ਅਣਡਿੱਠਾ ਪੈਰਾ – ਮਾਤ ਭਾਸ਼ਾ
ਮਾਤ ਭਾਸ਼ਾ
ਹੇਠ ਲਿਖੇ ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉਤੱਰ ਦਿਓ:
ਆਪਣੇ –ਆਪ ਨੂੰ ਅਗਾਂਹਵਧੂ ਤੇ ਆਧੁਨਿਕ ਕਹਿਣ ਵਾਲੇ ਕਈ ਪੰਜਾਬੀ -ਘਰਾਂ ਵਿੱਚ ਪੱਛਮੀ ਸੱਭਿਅਤਾ ਦਾ ਬੋਲਬਾਲਾ ਹੈ । ਉੱਥੇ ਕੀ ਨਿੱਕੇ ਤੇ ਕੀ ਵੱਡੇ, ਸਭ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਦੇ ਹਨ । ਪੰਜਾਬੀ ਬੋਲਣ ਵਿਚ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ । ਪਰ ਜਦੋਂ ਉਨ੍ਹਾਂ ਨੂੰ ਅਤਿ ਦਾ ਦੁੱਖ ਲਗਦਾ ਹੈ ਤਾਂ ਉਦੋਂ ਉਨ੍ਹਾਂ ਦੇ ਮੂੰਹੋਂ ‘ਹਾਏ ਰੱਬਾ’ ਹੀ ਨਿਕਲਦਾ ਹੈ। ਇਸ ਵੇਲੇ ਮਤਰੇਈ ਮਾਂ ਅੰਗਰੇਜ਼ੀ ਨਹੀਂ ਸਗੋਂ ਸਕੀ ਮਾਂ ਪੰਜਾਬੀ ਹੀ ਕੰਮ ਆਉਂਦੀ ਹੈ। ਮਾਤ – ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਬੱਚਾ ਆਪਣੀ ਮਾਂ ਦੇ ਦੁੱਧ ਨਾਲ ਹੀ ਸਿੱਖਦਾ ਹੈ। ਜੀਵਨ ਦਾ ਮੁੱਢਲਾ ਅਨੁਭਵ ਉਹ ਇਸੇ ਬੋਲੀ ਰਾਹੀਂ ਗ੍ਰਹਿਣ ਕਰਦਾ ਹੈ। ਜੋ ਕਮਾਲ ਮਾਤ – ਭਾਸ਼ਾ ਵਿੱਚ ਆਪਣੇ ਖਿਆਲ ਪ੍ਰਗਟਾਉਣ ਵਿਚ ਹਾਸਲ ਹੁੰਦਾ ਹੈ, ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਹੁੰਦਾ। ਇਸ ਲਈ ਪੰਜਾਬੀ ਦੇ ਸਿਰਮੌਰ ਕਵੀ ਭਾਈ ਵੀਰ ਸਿੰਘ ਜੀ ਨੇ ਅਤੇ ਬੰਗਲਾ ਭਾਸ਼ਾ ਦੇ ਮਹਾਨ ਸਿਰਜਕ ਰਵਿੰਦਰਨਾਥ ਟੈਗੋਰ ਜੀ ਨੇ ਕੇਵਲ ਤੇ ਕੇਵਲ ਆਪਣੀਆਂ ਮਾਤ-ਭਾਸ਼ਾਵਾਂ ਵਿੱਚ ਹੀ ਰਚਨਾ ਕੀਤੀ ਹੈ। ਸਾਡੀ ਸਰਕਾਰ ਵੱਲੋਂ, ਹਰ ਪ੍ਰਾਂਤ ਵਿੱਚ, ਮਾਤ – ਭਾਸ਼ਾ ਨੂੰ ਵਿੱਦਿਆ ਦਾ ਮਾਧਿਅਮ ਬਣਾਉਣ ਦਾ ਇਕ ਸਲਾਹੁਣਯੋਗ ਨਿਰਨਾ ਹੈ।
ਪ੍ਰਸ਼ਨ 1. ਅੱਜ ਕਿਹੜੇ ਘਰਾਂ ਵਿੱਚ ਪੱਛਮੀ ਸਭਿਅਤਾ ਦਾ ਬੋਲਬਾਲਾ ਹੈ ?
ਪ੍ਰਸ਼ਨ 2. ‘ਹਾਏ ਰੱਬਾ’ ਸ਼ਬਦ ਕਿਹੜੀ ਭਾਸ਼ਾ ਦਾ ਹੈ ਤੇ ਇਹ ਕਿਸ ਵੇਲੇ ਮੂੰਹੋਂ ਨਿਕਲਦਾ ਹੈ?
ਪ੍ਰਸ਼ਨ 3. ਮਾਤ ਭਾਸ਼ਾ ਕੀ ਹੁੰਦੀ ਹੈ ?
ਪ੍ਰਸ਼ਨ 4. ਕਵੀਆਂ ਨੇ ਮਾਤ ਭਾਸ਼ਾ ਵਿੱਚ ਰਚਨਾ ਕਿਉਂ ਕੀਤੀ ਹੈ ?
ਪ੍ਰਸ਼ਨ 5. ਪੈਰ੍ਹੇ ਦਾ ਢੁਕਵਾਂ ਸਿਰਲੇਖ ਲਿਖੋ ।