ਅਖੌਤਾਂ ਤੇ ਮੁਹਾਵਰੇ (Akhan / Muhavare)



1. ਸਾਉਣ ਸੁੱਤੀ, ਖਰੀ, ਵਿਗੁੱਤੀ – ਸਾਉਣ ਵਿਚ ਦਿਨੇ ਸੌਣਾ ਚੰਗਾ ਨਹੀਂ ਹੁੰਦਾ। ਸੁਸਤੀ ਪੈਣ ਤੇ ਸਿਹਤ ਖਰਾਬ ਹੋਣ ਤੋਂ ਬਿਨਾਂ ਕਈ ਕੰਮ ਖਰਾਬ ਹੋ ਜਾਂਦੇ ਹਨ।

2. ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਿਆ ਹੀ ਹਰਿਆ ਦਿੱਸਦਾ ਹੈ – ਸੁਖੀ ਤੇ ਖੁਸ਼ਹਾਲ ਨੂੰ ਸਾਰੇ ਸੁਖੀ ਤੇ ਖੁਸ਼ਹਾਲ ਦਿਸਦੇ ਹਨ।

3. ਸਾਈਂ ਅੱਖਾਂ ਫੇਰੀਆਂ, ਵੈਰੀ ਕੁਲ ਜਹਾਨ – ਜੇ ਰੱਬ ਮਿਹਰਬਾਨ ਨਾ ਹੋਵੇ, ਤਾਂ ਸਾਰੇ ਬੰਦੇ ਦੁਸ਼ਮਣ ਹੋ ਜਾਂਦੇ ਹਨ।

4. ਸਾਈਆਂ ਕਿਤੇ, ਵਧਾਈਆਂ ਕਿਤੇ / ਆਂਡੇ ਕਿਤੇ ਤੇ ਕੁੜ ਕੁੜ ਕਿਤੇ – ਕੰਮ ਕਰਨ ਦਾ ਇਕਰਾਰ ਕਿਸੇ ਨਾਲ ਕਰਨਾ ਜਾਂ ਲਾਰੇ ਕਿਸੇ ਨੂੰ ਲਾਣੇ, ਪਰ ਕੰਮ ਕਿਸੇ ਹੋਰ ਦਾ ਕਰ ਦੇਣਾ।

ਜਾਂ

ਤਕਲੀਫ਼ ਕਿਸੇ ਨੂੰ ਦੇਣੀ ਤੇ ਫ਼ਾਇਦਾ ਕਿਸੇ ਹੋਰ ਨੂੰ ਪਹੁੰਚਾਉਣਾ।

5. ਸਸਤਾ ਹੋਵੇ ਬਾਰ-ਬਾਰ, ਮਹਿੰਗਾ ਰੋਵੇ ਇੱਕੋ ਬਾਰ – ਮਾੜੀ ਤੇ ਖਰਾਬ ਚੀਜ਼ ਸਸਤੀ ਲੈਣ ਨਾਲੋਂ ਚੰਗੀ ਮਹਿੰਗੀ ਲੈਣੀ ਬਿਹਤਰ ਹੈ।

6. ਸੋ ਸੁਨਿਆਰ ਦੀ, ਇੱਕ ਸੱਟ ਲੁਹਾਰ ਦੀ – ਕਮਜ਼ੋਰ ਆਦਮੀ ਦੇ ਬਹੁਤੇ ਵਾਰਾਂ ਨਾਲੋਂ ਤਕੜੇ ਆਦਮੀ ਦਾ ਇੱਕ ਵਾਰ ਵਧੇਰੇ ਅਸਰ ਵਾਲਾ ਹੁੰਦਾ ਹੈ।

7. ਸੌ ਸਿਆਣਿਆਂ ਇਕੋ ਮਤ, ਮੂਰਖ ਆਪੋ ਆਪਣੀ – ਕਿਸੇ ਮਾਮਲੇ ਬਾਰੇ ਸਾਰੇ ਸਿਆਣਿਆਂ ਦੇ ਵਿਚਾਰ ਇੱਕੋ ਜਿਹੇ ਹੁੰਦੇ ਹਨ, ਪਰ ਮੂਰਖਾਂ ਦੇ ਵੱਖ-ਵੱਖ।

8. ਸੌ ਹੱਥ ਰੱਸਾ, ਸਿਰੇ ਤੇ ਗੰਢ – ਕੁਝ ਵੀ ਕਰੀ ਜਾਓ, ਕਿਸੇ ਗੱਲ ਦਾ ਨਤੀਜਾ ਓਹੀ ਨਿਕਲੇਗਾ ਜੋ ਕੁਦਰਤੀ ਤੌਰ ਤੇ ਨਿਕਲਣਾ ਚਾਹੀਦਾ ਹੈ।

9. ਸਹੇ ਨੂੰ ਨੀਂ ਪਹੇ ਨੂੰ ਰੋਂਦੀ ਹਾਂ – ਇਹ ਅਖਾਣ ਓਦੋਂ ਵਰਤਦੇ ਹਨ, ਜਦੋਂ ਇਹ ਦਸਣਾ ਹੋਵੇ ਕਿ ਹੋ ਗਏ ਨੁਕਸਾਨ ਦਾ ਇੰਨਾ ਡਰ ਨਹੀਂ, ਜਿੰਨਾ ਇਸ ਗੱਲ ਦਾ ਕਿ ਕਿਤੇ ਇਹ ਲੀਹ ਹੀ ਨਾ ਪੈ ਜਾਵੇ ਤੇ ਬਾਰ-ਬਾਰ ਨੁਕਸਾਨ ਨਾ ਹੁੰਦਾ ਰਹੇ।

10. ਸਹਿਜ ਪੱਕੇ ਸੋ ਮੀਠਾ ਹੋਵੇ / ਉਤਾਵਲਾ ਸੋ ਬਾਉਲਾ – ਠਰ੍ਹਮੇ ਨਾਲ ਕੰਮ ਕਰਨ ਦੀ ਵਡਿਆਈ ਤੇ ਕਾਹਲੀ ਨਾਲ ਕੰਮ ਕਰਨ ਦਾ ਨੁਕਸਾਨ ਦੱਸਣ ਲਈ ਇਹ ਅਖਾਣ ਵਰਤਦੇ ਹਨ।

ਜਾਂ

ਕਾਹਲ ਪਾਉਣ ਵਾਲਾ ਜਾਂ ਕਰਨ ਵਾਲਾ ਝੱਲਾ ਹੁੰਦਾ ਹੈ ਤੇ ਅੰਤ ਕੰਮ ਵਿਗਾੜ ਕੇ ਬਹਿ ਜਾਂਦਾ ਹੈ।

11. ਸ਼ਹਿਰ ਦਾ ਝੋਰਾ ਕਾਜ਼ੀ ਨੂੰ – ਇਹ ਅਖਾਣ ਉਸ ਮਨੁਖ ਤੇ ਘਟਾਉਂਦੇ ਹਨ, ਜੋ ਆਪਣੇ ਜੋਗਾ ਵੀ ਨਾ ਹੋਵੇ, ਪਰ ਹੋਰਨਾਂ ਕਈਆਂ ਨੂੰ ਸੁਖ ਦੇਣ ਦੀ ਚਿੰਤਾ ਕਰਦਾ ਰਹੇ।

12. ਸ਼ਕਲ ਮੋਮਨਾਂ, ਕਰਤੂਤ ਕਾਰਾਂ – ਸ਼ਕਲ ਸ਼ਰੀਫਾਂ ਵਾਲੀ, ਕਰਤੂਤਾਂ ਮਾੜੀਆਂ। ਅੰਦਰੋਂ ਹੋਰ ਤੇ ਬਾਹਰੋਂ ਹੋਰ।

13. ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇ ਜਵਾਬ – ਜਦ ਕਿਸੇ ਨੂੰ ਕਹਿਣਾ ਹੋਵੇ ਕਿ ਟਾਲ ਮਟੋਲੇ ਕਰਨ ਦੀ ਥਾਂ ਸਾਫ ਜਵਾਬ ਦੇ ਦਿਓ ਤਾਂ ਇਹ ਅਖਾਣ ਵਰਤਦੇ ਹਨ।

14. ਸਾਂਝਾ ਬਾਪ (ਬੱਬ) ਨਾ ਪਿਟੇ ਕੋਏ / ਸਾਂਝੀ ਹਾਂਡੀ ਚੁਰਾਹੇ ਛੁੱਟੇ – ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ। ਜਿਸ ਕੰਮ ਲਈ ਕਈ ਬੰਦੇ ਜ਼ਿੰਮੇਵਾਰ ਹੋਣ, ਉਹ ਸਿਰੇ ਨਹੀਂ ਚੜ੍ਹਦਾ।

15. ਸੌਣਾ ਰੂੜੀਆਂ ਤੇ ਸੁਪਨੇ ਸ਼ੀਸ਼-ਮਹੱਲਾਂ ਦੇ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ ਜੋ ਆਪਣੀ ਹੈਸੀਅਤ ਤੋਂ ਵੱਧ ਕੇ ਕਿਸੇ ਗੱਲ ਦੀ ਇੱਛਾ ਕਰੇ ਜਾਂ ਆਸ ਰੱਖੇ।

16. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ / ਸੱਦੀ ਨਾ ਪੁੱਛੀ, ਮੈਂ ਲਾੜੀ ਦੀ ਫੁੱਫੀ – ਇਹ ਦੋਵੇਂ ਅਖਾਣ ਉਸ ਆਦਮੀ ਲਈ ਵਰਤਦੇ ਹਨ ਜੋ ਬਿਨਾਂ ਪੁੱਛੇ ਖਾਹਮਖਾਹ ਕਿਸੇ ਦੇ ਕੰਮ ਵਿਚ ਦਖਲ ਦੇਵੇ।

17. ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ – ਚੋਰ ਤੇ ਹਰ ਬੁਰੇ ਆਦਮੀ ਕਦੇ ਨਾ ਕਦੀ ਫੜੇ ਜਾਂ ਨਸ਼ਰ ਹੋ ਜਾਂਦੇ ਹਨ।

18. ਸੱਪ ਨੂੰ ਸੱਪ ਲੜੇ, ਤਾਂ ਵਿਹੁ ਕੀਹਨੂੰ ਚੜ੍ਹੇ – ਜਦ ਦੋ ਇਕੋ ਜਿਹੇ ਡਾਢੇ ਤੇ ਬੁਰੇ ਆਦਮੀ ਲੜ ਪੈਣ, ਤਾਂ ਇਹ ਕਹਿਣਾ ਔਖਾ ਹੁੰਦਾ ਹੈ ਕਿ ਕੌਣ ਜਿੱਤ ਪ੍ਰਾਪਤ ਕਰੇਗਾ।

12. ਸਿਰ ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ – ਜਿਸ ਮਨੁੱਖ ਦੇ ਸਿਰ ਉੱਤੇ ਉਸ ਨੂੰ ਰੋਕਣ ਵਾਲਾ ਕੋਈ ਵੱਡਾ ਨਾ ਹੋਵੇ ਤੇ ਆਪ ਮੁਹਾਰੀਆਂ ਤੇ ਮਨਆਈਆਂ ਗੱਲਾ ਕਰੇ, ਤਾਂ ਉਹਦੇ ਤੇ ਇਹ ਅਖਾਣ ਘਟਾਉਂਦੇ ਹਨ।

13. ਸਿਰੋਂ ਗੰਜੀ ਕੰਘੀਆਂ ਦਾ ਜੋੜਾ – ਇਹ ਅਖਾਣ ਉਸ ਪੁਰਸ਼ ਤੇ ਘਟਾਉਂਦੇ ਹਨ, ਜੋ ਲੋੜ ਤੋਂ ਬਿਨਾਂ ਵਧੇਰੇ ਚੀਜ਼ਾਂ ਆਪਣੇ ਕੋਲ ਰੱਖੇ।

14. ਸਾਰੀ ਰਾਤ ਭੰਨੀ ਤੇ ਕੁੜੀ ਜੰਮ ਪਈ ਅੰਨ੍ਹੀ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਬਹੁਤ ਜ਼ਿਆਦਾ ਮਿਹਨਤ ਕਰਕੇ ਉਸ ਦਾ ਫਲ ਬਹੁਤ ਥੋੜ੍ਹਾ ਮਿਲੇ।

15. ਸਿਰਹਾਂਦੀ ਸੌ, ਪਵਾਂਦੀ ਸੌਂ, ਲੋਕ ਵਿਚਕਾਰ ਈ – ਜਦ ਇਹ ਕਹਿਣਾ ਹੋਵੇ ਕਿ ਭਾਵੇਂ ਕਿੰਨੇ ਹੇਰ – ਫੇਰ ਜਾਂ ਜਤਨ ਕਰੋ, ਨਤੀਜਾ ਤਾਂ ਇਕੋ ਹੀ ਰਹਿਣਾ ਹੈ, ਤਾਂ ਇਹ ਅਖਾਣ ਵਰਤਦੇ ਹਨ।

16. ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ – ਜਦ ਕੋਈ ਸੂਮ ਕਿਸੇ ਕੰਮ ਵਿਚ ਕੁਝ ਬਚਤ ਕਰਨ ਦਾ ਜਤਨ ਕਰੇ, ਪਰ ਉਹ ਆਪਣੀ ਚੀਜ਼ ਐਵੇਂ ਗੁਆ ਲਏ ਜਾਂ ਉਲਟਾ ਆਪਣਾ ਵਧੇਰੇ ਨੁਕਸਾਨ ਕਰ ਲਏ, ਤਾਂ ਉਸ ਤੇ ਇਹ ਅਖਾਣ ਘਟਾਉਂਦੇ ਹਨ।

17. ਸਵਾਲ ਗੰਦਮ, ਜਵਾਬ ਚੋਣਾਂ (ਸਵਾਲ ਕਣਕ, ਜਵਾਬ ਛੋਲੇ) – ਇਹ ਅਖਾਣ ਉਸ ਆਦਮੀ ਤੇ ਘਟਾਉਂਦੇ ਹਨ ਜੋ ਪੁੱਛੀ ਗਈ ਗੱਲ ਦਾ ਜਵਾਬ ਨਾ ਦੇ ਕੇ ਕੋਈ ਅਸੰਬੰਧਿਤ ਗੱਲ ਕਹਿ ਦੇਵੇ।