ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ।
ਸੂਫ਼ੀ ਮਤ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਬਹੁਤ ਹਰਮਨ-ਪਿਆਰਾ ਸੀ। ਸੂਫ਼ੀ ਨੇਤਾ ਸ਼ੇਖ਼ ਜਾਂ ਪੀਰ ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਅੱਲ੍ਹਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਅਨੁਸਾਰ ਅੱਲ੍ਹਾ ਸਰਬ ਸ਼ਕਤੀਮਾਨ ਹੈ ਤੇ ਉਹ ਹਰ ਜਗ੍ਹਾ ਮੌਜੂਦ ਹੈ। ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਉਹ ਪ੍ਰੇਮ ਭਾਵਨਾ ਉੱਤੇ ਜ਼ੋਰ ਦਿੰਦੇ ਸਨ। ਉਹ ਧਰਮ ਦੇ ਬਾਹਰੀ ਦਿਖਾਵਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਸਮਝਦੇ ਸਨ। ਉਹ ਸੰਗੀਤ ਵਿੱਚ ਵੀ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ। ਉਹ ਮਨੁੱਖਾਂ ਦੀ ਸੇਵਾ ਕਰਨੀ ਆਪਣਾ ਜ਼ਰੂਰੀ ਕਰਤੱਵ ਸਮਝਦੇ ਸਨ। ਉਨ੍ਹਾਂ ਦਾ ਜਾਤ-ਪਾਤ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਉਹ ਦੂਸਰੇ ਧਰਮਾਂ ਦਾ ਸਤਿਕਾਰ ਕਰਦੇ ਸਨ।
ਪ੍ਰਸ਼ਨ 1. ਸੂਫ਼ੀ ਮਤ ਕਿਸ ਧਰਮ ਨਾਲ ਸੰਬੰਧਿਤ ਸੀ?
ਪ੍ਰਸ਼ਨ 2. ਸੂਫ਼ੀ ਸ਼ੇਖ ਹੋਰ ਕਿਸ ਨਾਂ ਨਾਲ ਜਾਣੇ ਜਾਂਦੇ ਸਨ?
ਪ੍ਰਸ਼ਨ 3. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ?
ਪ੍ਰਸ਼ਨ 4. ਸੂਫ਼ੀ ਮਤ ਦੇ ਕੋਈ ਦੋ ਸਿਧਾਂਤ ਲਿਖੋ।