ਅਣਡਿੱਠਾ ਪੈਰਾ : ਕਸਰਤ
ਜਿਸ ਸਰੀਰ ਨੇ ਕਦੇ ਖੇਚਲ, ਮਿਹਨਤ ਤੇ ਕਸ਼ਟ ਦਾ ਮੂੰਹ ਨਹੀਂ ਵੇਖਿਆ, ਉਸ ਵਿਚ ਬਰਕਤ ਤੇ ਰੌਣਕ ਕਿਵੇਂ ਹੋ ਸਕਦੀ ਹੈ। ਜਿਸ ਬਿਰਛ ਨੂੰ ਨਾ ਫੁੱਲ ਹੈ ਤਾਂ ਫਲ ਹੈ ਨਾ ਉਸ ਦੀ ਠੰਢੀ ਛਾਉਂ ਹੈ, ਆਮ ਕਰਕੇ ਉਹ ਬਾਲਣ ਬਣਾ ਕੇ ਚੁੱਲ੍ਹੇ ਵਿਚ ਫੂਕ ਦਿੱਤਾ ਜਾਂਦਾ ਹੈ। ਮਨੁੱਖੀ ਸਰੀਰ ਕਾਰ ਲਈ ਬਣਿਆ ਹੈ। ਕਾਰ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗੁਆਉਣਾ ਹੈ। ਕੌਣ ਮੁੱਕਰ ਸਕਦਾ ਹੈ ਏਸ ਗੱਲੋਂ ਕਿ ਜਿਹੜਾ ਸਰੀਰ ਮੁਸ਼ੱਕਤ ਵਿਚ ਨਹੀਂ ਪੈਂਦਾ, ਕਦੇ ਅਰੋਗ ਨਹੀਂ ਰਹਿ ਸਕਦਾ। ਇੱਕ ਪਾਸੇ ਲੋਕ ਹੱਥੀਂ ਕੰਮ ਕਰਨ ਤੋਂ ਭੱਜਦੇ ਹਨ, ਪਰ ਫੇਰ ਸਰੀਰ ਨੂੰ ਠੀਕ ਰੱਖਣ ਲਈ ਕਸਰਤ ਕਰਦੇ ਹਨ-ਕਸਰਤ, ਜੋ ਕਿ ਵਿਹਲਾ ਕੰਮ ਹੈ, ਇਕ ਤਰ੍ਹਾਂ ਦਾ ਮੀਸਣਾਪਣ ਹੈ, ਜ਼ੋਰ ਤੇ ਸਮਾਂ, ਜਿਸ ਨਾਲ ਦੌਲਤ ਰਚੀ ਜਾ ਸਕਦੀ ਹੈ, ਉਸ ਨੂੰ ਦੂਜਿਆਂ ਲਈ ਵਰਤਣ ਦੀ ਥਾਂ ਖ਼ਾਸ ਆਪਣੇ ਬਣਾਉਟੀ ਸੁਆਰਥ ਲਈ ਵਰਤਿਆ ਜਾਂਦਾ ਹੈ। ਸਰੀਰ ਜੋ ਕਾਰ ਨਹੀਂ ਕਰਦਾ, ਕੁਦਰਤ ਤੋਂ ਉੱਕਾ ਵਿਰੁੱਧ ਹੈ ਕਿਉਂਕਿ ਕਾਰ ਹੀ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਕੁਦਰਤੀ ਹਿਲ-ਜੁਲ ਵਿਚ ਪਾ ਕੇ ਅਰੋਗ, ਸੁੰਦਰ ਤੇ ਸੁਡੌਲ ਰੱਖ ਸਕਦਾ ਹੈ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ. ਕਿਹੜੇ ਸਰੀਰ ਵਿਚ ਬਰਕਤ ਤੇ ਰੌਣਕ ਨਹੀਂ ਹੁੰਦੀ?
ਉੱਤਰ : ਜਿਸ ਸਰੀਰ ਨੇ ਕਦੇ ਖੇਚਲ, ਮਿਹਨਤ ਤੇ ਕਸ਼ਟ ਦਾ ਮੂੰਹ ਨਹੀਂ ਵੇਖਿਆ ਹੁੰਦਾ, ਉਸ ਵਿਚ ਬਰਕਤ ਤੇ ਰੌਣਕ ਨਹੀਂ ਹੁੰਦੀ।
ਪ੍ਰਸ਼ਨ. ਸਰੀਰ ਦੇ ਗੁਣ ਨੂੰ ਅਕਾਰਥ ਕਿਵੇਂ ਗਵਾਇਆ ਜਾਂਦਾ ਹੈ?
ਉੱਤਰ : ਜਦੋਂ ਕੰਮ ਕਰਨ ਲਈ ਬਣੇ ਸਰੀਰ ਤੋਂ ਕੰਮ ਨਹੀਂ ਲਿਆ ਜਾਂਦਾ, ਤਾਂ ਉਸ ਦੇ ਗੁਣ ਨੂੰ ਅਕਾਰਥ ਗੁਆਇਆ ਜਾਂਦਾ ਹੈ।
ਪ੍ਰਸ਼ਨ. ਮੁਸ਼ੱਕਤ ਨਾ ਕਰਨ ਵਾਲੇ ਦੇ ਸਰੀਰ ‘ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ : ਮੁਸ਼ੱਕਤ ਨਾ ਕਰਨ ਵਾਲਾ ਸਰੀਰ ਅਰੋਗ ਨਹੀਂ ਰਹਿੰਦਾ ਹੈ।
ਪ੍ਰਸ਼ਨ. ਲੇਖਕ ਨੇ ਕਸਰਤ ਨੂੰ ਵਿਹਲਾ ਕੰਮ ਕਿਉਂ ਕਿਹਾ ਹੈ?
ਉੱਤਰ : ਕਿਉਂਕਿ ਕਸਰਤ ਕਰਨ ਵਿਚ ਜ਼ੋਰ ਤੇ ਸਮਾਂ ਤਾਂ ਲਗਦਾ ਹੈ, ਪਰ ਇਸ ਨਾਲ ਕੋਈ ਉਪਜ ਨਹੀਂ ਹੁੰਦੀ।
ਪ੍ਰਸ਼ਨ. ਸਰੀਰ ਦੇ ਸਾਰੇ ਅੰਗ ਅਰੋਗ, ਸੁੰਦਰ ਤੇ ਸੁਡੌਲ ਕਿਵੇਂ ਰੱਖੇ ਜਾ ਸਕਦੇ ਹਨ?
ਉੱਤਰ : ਕੰਮ ਕਰਦਿਆਂ ਕੁਦਰਤੀ ਹਿਲ-ਜੁਲ ਨਾਲ ਸਰੀਰ ਦੇ ਸਾਰੇ ਅੰਗ ਅਰੋਗ, ਸੁੰਦਰ ਤੇ ਸੁਡੋਲ ਰੱਖੇ ਜਾ ਸਕਦੇ ਹਨ।