ਅਣਡਿੱਠਾ ਪੈਰਾ : ਨਾਜ਼ਿਮ ਦੇ ਕੰਮ
ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਸੂਬੇ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਨਾਜ਼ਿਮ (ਗਵਰਨਰ) ਦੀ ਹੁੰਦੀ ਸੀ।
ਨਾਜ਼ਿਮ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ। ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ। ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ। ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ। ਉਹ ਜ਼ਿਲ੍ਹਿਆਂ ਦੇ ਕਾਰਦਾਰਾਂ ਦੇ ਕੰਮਾਂ ਦੀ ਵੀ ਨਿਗਰਾਨੀ ਕਰਦਾ ਸੀ।
ਇਸ ਤਰ੍ਹਾਂ ਨਾਜ਼ਿਮ ਕੋਲ ਅਸੀਮ ਅਧਿਕਾਰ ਸਨ, ਪਰ ਉਸ ਨੂੰ ਆਪਣੇ ਪ੍ਰਾਂਤ ਬਾਰੇ ਕੋਈ ਵੀ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਮਹਾਰਾਜੇ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਸੂਬਿਆਂ ਵਿਚ ਵੰਡਿਆ ਹੋਇਆ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ।
ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਦੋ ਸੂਬਿਆਂ ਦੇ ਨਾਂ ਲਿਖੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਦੋ ਸੂਬਿਆਂ ਦੇ ਨਾਂ ਸੂਬਾ-ਏ-ਲਾਹੌਰ ਅਤੇ ਸੂਬਾ-ਏ-ਕਸ਼ਮੀਰ ਸਨ।
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਕੌਣ ਹੁੰਦਾ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਨਾਜ਼ਿਮ ਹੁੰਦਾ ਸੀ।
ਪ੍ਰਸ਼ਨ 4. ਨਾਜ਼ਿਮ ਦੇ ਕੋਈ ਦੋ ਮੁੱਖ ਕੰਮ ਲਿਖੋ।
ਉੱਤਰ : (i) ਉਹ ਆਪਣੇ ਅਧੀਨ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।
(ii) ਉਹ ਆਪਣੇ ਅਧੀਨ ਪ੍ਰਾਂਤ ਵਿਚ ਸ਼ਾਂਤੀ ਬਣਾਈ ਰੱਖਦਾ ਸੀ।