਚਾਹੁੰਦਾ, ਪਰ ਮਕਾਨ ਤੇ ਨਿਗਾਹ ਮਾਰਨ ਦਾ ਕੀ ਹਰਜ ਹੈ? ਚੋਪੜਾ ਸਾਹਿਬ ਕਹਿੰਦਾ ਹੈ ਕਿ ਉਸ ਦੇ ਲੜਕੇ ਰਣਜੀਤ ਨੇ ਐਤਕੀਂ ਬੀ.ਏ. ਪਾਸ ਕੀਤੀ ਹੈ ਤੇ ਉਹ ਉਸ ਨੂੰ ਕੋਈ ਅਲਹਿਦਾ ਬਿਜਨਿਸ ਸ਼ੁਰੂ ਕਰਾਉਣਾ ਚਾਹੁੰਦਾ ਹੈ। ਇਸ ਕਰਕੇ ਅਜੇ ਉਹ ਕੋਈ ਮਕਾਨ ਨਹੀਂ ਖ਼ਰੀਦਣਾ ਚਾਹੁੰਦਾ। ਸਰਨ ਸਿੰਘ ਇੱਥੋਂ ਹੀ ਆਪਣੇ ਮਤਲਬ ਦੀ ਗੱਲ ਸ਼ੁਰੂ ਕਰ ਲੈਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਨੇ ਰਣਜੀਤ ਤੋਂ ਬਿਜ਼ਨਿਸ ਹੀ ਕਰਾਉਣਾ ਹੈ, ਤਾਂ ਉਹ ਮਕਾਨਾਂ ਦਾ ਬਿਜਨਿਸ ਹੀ ਕਰ ਲਵੇ। ਇਸ ਲਈ ਉਹ ਉਸ ਮਕਾਨ ਨੂੰ ਜ਼ਰੂਰ ਖਰੀਦ ਲੈਣ ਤੇ ਫਿਰ ਵੇਚ ਕੇ ਵਧੇਰੇ ਲਾਭ ਕਮਾ ਲੈਣ। ਉਸ ਨੇ ਹੋਰ ਸੌਦੇ ਟਕਰਾਉਣ ਦਾ ਵੀ ਵਾਅਦਾ ਕੀਤਾ। ਫਿਰ ਉਹ ਚੋਪੜਾ ਸਾਹਿਬ ਨੂੰ ਇਕ ਹੋਟਲ ਵਿਚ ਬਿਠਾ ਕੇ ਮਕਾਨ ਦੀ ਮਾਲਕਣ ਨਾਲ਼ ਗੱਲ ਕਰਨ ਲਈ ਚਲਾ ਗਿਆ।

ਸ਼ਰਨ ਸਿੰਘ ਨੂੰ ਬੂਹੇ ‘ਤੇ ਆਇਆ ਦੇਖ ਕੇ ਮਕਾਨ ਦੀ ਮਾਲਕਣ ਕਿਸ਼ਨ ਦੇਈ ਇਕ-ਦਮ ਗੁੱਸੇ ਵਿਚ ਆ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਉਹ ਵਾਰ-ਵਾਰ ਉਸ ਦੇ ਘਰ ਗੇੜੇ ਕਿਉਂ ਮਾਰਦਾ ਹੈ, ਜਦ ਕਿ ਉਹ ਉਸ ਨੂੰ ਵਾਰ-ਵਾਰ ਕਹਿ ਚੁੱਕੀ ਹੈ ਕਿ ਉਸ ਨੇ ਮਕਾਨ ਨਹੀਂ ਵੇਚਣਾ। ਇਸ ਸਮੇਂ ਸ਼ਰਨ ਸਿੰਘ ਬੜੀ ਚਲਾਕੀ ਤੋਂ ਕੰਮ ਲੈਂਦਾ ਹੈ ਤੇ ਕਹਿੰਦਾ ਹੈ ਕਿ ਉਹ ਮਕਾਨ ਦੇ ਸੌਦੇ ਦੇ ਸੰਬੰਧ ਵਿਚ ਨਹੀਂ ਆਇਆ, ਸਗੋਂ ਉਹ ਇਹ ਸੁਨੇਹਾ ਦੇਣ ਆਇਆ ਹੈ ਕਿ ਉਸ ਦੀ ਪਤਨੀ ਕਮਰਿਆਂ ਦੇ ਫਰਸ ਦੇਖਣ ਲਈ ਆਉਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਵਿਚਾਰ ਆਪਣਿਆ ਕਮਰਿਆਂ ਵਿਚ ਉਨ੍ਹਾਂ ਵਰਗੇ ਫਰਸ ਪੁਆਉਣ ਦਾ ਹੈ। ਇਹ ਸੁਣ ਕੇ ਕਿਸ਼ਨ ਦੇਈ ਬੜੀ ਖ਼ੁਸ਼ ਹੁੰਦੀ ਹੈ ਤੇ ਆਪਣੀ ਬਦਸਲੂਕੀ ‘ਤੇ ਛਿੱਥੀ ਪੈਂਦੀ ਹੈ। ਕਿਸ਼ਨ ਦੇਈ ਸ਼ਰਨ ਸਿੰਘ ਦੀ ਸ਼ਰਬਤ ਨਾਲ ਸੇਵਾ ਕਰਦੀ ਹੈ। ਉਹ ਕਿਸ਼ਨ ਦੇਈ ਦੇ ਮਰ ਚੁੱਕੇ ਪਤੀ ਦੀਆਂ ਗੱਲਾ ਕਰਦਾ ਹੈ ਤੇ ਦੱਸਦਾ ਹੈ ਕਿ ਉਸ ਦੇ ਉਨ੍ਹਾਂ ਨਾਲ ਬੜੇ ਚੰਗੇ ਸੰਬੰਧ ਸਨ। ਫਿਰ ਉਹ ਉਸ ਦੇ 17-18 ਸਾਲ ਦੇ ਮੁੰਡੇ ਸੁਦਰਸ਼ਨ ਬਾਰੇ ਗੱਲਾਂ ਕਰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਦਸਵੀਂ ਪਾਸ ਕੀਤੀ ਹੈ। ਕਿਸ਼ਨ ਸਿੰਘ ਦੱਸਦਾ ਹੈ ਕਿ ਅੱਜ-ਕਲ੍ਹ ਬੀ.ਏ. ਪਾਸ ਵੀ ਵਿਹਲੇ ਫਿਰਦੇ ਹਨ ਤੇ ਨੌਕਰੀਆਂ ਸਿਫ਼ਾਰਸ਼ਾਂ ਨਾਲ ਮਿਲਦੀਆਂ ਹਨ। ਉਹ ਕਿਸ਼ਨ ਦੇਈ ਨੂੰ ਸਲਾਹ ਦਿੰਦਾ ਹੈ ਕਿ ਉਹ ਮਕਾਨ ਵੇਚ ਕੇ ਸੁਦਰਸ਼ਨ ਨੂੰ ਕੋਈ ਕੰਮ ਖੋਲ੍ਹ ਦੇਵੇ। ਉਹ ਬੜੀ ਹੁਸ਼ਿਆਰੀ ਨਾਲ ਕਿਸ਼ਨ ਦੇਈ ਨੂੰ ਹੌਂਸਲਾ ਦਿੰਦਾ ਹੈ ਕਿ ਮੁੰਡਾ ਹੱਲੇ-ਹੌਲੇ ਆਪੇ ਹੀ ਕੰਮ-ਕਾਰ ਸੰਭਾਲਣ ਜੋਗਾ ਹੋ ਜਾਵੇਗਾ ਤੇ ਫਿਰ ਉਹ ਸਭ ਕੁੱਝ ਬਣਾ ਲਵੇਗਾ। ਉਹ ਦੱਸਦਾ ਹੈ ਕਿ ਮਕਾਨ ਦਾ ਪੰਜਤਾਲੀ ਕੁ ਹਜ਼ਾਰ ਰੁਪਇਆ ਵੱਟਿਆ ਜਾ ਸਕਦਾ ਹੈ।

ਫਿਰ ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਦੇ ਮਕਾਨ ਦੇ ਕੋਲ ਖੂਹ ਹੁੰਦਾ ਸੀ। ਖੂਹ ਜਿਸ ਵਿਚ ਕਈ ਤਰ੍ਹਾਂ ਦੇ ਜਿੰਨਾਂ-ਭੂਤਾਂ ਦਾ ਵਾਸਾ ਹੁੰਦਾ ਹੈ। ਉਹ ਭਾਵੇਂ ਪੂਰਿਆ ਜਾ ਚੁੱਕਾ ਹੈ ਪਰ ਉਸ ਦਾ ਅਸਰ ਅਜੇ ਤਕ ਕਾਇਮ ਹੈ। ਇਹ ਸੁਣ ਕੇ ਸੁਦਰਸ਼ਨ ਡਰ ਜਾਂਦਾ ਹੈ। ਫਿਰ ਉਹ ਉਨ੍ਹਾਂ ਦੇ ਮਕਾਨ ਨੂੰ ਸ਼ੇਰ-ਮੁਖਾ ਦੱਸ ਕੇ ਨਹਿਸ਼ ਕਹਿੰਦਾ ਹੈ ਤੇ ਦੱਸਦਾ ਹੈ ਕਿ ਉਨ੍ਹਾਂ ਨੂੰ ਇਸ ਮਕਾਨ ਵਿਚ ਸੁਖ ਨਸੀਬ ਨਹੀਂ ਹੋ ਸਕਦਾ।

ਇਸ ਪ੍ਰਕਾਰ ਸ਼ਰਨ ਸਿੰਘ ਉਨ੍ਹਾਂ ਨੂੰ ਮਕਾਨ ਵੇਚਣ ਲਈ ਤਿਆਰ ਕਰ ਕੇ ਚੋਪੜਾ ਸਾਹਿਬ ਨੂੰ ਸੱਦਣ ਚਲਾ ਜਾਂਦਾ ਹੈ। ਪਿੱਛੇ ਕਿਸ਼ਨ ਦੇਈ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਮਕਾਨ ਵੇਚ ਕੇ ਵੱਟੇ ਜਾਣ ਵਾਲੇ ਪੈਸਿਆ ਨਾਲ ਉਹ ਕੋਈ ਕੰਮ ਚਲਾ ਲਵੇ ਤਾਂ ਫੇਰ ਉਹ ਉਸ ਦਾ ਵਿਆਹ ਕਰੇਗੀ।

ਸ਼ਰਨ ਸਿੰਘ ਚੋਪੜਾ ਸਾਹਿਬ ਨੂੰ ਲਿਆ ਕੇ ਮਕਾਨ ਦਿਖਾਉਂਦਾ ਹੈ। ਫਿਰ ਚੋਪੜਾ ਸਾਹਿਬ ਮਕਾਨ ਵੇਖਣ ਲਈ ਚੁਬਾਰੇ ਉੱਪਰ ਚੜ੍ਹ ਜਾਂਦਾ ਹੈ। ਪਿੱਛੋਂ ਕਿਸ਼ਨ ਦੇਈ ਸ਼ਰਨ ਸਿੰਘ ਨੂੰ ਕਹਿੰਦੀ ਹੈ ਕਿ ਉਹ ਪੰਜਾਹ ਹਜ਼ਾਰ ਤੋਂ ਘੱਟ ਨਹੀਂ ਲਵੇਗੀ। ਸਰਨ ਸਿੰਘ ਨੇ ਕਿਹਾ ਕਿ ਉਹ ਚੋਪੜਾ ਸਾਹਿਬ ਨੂੰ ਸੰਤਾਲੀ ਅਠਤਾਲੀ ਹਜ਼ਾਰ ਕਹਿ ਚੁੱਕਾ ਹੈ ਪਰ ਕਿਸ਼ਨ ਦੇਈ ਇਹ ਕੀਮਤ ਸਵੀਕਾਰ ਨਹੀਂ ਕਰਦੀ। ਫਿਰ ਸ਼ਰਨ ਸਿੰਘ ਉਸ ਨੂੰ ਸੀਲਿੰਗ ਦੇ ਕਾਨੂੰਨ ਦਾ ਡਰ ਦਿੰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਮਕਾਨਾਂ ਦੀਆਂ ਕੀਮਤਾਂ ਡਿਗ ਰਹੀਆਂ ਹਨ। ਇਹ ਨਾ ਹੋਵੇ ਕਿ ਫਿਰ ਇੰਨੇ ਵੀ ਨਾ ਵੱਟੇ ਜਾਣ। ਕਿਸ਼ਨ ਦੇਈ ਅਠਤਾਲੀ ਹਜ਼ਾਰ ‘ਤੇ ਮੰਨ ਜਾਂਦੀ ਹੈ।

ਸ਼ਰਨ ਸਿੰਘ ਅੰਦਰ ਜਾ ਕੇ ਚੋਪੜਾ ਸਾਹਿਬ ਨਾਲ ਗੱਲ ਕਰਦਾ ਹੈ। ਉਨ੍ਹਾਂ ਦੀ ਗੱਲ-ਬਾਤ ਤੋਂ ਪਤਾ ਲਗਦਾ ਹੈ ਕਿ ਸ਼ਰਨ ਸਿੰਘ ਸੁਦਰਸ਼ਨ ਦੇ ਪਿਤਾ ਬਾਰੇ ਕੁੱਝ ਨਹੀਂ ਜਾਣਦਾ। ਸ਼ਰਨ ਸਿੰਘ ਉਸ ਨੂੰ ਅਠਤਾਲੀ ਹਜ਼ਾਰ ਕੀਮਤ ਦੱਸਦਾ ਹੈ ਪਰ ਚੋਪੜਾ ਸਾਹਿਬ ਇਸ ਕੀਮਤ ਨੂੰ ਜ਼ਿਆਦਾ ਕਹਿੰਦਾ ਹੈ। ਉਹ ਨਾਲ ਹੀ ਮਕਾਨ ਦੇ ਕੋਲ ਖੂਹ ਹੋਣ ਦੀ ਸ਼ਕਾਇਤ ਵੀ ਕਰਦਾ ਹੈ। ਪਰ ਸ਼ਰਨ ਸਿੰਘ ਇਸ ਨੂੰ ਅਨਪੜ੍ਹਾ ਤੇ ਬੁੱਢੀਆਂ ਦਾ ਫ਼ਜੂਲ ਵਹਿਮ ਕਹਿ ਕੇ ਚੋਪੜਾ ਸਾਹਿਬ ਦੀ ਤਸੱਲੀ ਕਰਾ ਦਿੰਦਾ ਹੈ। ਚੋਪੜਾ ਸਾਹਿਬ ਛਿਆਲੀ ਹਜ਼ਾਰ ਰੁਪਇਆ ਦੇਣ ਲਈ ਤਿਆਰ ਹੋ ਜਾਂਦੇ ਹਨ।

ਜਦੋਂ ਦੂਜੇ ਪਾਸੇ ਆ ਕੇ ਸ਼ਰਨ ਸਿੰਘ ਕਿਸ਼ਨ ਦੇਈ ਨੂੰ ਇਹ ਕੀਮਤ ਦੱਸਦਾ ਹੈ ਤਾਂ ਉਹ ਮਨਜੂਰ ਨਹੀਂ ਕਰਦੀ ਪਰ ਸਰਨ ਸਿੰਘ ਇਕ ਹੋਰ ਦਾਅ ਤੋਂ ਕੰਮ ਲੈਂਦਾ ਹੈ। ਉਹ ਉਨ੍ਹਾਂ ਦੇ ਮਕਾਨ ਨੂੰ ਸ਼ੇਰ-ਮੁਖਾ ਤੇ ਦਮੂੰਹੀ ਸੱਪਣੀ ਵਰਗਾ ਆਖ ਕੇ ਨਹਿਸ਼ ਕਰਾਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ ਗ਼ਲਤ ਰਾਇ ਨਹੀਂ ਦਿੰਦਾ। ਇਹ ਮਕਾਨ ਚੰਗਾ ਨਹੀਂ। ਹੁਣ ਕਿਸ਼ਨ ਦੇਈ ਸੰਤਾਲੀ ਹਜ਼ਾਰ ਲੈਣ ਲਈ ਤਿਆਰ ਹੋ ਜਾਂਦੀ ਹੈ।

ਦੂਜੇ ਪਾਸੇ ਸ਼ਰਨ ਸਿੰਘ ਚੋਪੜਾ ਸਾਹਿਬ ਨੂੰ ਕਹਿੰਦਾ ਹੈ ਕਿ ਉਹ ਹੁਣ ਥਿੜਕੇ ਨਾ। ਉਹ ਉਸ ਨੂੰ ਬਹੁਤ ਸੋਹਣਾ ਮਕਾਨ ਲੈ ਕੇ ਦੇ ਰਿਹਾ ਹੈ। ਫਿਰ ਚਾਂਦਨੀ ਚੌਕ ਦਾ ਇਹ ਇਲਾਕਾ ਹੈ ਵੀ ਦਿੱਲੀ ਸ਼ਹਿਰ ਦੇ ਵਿਚਕਾਰ। ਚੋਪੜਾ ਸਾਹਿਬ ਕਮਰੇ ਦੀ ਲੰਬਾਈ-ਚੌੜਾਈ ਦੇਖ ਕੇ ਕਹਿੰਦਾ ਹੈ ਕਿ ਇਹ ਮਕਾਨ ਸ਼ੇਰਮੁਖਾ ਹੈ, ਪਰ ਸ਼ਰਨ ਸਿੰਘ ਉਸ ਦੀ ਗੱਲ ਦਾ ਮਖ਼ੌਲ ਉਡਾਉਂਦਾ ਹੋਇਆ ਕਹਿੰਦਾ ਹੈ ਕਿ ਇਸ ਮਕਾਨ ਦਾ ਅਸਲ ਰਾਹ ਪਿਛਲੇ ਪਾਸੇ ਹੈ। ਇਸ ਕਰਕੇ ਇਹ ਮਕਾਨ ਗਊ-ਮੁਖਾ ਹੈ। ਉਹ ਚੋਪੜਾ ਸਾਹਿਬ ਨੂੰ ਵਹਿਮੀ ਆਖ ਕੇ ਹੱਸਦਾ ਹੈ। ਸ਼ਰਨ ਸਿੰਘ ਕਹਿੰਦਾ ਹੈ ਕਿ ਦੋ ਰਸਤਿਆਂ ਵਾਲੇ ਮਕਾਨ ਤਾਂ ਲੋਕ ਲੱਭਦੇ ਹਨ। ਫਿਰ ਉਹ ਇਹ ਵੀ ਸਮਝਾਉਂਦਾ ਹੈ ਕਿ ਮਕਾਨ ਗਊ-ਮੁਖਾ ਇਸ ਕਰਕੇ ਪਸੰਦ ਕੀਤਾ ਜਾਂਦਾ ਹੈ, ਤਾਂ ਕਿ ਘਰ ਦਾ ਪਰਦਾ ਬਣਿਆ ਰਹੇ ਤੇ ਦੁਕਾਨ ਸ਼ੇਰ ਮੁਖੀ ਪਸੰਦ ਕੀਤੀ ਜਾਂਦੀ ਹੈ, ਤਾਂ ਜੋ ਉਸ ਦੀ ਸਜਾਵਟ ਕੀਤੀ ਜਾ ਸਕੇ। ਸ਼ਰਨ ਸਿੰਘ ਉਸ ਨੂੰ ਅਜਿਹੇ ਫ਼ਜੂਲ ਵਹਿਮ ਛੱਡਣ ਲਈ ਕਹਿੰਦਾ ਹੈ।

ਅੰਤ ਦੋਹਾਂ ਧਿਰਾਂ ਵਿਚ ਸਾਢੇ ਛਿਆਲੀ ਹਜ਼ਾਰ ਦੇਣ ਤੇ ਸੰਤਾਲੀ ਹਜ਼ਾਰ ਲੈਣ ‘ਤੇ ਗੱਲ ਅੜ ਜਾਂਦੀ ਹੈ। ਪਰ ਸ਼ਰਨ ਸਿੰਘ ਦੋਹਾਂ ਧਿਰਾਂ ਦੀ ਜ਼ਿਦ ਭੰਨ ਕੇ ਛਿਆਲੀ ਹਜ਼ਾਰ ਸਾਢੇ ਸੱਤ ਸੌ ‘ਤੇ ਗੱਲ ਨਿਬੇੜ ਦਿੰਦਾ ਹੈ। ਉਹ ਚੋਪੜਾ ਸਾਹਿਬ ਤੋਂ ਇਕ ਸੌ ਰੁਪਇਆ ਬਿਆਨਾ ਲੈ ਕੇ ਕਿਸ਼ਨ ਦੇਈ ਨੂੰ ਦੇ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਸ਼ਾਮ ਨੂੰ ਵਸੀਕਾ ਨਵੀਸ ਦੀ ਹੱਟੀ ‘ਤੇ ਜਾ ਕੇ ਔੜਾ ਲਿਖ ਕੇ ਪੂਰਾ ਬਿਆਨਾ ਲੈ ਲਵੇ। ਫਿਰ ਸ਼ਰਨ ਸਿੰਘ ਚੋਪੜਾ ਸਾਹਿਬ ਤੋਂ ਦਲਾਲੀ ਦੇ ਅੱਧੇ ਪੈਸੇ ਮੰਗਦਾ ਹੈ। ਕਿਸ਼ਨ ਦੇਈ ਉਸ ਨੂੰ ਕਹਿੰਦੀ ਹੈ ਕਿ ਉਹ ਬਹੁਤ ਡਾਢਾ ਨਿਕਲਿਆ ਹੈ, ਜਿਸ ਨੇ ਫੇਰੇ ਮਾਰ-ਮਾਰ ਕੇ ਉਸ ਦਾ ਮਕਾਨ ਵਿਕਾ ਹੀ ਛੱਡਿਆ ਹੈ। ਸ਼ਰਨ ਸਿੰਘ ਕਹਿੰਦਾ ਹੈ, “ਹਕੂਮਤ ਗਰਮੀ ਦੀ ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।”


ਔਖੇ ਸ਼ਬਦਾਂ ਦੇ ਅਰਥ

ਅਰਜ਼ : ਬੇਨਤੀ ।

ਸਰਦੇਸਤ : ਖੜ੍ਹੇ ਪੈਰ ।

ਨਾਹੱਕ : ਫਜ਼ੂਲ ।

ਜਾਇਆ : ਅਜਾਈਂ ਗੁਆਉਣਾ ।

ਗ਼ਰਜ਼ਮੰਦ : ਲੋੜਵੰਦ ।

ਅੜ੍ਹਬ : ਆਪਣੀ ਗੱਲ ‘ਤੇ ਅੜ ਜਾਣ ਵਾਲੀ ਲੜਾਕੀ ।

ਬਜਾ : ਠੀਕ ।

ਅਲੈਹਦਾ : ਵੱਖਰਾ ।

ਤਲਕਾਤ : ਸੰਬੰਧ ।

ਨਿਰਾਸ਼ : ਮਾਯੂਸ ।

ਮੁਰਾਦਾਂ : ਇੱਛਾਵਾਂ ।

ਜਹਾਨ : ਸੰਸਾਰ ।

ਬੇਵਾ : ਵਿਧਵਾ ।

ਨਾਬਾਲਗ : 18 ਸਾਲ ਤੋਂ ਘੱਟ ਉਮਰ ।

ਮਜ਼ਾਕ : ਮਖ਼ੌਲ ।

ਗਾਰਡੀਅਨ : ਵਾਰਸ ।

ਸ਼ੁਮਾਰ : ਸ਼ਾਮਲ ।

ਵਸੀਕਾਨਵੀਸ : ਅਸ਼ਟਾਮਾਂ ਉੱਤੇ ਲਿਖਣ ਵਾਲਾ ।