ਅਣਡਿੱਠਾ ਪੈਰਾ : ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ ਹੋਇਆ। ਭਾਵੇਂ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਰਹੇ ,ਪਰ ਉਨ੍ਹਾਂ ਨੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਬੜੀ ਨਿਪੁੰਨਤਾ ਹਾਸਲ ਕਰ ਲਈ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ।
1797 ਈ. ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਬੜੀ ਡਾਵਾਂਡੋਲ ਸੀ। ਇਹ ਇੱਕ ਹਨ੍ਹੇਰਮਈ ਯੁੱਗ ਵਿਚੋਂ ਲੰਘ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1799 ਈ. ਵਿੱਚ ਲਾਹੌਰ ਦੀ ਜਿੱਤ ਤੋਂ ਕੀਤੀ ਸੀ। ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਉਸ ਦੀਆਂ ਹੋਰ ਸਭ ਤੋਂ ਮਹੱਤਵਪੂਰਨ ਜਿੱਤਾਂ ਸਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਯੋਗਤਾ ਸਦਕਾ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ।
1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀਂ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲੀਆਂ ਹੋਈਆਂ ਸਨ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਦੇ ਨਾਲ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਸ਼ੁਕਰਚੱਕੀਆ ਮਿਸਲ ਨਾਲ ਸੀ।
ਪ੍ਰਸ਼ਨ 2. 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ?
ਉੱਤਰ : 18ਵੀਂ ਸਦੀ ਵਿੱਚ ਪੰਜਾਬ ਦੀ ਰਾਜਨੀਤਿਕ ਸਥਿਤੀ ਡਾਵਾਂਡੋਲ ਸੀ।
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮਹੱਤਵਪੂਰਨ ਜਿੱਤਾਂ ਕਿਹੜੀਆਂ ਸਨ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮਹੱਤਵਪੂਰਨ ਜਿੱਤਾਂ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਸਨ।
ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਈ: ਵਿੱਚ ਹੋਈ ਸੀ।