ਅਣਡਿੱਠਾ ਪੈਰਾ : ਸਚ ਤੇ ਝੂਠ
ਝੂਠ ਬੋਲਣਾ ਪਾਪ ਮੰਨਿਆ ਗਿਆ ਹੈ ਤੇ ਸੱਚ ਬੋਲਣਾ ਇਕ ਵੱਡਾ ਧਰਮ। ਇਸ ਸਿੱਟੇ ਨੂੰ ਸਦਾਚਾਰਕ ਦ੍ਰਿਸ਼ਟੀਕੋਣ ਤੋਂ ਕੋਈ ਸਮਝਦਾਰ ਮਨੁੱਖ ਖੰਡਨ ਕਰਨ ਦਾ ਯਤਨ ਭਲਾ ਕਿਉਂ ਕਰੇਗਾ? ਪਰ ਫੇਰ ਇਸ ਸਿਧਾਂਤ ਬਾਰੇ ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਆਖੇ ਬਿਨਾਂ ਜ਼ਬਾਨ ਨਹੀਂ ਰੁਕ ਸਕਦੀ ਤੇ ਜਿਨ੍ਹਾਂ ਨੂੰ ਵਰਣਨ ਕਰਨਾ ਮਨੁੱਖੀ ਸੋਝੀ ਦੇ ਵਾਧੇ ਲਈ ਜ਼ਰੂਰੀ ਹੈ, ਭਾਵੇਂ ਉਨ੍ਹਾਂ ਨੂੰ ਸਦਾਚਾਰ ਲਈ ਹਾਨੀਕਾਰਕ ਹੀ ਗਿਣਿਆ ਜਾਏ। ਝੂਠ ਮਿੱਠਾ ਹੁੰਦਾ ਹੈ, ਇਸ ਨੂੰ ਬਜ਼ੁਰਗਾਂ ਨੇ ਮੰਨਿਆ ਹੈ। ਸਿਆਣਿਆਂ ਦਾ ਕਥਨ ਹੈ, ‘ਸੱਚ ਮਿਰਚਾਂ ਤੇ ਝੂਠ ਗੁੜ’।
ਕਿਸੇ ਭੈੜੇ ਆਦਮੀ ਨੂੰ ਭੈੜਾ ਕਹੋ, ਜ਼ਾਲਮ ਨੂੰ ਜ਼ਾਲਮ ਅਤੇ ਮੂਰਖ ਨੂੰ ਮੂਰਖ ਤਾਂ ਉਹ ਸੁਣ ਕੇ ਕ੍ਰੋਧਵਾਨ ਹੋਵੇਗਾ ਤੇ ਸਮਰੱਥਾ ਅਨੁਸਾਰ ਏਸ ਅਨਭਾਉਣੇ ਸੱਚ ਬੋਲਣ ਵਾਲੇ ਨੂੰ ਕਸ਼ਟ ਦੇਣ ਦਾ ਯਤਨ ਕਰੇਗਾ। ਏਸੇ ਲਈ ਪੁਰਾਣੇ ਸਮਿਆਂ ਵਿਚ ਜਦ ਕਦੀ ਰਾਜਿਆਂ ਤੇ ਰਈਸਾਂ ਨੂੰ ਉਨ੍ਹਾਂ ਦੀ ਕੋਈ ਗ਼ਲਤੀ ਦੀ ਚਿਤਾਵਨੀ ਦੇਣੀ ਹੁੰਦੀ ਸੀ, ਤਾਂ ਉਨ੍ਹਾਂ ਦੇ ਦਰਬਾਰੀ ਨਿਕਟਵਰਤੀ ਕਿਸੇ ਸੁੰਦਰ ਜਾਂ ਮਨੋਰੰਜਕ ਝੂਠੇ ਸਵਾਂਗ ਰਾਹੀਂ ਉਨ੍ਹਾਂ ਦਾ ਧਿਆਨ ਇਸ ਪਾਸੇ ਖਿੱਚਦੇ ਸਨ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਸਿਆਣਿਆਂ ਨੇ ਸੱਚ ਨੂੰ ਮਿਰਚਾਂ ਤੇ ਝੂਠ ਨੂੰ ਗੁੜ ਕਿਉਂ ਕਿਹਾ ਹੈ?
ਉੱਤਰ : ਕਿਉਂਕਿ ਜੇਕਰ ਭੈੜੇ ਆਦਮੀ ਨੂੰ ਭੈੜਾ ਕਿਹਾ ਜਾਵੇ ਜਾਂ ਮੂਰਖ ਨੂੰ ਮੂਰਖ ਕਿਹਾ ਜਾਵੇ, ਤਾਂ ਉਸ ਨੂੰ ਬੜੀਆਂ ਮਿਰਚਾਂ ਲਗਦੀਆਂ ਹਨ, ਪਰੰਤੂ ਜੇਕਰ ਉਸ ਦੀ ਝੂਠੀ ਖ਼ੁਸ਼ਾਮਦ ਕੀਤੀ ਜਾਵੇ, ਤਾਂ ਉਹ ਬਹੁਤ ਖ਼ੁਸ਼ ਹੁੰਦਾ ਹੈ।
ਪ੍ਰਸ਼ਨ (ਅ) ਸਦਾਚਾਰ ਵਿਚ ਝੂਠ ਨੂੰ ਕੀ ਨਾਂ ਦਿੱਤਾ ਗਿਆ ਹੈ?
ਉੱਤਰ : ਸਦਾਚਾਰ ਵਿਚ ਝੂਠ ਨੂੰ ‘ਪਾਪ’ ਕਿਹਾ ਗਿਆ ਹੈ।
ਪ੍ਰਸ਼ਨ (ੲ) ਪਿਛਲੇ ਸਮੇਂ ਵਿਚ ਕਿਸੇ ਦੀ ਭੁੱਲ ਨੂੰ ਕਿਵੇਂ ਚਿਤਾਰਿਆ ਜਾਂਦਾ ਸੀ?
ਉੱਤਰ : ਪਿਛਲੇ ਸਮੇਂ ਵਿਚ ਰਾਜਿਆਂ ਤੇ ਰਈਸਾਂ ਦੀ ਭੁੱਲ ਉਨ੍ਹਾਂ ਦੇ ਨਿਕਟਵਰਤੀ ਦਰਬਾਰੀ ਮਨੋਰੰਜਕ ਝੂਠੇ ਸਵਾਂਗ ਰਾਹੀਂ ਚਿਤਾਰਦੇ ਸਨ।
ਪ੍ਰਸ਼ਨ (ਸ) ਔਖੇ ਸ਼ਬਦਾਂ ਦੇ ਅਰਥ ਲਿਖੋ ।
ਉੱਤਰ : ਦ੍ਰਿਸ਼ਟੀਕੋਣ : ਨਜ਼ਰੀਆ, ਉਹ ਨੁਕਤਾ ਜਾਂ ਵਿਚਾਰ, ਜਿਸ ਤੋਂ ਕੋਈ ਚੀਜ਼ ਵਿਚਾਰੀ ਜਾਵੇ।
ਖੰਡਨ : ਕਿਸੇ ਸਿਧਾਂਤ ਜਾਂ ਵਿਚਾਰ ਨੂੰ ਰੱਦ ਕਰਨਾ।
ਸਿਧਾਂਤ : ਦਲੀਲ ਨਾਲ ਨਿਸਚਿਤ ਕੀਤੀ ਵਿਚਾਰਧਾਰਾ, ਤੱਤ ਦੀ ਗੱਲ।
ਸੋਝੀ : ਗਿਆਨ ।
ਕ੍ਰੋਧਵਾਨ : ਗੁੱਸੇ ਭਰਿਆ ।
ਸਮਰੱਥਾ : ਯੋਗਤਾ, ਸ਼ਕਤੀ, ਬਲ ।
ਅਨਭਾਉਣੇ : ਨਾ ਚੰਗੇ ਲਗਣ ਵਾਲੇ ।
ਰਈਸਾਂ : ਰਿਆਸਤ ਵਾਲਿਆਂ, ਜਾਗੀਰਦਾਰਾਂ, ਰਾਜਿਆਂ।
ਨਿਕਟਵਰਤੀ : ਨੇੜੇ ਰਹਿਣ ਵਾਲਾ ।
ਸਵਾਂਗ : ਕਿਸੇ ਹੋਰ ਦਾ ਰੂਪ ਧਾਰਨ ਕਰਨਾ ।
ਪ੍ਰਸ਼ਨ (ਹ) ਇਸ ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।
ਉੱਤਰ : ਸੱਚ ਤੇ ਝੂਠ ।