ਅਣਡਿੱਠਾ ਪੈਰਾ – ਸੱਚੇ ਗੁਰੂ ਦੀ ਸ਼ਰਨ
ਸੱਚੇ ਗੁਰੂ ਦੀ ਸ਼ਰਨ : ਅਸਲੀ ਜੀਵਨ – ਜਾਚ
ਸੰਸਾਰ ਬਹੁਤ ਜ਼ਿਆਦਾ ਕੌੜਾ ਹੈ। ਇਹ ਦੂਰੋਂ ਤਾਂ ਬਹੁਤ ਮਿੱਠਾ ਲੱਗਦਾ ਹੈ, ਪਰ ਨੇੜੇ ਜਾਣ ਨਾਲ ਛੁੱਟ ਕੁੜੱਤਣ ਦੇ ਕੁਝ ਵੀ ਨਹੀਂ ਮਿਲਦਾ। ਏਥੇ ਹੱਥ ਸੜਦੇ ਹਨ, ਹਿਰਦੇ ‘ ਤੇ ਜ਼ਖਮ ਬਣਦੇ ਹਨ। ਏਥੇ ਹੋਰ ਕੋਈ ਪ੍ਰਾਪਤੀ ਨਹੀਂ ਹੈ। ਪਰ ਜਿੱਥੇ ਮਧੁਰ ਰਾਸ਼ ਵਹਿੰਦਾ ਹੈ, ਉਹ ਚੇਤਨ ਗੁਰੂ ਕੋਲ ਮਧੂਸ਼ਾਲਾ ਹੈ। ਜਦ ਤੀਕ ਉਹ ਹੈ ਤਦ ਤੀਕ ਤੁਸੀਂ ਅੰਮ੍ਰਿਤ ਰੂਪੀ ਮਧੂ ਪੀ ਲਉ। ਉਨ੍ਹਾਂ ਕੋਲ ਜਾਉ, ਬੈਠੋ। ਉਨ੍ਹਾਂ ਦੀਆਂ ਗੱਲਾਂ ਸੁਣੋ ਤਾਂ ਨਸ਼ਾ ਆਉਣ ਲੱਗਦਾ ਹੈ। ਤੁਹਾਨੂੰ ਪਰਮਾਤਮਾ ਦਾ ਤਾਂ ਪਤਾ ਨਹੀਂ, ਪਰ ਜਿਨ੍ਹਾਂ ਨੂੰ ਉਸ ਦਾ ਪਤਾ ਹੈ, ਉਨ੍ਹਾਂ ਕੋਲ ਬੈਠ ਕੇ ਤੁਹਾਨੂੰ ਕੁੱਝ ਪਤਾ ਲੱਗੇਗਾ। ਜੇ ਉਨ੍ਹਾਂ ਦੀਆਂ ਤਰੰਗਾਂ ਤੁਹਾਨੂੰ ਛੋਹੀਆਂ ਤਾਂ ਤੁਹਾਡੀ ਵੀਣਾ ਵੱਜਣੀ ਸ਼ੁਰੂ ਹੋ ਜਾਏਗੀ। ਇਹੀ ਜ਼ਿੰਦਗੀ ਦਾ ਅਰਥ ਹੈ। ਜਿੱਥੇ ਕੋਈ ਪ੍ਰਭੂ ਦਾ ਖੋਜੀ ਹੈ, ਜਦ ਉਸ ਨੂੰ ਖ਼ਬਰ ਮਿਲਦੀ ਹੈ, ਉਹ ਉੱਥੇ ਹੀ ਪੁੱਜ ਜਾਂਦਾ ਹੈ। ਇਸ ਦਾ ਅਰਥ ਕੇਵਲ ਇਤਨਾ ਹੀ ਹੈ ਕਿ ਪਰਮਾਤਮਾ ਨੂੰ ਖੋਜਣ ਵਾਲੇ ਨੂੰ ਸਾਰਾ ਅਸਤਿੱਤਵ ਸਾਥ।ਦਿੰਦਾ ਹੈ, ਦ੍ਰਿਸ਼ ਵੀ ਅਤੇ ਅਦ੍ਰਿਸ਼ ਵੀ। ਉਸ ਨੂੰ ਲੋਕ – ਪਰਲੋਕ ਤੋਂ ਵੀ ਸਾਥ ਮਿਲਦਾ ਹੈ। ਸੋ ਪਰਮਾਤਮਾ ਨੂੰ ਖੋਜਣ ਵਾਲਾ ਆਪਣੇ – ਆਪ ਨੂੰ ਇਕੱਲਾ ਨਾ ਸਮਝੇ। ਇਸ ਗੱਲ ਦਾ ਇਤਨਾ ਹੀ ਮਤਲਬ ਹੈ – ਪਰਮਾਤਮਾ ਨੂੰ ਖੋਜਣ ਵਾਲੇ ਨੂੰ ਪਰਮਾਤਮਾ ਸਾਥ ਦਿੰਦਾ ਹੈ। ਜਿਹੜੇ ਪਰਮਾਤਮਾ ਦੇ ਵਿਪਰੀਤ ਜਾ ਰਹੇ ਹਨ, ਉਹ ਇਕੱਲੇ ਹਨ। ਜਿਹੜੇ ਉਸ ਵੱਲ ਜਾ ਰਹੇ ਹਨ, ‘ਉਹ’ ਉਨ੍ਹਾਂ ਨਾਲ ਹੈ। ਉਨ੍ਹਾਂ ਦੇ ਹੱਥ ਵਿਚ ਪਰਮਾਤਮਾ ਦਾ ਹੱਥ ਹੈ। ਜਿੱਥੇ ਰਾਮ – ਨਾਮ ਦੀ ਸ਼ਰਾਬ ਹੈ, ਉੱਥੇ ਪੁੱਜ ਜਾਉ – ਕਿਸੇ ਸਤਿਸੰਗ ਅਥਵਾ ਮੈਖ਼ਾਨੇ ਵਿੱਚ। ਇਸ ਲਈ ਮੈਂ ਚੇਤਨ ਗੁਰੂ ਦੇ ਦਵਾਰ ਨੂੰ ਮਧੂਸ਼ਾਲਾ ਕਹਿੰਦਾ ਹਾਂ। ਜਿਹੜਾ ਜੀਵਨ ਦਾ ਧਰਮ ਅਨੰਦ ਹੈ, ਉਹ ਸਿਧਾਂਤ – ਸ਼ਾਸਤਰ ਦੀਆਂ ਰੁੱਖੀਆਂ – ਸੁੱਖੀਆਂ ਗੱਲਾਂ ਵਿੱਚ ਨਹੀਂ ਹੋ ਸਕਦਾ। ਉਸ ਲਈ ਤਾਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਦੇ ਰਹੋ। ਤੁਸੀਂ ਕਿਸੇ ਹੋਰ ਬ੍ਰਿਛ ਕੋਲ ਜਾਉ ਜਿੱਥੇ ਪੱਤੇ, ਫਲ ਤੇ ਫੁੱਲ ਲੱਗਦੇ ਹਨ। ਉਸ ਦੀ ਛਾਇਆ ਵਿੱਚ ਬੈਠੋ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਸੰਸਾਰ ਬਾਰੇ ਕੀ ਕਿਹਾ ਗਿਆ ਹੈ?
(ੳ) ਬਹੁਤ ਮਿੱਠਾ
(ਅ) ਸਵਾਰਥੀ
(ੲ) ਬਹੁਤ ਕੌੜਾ
(ਸ) ਬਹੁਤ ਮਿਹਨਤੀ
ਪ੍ਰਸ਼ਨ 2 . ਚੇਤਨ ਗੁਰੂ ਕੋਲ ਕੀ ਹੈ ?
(ੳ) ਮਧੂਸ਼ਾਲਾ
(ਅ) ਧਰਮਸ਼ਾਲਾ
(ੲ) ਗਊਸ਼ਾਲਾ
(ਸ) ਨਾਟਸ਼ਾਲਾ
ਪ੍ਰਸ਼ਨ 3 . ਇਸ ਪੈਰੇ ਵਿੱਚ ਕਿਹੜੇ ਮੈਖ਼ਾਨੇ ਵਿੱਚ ਜਾਣ ਲਈ ਕਿਹਾ ਗਿਆ ਹੈ?
(ੳ) ਸ਼ਰਾਬ ਵਾਲੇ
(ਅ) ਨਸ਼ੇ ਵਾਲੇ
(ੲ) ਸਤਿਸੰਗ ਵਾਲੇ
(ਸ) ਜੂਏ ਵਾਲੇ
ਪ੍ਰਸ਼ਨ 4 . ‘ਅਸਤਿੱਤਵ’ ਸ਼ਬਦ ਦਾ ਅਰਥ ਦੱਸੋ।
(ੳ) ਠੀਕ
(ਅ) ਅਦ੍ਰਿਸ਼
(ੲ) ਹੋਂਦ
(ਸ) ਅਲੋਪ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਸੱਚੇ ਗੁਰੂ ਦੀ ਸ਼ਰਨ : ਅਸਲੀ ਜੀਵਨ – ਜਾਚ
(ਅ) ਅੰਮ੍ਰਿਤ ਰੂਪੀ ਮਧੂ
(ੲ) ਰੁੱਖਾਂ ਦੇ ਲਾਭ
(ਸ) ਵੀਣਾ