CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਬਾਲ ਮਜ਼ਦੂਰੀ

ਬਾਲ ਮਜ਼ਦੂਰੀ

ਭੂਮਿਕਾ : ਭਾਰਤ ਭਾਵੇਂ ਆਪਣੀ ਸੁਤੰਤਰਤਾ ਦੇ ਸਤਵੇਂ ਦਹਾਕੇ ਨੂੰ ਪਾਰ ਕਰ ਚੁੱਕਿਆ ਹੈ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਇਹ ਅਜ਼ਾਦੀ ਹਾਲੇ ਪੂਰਨ ਅਜ਼ਾਦੀ ਨਹੀਂ ਹੈ। ਨਿਰਸੰਦੇਹ ਇਸ ਨੇ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਚੰਗੀ ਉੱਨਤੀ ਕੀਤੀ ਹੈ ਪਰ ਅਜੇ ਵੀ ਕਈ ਸਮੱਸਿਆਵਾਂ ਅਜਿਹੀਆਂ ਹਨ ਜਿਨ੍ਹਾਂ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ। ਇੱਥੇ ਸਭ ਤੋਂ ਵੱਡੀ ਸਮੱਸਿਆ ਵਧਦੀ ਅਬਾਦੀ, ਗ਼ਰੀਬੀ, ਤੇ ਬੇਰੁਜ਼ਗਾਰੀ ਦਾ ਲਗਾਤਾਰ ਵਧਣਾ ਹੈ।

ਰੋਜ਼ੀ-ਰੋਟੀ ਖ਼ਾਤਰ ਅਨੇਕਾਂ ਹੀ ਲੋਕ ਘਰੋ-ਬੇਘਰ ਹੋਏ ਵਿਦੇਸ਼ਾਂ ਦੀ ਧਰਤੀ ‘ਤੇ ਧੱਕੇ ਖਾ ਰਹੇ ਹਨ। ਸਭ ਤੋਂ ਵੱਧ ਮੰਦਾ ਹਾਲ ਅਤਿ ਦੀ ਗ਼ਰੀਬੀ ਵਿੱਚ ਰਹਿ ਰਹੇ ਲੋਕਾਂ ਦਾ ਹੈ। ਪਰਿਵਾਰ ਦਾ ਮੁਖੀਆ ਪਰਿਵਾਰ ਪਾਲਣ ਤੋਂ ਅਸਮਰੱਥ ਹੁੰਦਾ ਹੈ, ਨਤੀਜੇ ਵਜੋਂ ਉਸ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਕਿਰਤ ਕਰਨੀ ਪੈਂਦੀ ਹੈ। ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਰੋਜ਼ੀ-ਰੋਟੀ ਲਈ ਵਸੀਲਾ ਕਰਨਾ ਪੈਂਦਾ ਹੈ।

ਬਾਲ ਮਜ਼ਦੂਰੀ : ਪੰਜ ਤੋਂ ਪੰਦਰਾਂ ਸਾਲ ਦੇ ਬੱਚੇ ਬਾਲ-ਮਜ਼ਦੂਰ ਕਹੇ ਜਾ ਸਕਦੇ ਹਨ। ਸੰਸਾਰ ਵਿੱਚ ਸਭ ਤੋਂ ਵੱਧ ਬਾਲ ਮਜ਼ਦੂਰ ਭਾਰਤ ਵਿੱਚ ਹਨ। ਬਾਲ-ਮਜ਼ਦੂਰੀ ਭਾਰਤ ਦੇ ਮੱਥੇ ‘ਤੇ ਲੱਗਿਆ ਬਦਨੁਮਾ ਦਾਗ਼ ਹੈ। ਕਿਰਤ ਮੰਤਰਾਲੇ ਅਨੁਸਾਰ ਬਾਲ ਮਜ਼ਦੂਰਾਂ ਦੀ ਸੰਖਿਆ 2 ਕਰੋੜ ਅਤੇ ਯੋਜਨਾ ਕਮਿਸ਼ਨ ਪੌਣੇ ਤਿੰਨ ਕਰੋੜ ਦੱਸਦਾ ਹੈ ਜਦਕਿ ਅਸਲ ਸੰਖਿਆ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਕਈ ਬਾਲ-ਮਜ਼ਦੂਰਾਂ ਦਾ ਰਿਕਾਰਡ ਹੀ ਨਹੀਂ ਰੱਖਿਆ ਜਾਂਦਾ। ਅਬਾਦੀ ਤੇ ਕੀਮਤਾਂ ਦਾ ਧੜਾ-ਧੜ ਵਾਧਾ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ।

ਬਾਲ ਮਜ਼ਦੂਰਾਂ ਵੱਲੋਂ ਕੀਤੇ ਜਾਣ ਵਾਲੇ ਕੰਮ : ਬਾਲ-ਮਜ਼ਦੂਰਾਂ ਵੱਲੋਂ ਰੋਟੀ ਕਮਾਉਣ ਲਈ ਕਈ ਕੰਮ ਕੀਤੇ ਜਾਂਦੇ ਹਨ, ਜਿਵੇਂ ਢਾਬਿਆਂ ‘ਤੇ ਮਜ਼ਦੂਰੀ, ਘਰਾਂ ਵਿੱਚ ਸਾਫ਼-ਸਫ਼ਾਈਆਂ, ਰਸੋਈ ਦਾ ਕੰਮ, ਖੇਡਾਂ ਵਿੱਚ ਕੰਮ, ਬੂਟ ਪਾਲਿਸ਼ ਕਰਨੇ, ਪਿਤਾ ਪੁਰਖੀ ਕੰਮਾਂ ਵਿੱਚ ਮਦਦ ਕਰਨੀ, ਫੈਕਟਰੀਆਂ ਵਿੱਚ ਮਜ਼ਦੂਰੀ, ਦੁਕਾਨਾਂ ਤੇ ਮਜ਼ਦੂਰੀ ਆਦਿ ਜੋ ਵੀ ਉਨ੍ਹਾਂ ਦੀ ਸਮਰੱਥਾ ਅਨੁਸਾਰ ਹੋ ਸਕੇ, ਉਹ ਕਰਦੇ ਹਨ। ਬਹੁਤ ਸਾਰੇ ਛੋਟੇ-ਛੋਟੇ ਗ਼ਰੀਬ ਬੱਚੇ ਬੱਸਾਂ ਗੱਡੀਆਂ ਵਿੱਚ ਗਾ-ਗਾ ਕੇ ਭੀਖ ਮੰਗਦੇ ਵੀ ਵੇਖੇ ਜਾ ਸਕਦੇ ਹਨ।

ਬਾਲ ਮਜ਼ਦੂਰਾਂ ਨੂੰ ਰੋਟੀ ਨਹੀਂ ਮਿਲਦੀ : ਸਥਿਤੀ ਦੀ ਵਿਡੰਬਨਾ ਹੈ ਕਿ ਬੱਚਿਆਂ ਦਾ ਬਚਪਨ ਮਜ਼ਦੂਰੀ ਵਿੱਚ ਚਿੰਤਾਵਾਂ, ਜ਼ਿੰਮੇਵਾਰੀਆਂ ਤੇ ਸਹਿਮ ਹੇਠਾਂ ਗੁਜ਼ਰਦਾ ਹੈ। ਸਾਡਾ ਦੇਸ਼ ਅੰਨ ਦਾ ਦਾਤਾ, ਐਨ ਦਾ ਭੰਡਾਰ ਹੈ। ਲੱਖਾਂ ਟਨ ਅਨਾਜ ਹਰ ਸਾਲ ਖ਼ਰਾਬ ਹੋ ਜਾਂਦਾ ਹੈ ਤੇ ਗ਼ਰੀਬ ਵਿਚਾਰੇ ਇੱਕ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੋਏ ਰਹਿੰਦੇ ਹਨ। ਖੁੱਲ੍ਹੇ, ਅਸਮਾਨ ਹੇਠ ਭੁੱਖੇ ਪੇਟ ਵਿਲਕਦੇ ਰਹਿੰਦੇ ਹਨ।

ਬਾਲ ਮਜ਼ਦੂਰ ਤੇ ਅਪਰਾਧ : ਕਈ ਬਾਲ ਮਜ਼ਦੂਰਾਂ ਦੀ ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਂਦਾ ਹੈ ਤੇ ਘੱਟ ਤੋਂ ਘੱਟ ਮਜ਼ਦੂਰੀ ਦੇ ਕੇ ਗਲੋਂ ਲਾਹਿਆ ਜਾਂਦਾ ਹੈ। ਇਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਹੁੰਦਾ ਹੈ। ਇਨ੍ਹਾਂ ਦਾ ਬਚਪਨ, ਇਨ੍ਹਾਂ ਦੀਆਂ ਰੀਝਾਂ, ਇੱਛਾਵਾਂ, ਉਮੰਗਾਂ, ਸਧਰਾਂ ਸਭ ਗ਼ਰੀਬੀ, ਭੁੱਖ ਤੇ ਮਜਬੂਰੀ ਹੇਠ ਦਫ਼ਨ ਹੋ ਜਾਂਦੀਆਂ ਹਨ। ਇਹ ਥੋੜ੍ਹੇ ਵਿੱਚ ਵੀ ਰੱਬ ਦਾ ਸ਼ੁਕਰ ਕਰਨਾ ਜਾਣਦੇ ਹਨ। ਪਰ ਕਈ ਵਾਰ ਜਦੋਂ ਇਨ੍ਹਾਂ ਦਾ ਹੱਦੋਂ ਵੱਧ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਵਿੱਚ ਜੁਰਮ ਬਿਰਤੀ ਵੀ ਭਾਰੂ ਹੋ ਜਾਂਦੀ ਹੈ। ਇਹ ਚੋਰੀ, ਹੇਰਾ-ਫੇਰੀ, ਠੱਗੀ ਆਦਿ ਕਰਨਾ ਵੀ ਸਿੱਖ ਜਾਂਦੇ ਹਨ ਜੋ ਅੱਗੇ ਜਾ ਕੇ ਖ਼ਤਰਨਾਕ ਅਪਰਾਧੀ ਵੀ ਬਣ ਜਾਂਦੇ ਹਨ।

ਬਾਲ ਮਜ਼ਦੂਰੀ ਤੇ ਕਾਨੂੰਨ : ਭਾਵੇਂ ਸਰਕਾਰ ਵੱਲੋਂ ਤੇ ਭਾਰਤ ਦੇ ਸੰਵਿਧਾਨ ਵਿੱਚ ਬਾਲ-ਮਜ਼ਦੂਰੀ ਸਬੰਧੀ ਧਾਰਾ 24 ਵਿੱਚ ਨਿਰਦੇਸ਼ ਦਿੱਤਾ ਗਿਆ ਹੈ ਕਿ 14 ਸਾਲ ਤੋਂ ਘੱਟ ਉਮਰ ਦੇ ਕਿਸੇ ਬੱਚੇ ਨੂੰ ਕਿਸੇ ਕਾਰਖ਼ਾਨੇ, ਖਾਣ ਜਾਂ ਕਿਸੇ ਹੋਰ ਖ਼ਤਰਨਾਕ ਸਨਅਤ ਵਿੱਚ ਕੰਮ ‘ਤੇ ਨਾ ਲਾਇਆ ਜਾਵੇ; ਧਾਰਾ 39 ਵਿੱਚ ਬੱਚਿਆਂ ਦੇ ਸ਼ੋਸ਼ਣ ਦੀ ਮਨਾਹੀ ਕੀਤੀ ਗਈ ਹੈ ਤੇ ਧਾਰਾ 45 ਵਿੱਚ ਉਨ੍ਹਾਂ ਲਈ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਪ੍ਰਬੰਧ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।

ਪਰ ਬਾਲ ਮਜ਼ਦੂਰੀ ਦੀ ਸਮੱਸਿਆ ਗ਼ਰੀਬੀ ਨਾਲ ਜੁੜੀ ਹੋਈ ਹੋਣ ਕਾਰਨ ‘ਮਰਦਾ ਕੀ ਨਾ ਕਰਦਾ’ ਦੇ ਅਖਾਣ ਅਨੁਸਾਰ ਮਾਪੇ ਆਪਣੇ ਬੱਚਿਆਂ ਨੂੰ ਪੇਟ ਨੂੰ ਝੁਲਕਾ ਦੇਣ ਲਈ ਸਕੂਲ ਪੜ੍ਹਨ ਨਾਲੋਂ ਕੰਮ ਵਿੱਚ ਲਾਉਣ ‘ਤੇ ਮਜਬੂਰ ਹੋ ਜਾਂਦੇ ਹਨ।

ਬਾਲ ਦਿਵਸ : ਬਾਲ ਕਲਿਆਣ ਲਈ ਲੋਕ ਰਾਇ ਪੈਦਾ ਕਰਨ ਲਈ ਪਹਿਲੀ ਵਾਰ ਅਕਤੂਬਰ 1953 ਈ: ਵਿੱਚ ਕੌਮਾਂਤਰੀ ਬਾਲ-ਦਿਵਸ ਮਨਾਇਆ ਗਿਆ। ਉਪਰੰਤ ਇੱਥੇ 14 ਨਵੰਬਰ, ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਇਹ ਦਿਨ ਮਨਾਇਆ ਜਾਣ ਲੱਗ ਪਿਆ। ਇਸ ਦਿਨ ਮੰਦ-ਹਾਲ, ਨਵੀਂ ਪਨੀਰੀ ਨੂੰ ਘੱਟੋ-ਘੱਟ ਸਕੂਲੀ ਸਿੱਖਿਆ ‘ਤੇ ਸੰਤੁਲਤ ਖ਼ੁਰਾਕ ਦੇਣ ਲਈ ਵਧ-ਚੜ੍ਹ ਕੇ ਭਾਸ਼ਣ ਦਿੱਤੇ ਜਾਂਦੇ ਹਨ। ਬਾਲ-ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਦਿਨ ਖ਼ਾਸ ਤੌਰ ‘ਤੇ ਉਹਨਾਂ ਦੀ ਹਮਦਰਦੀ ਲਈ ਮਨਾਇਆ ਜਾ ਰਿਹਾ ਹੈ। ਕਈ ਵੱਡੇ-ਵੱਡੇ ਸਮਾਗਮਾਂ ਲਈ ਬੱਚਿਆਂ ਕੋਲੋਂ ਹੀ ਪ੍ਰਬੰਧ ਕਰਵਾਏ ਜਾਂਦੇ ਹਨ। ਇਸ ਦਿਨ ਜਾਂ ਇਸ ਤੋਂ ਇੱਕ ਦੋ ਦਿਨ ਪਹਿਲਾਂ ਸਰਕਾਰ ਵਲੋਂ ਕਾਰਖ਼ਾਨਿਆਂ ਆਦਿ ਤੋਂ ਬਾਲ-ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਜਾਂਦਾ ਹੈ।

ਗ਼ਰੀਬ ਬੱਚਿਆਂ ਲਈ ਸਹੂਲਤਾਂ : ਗ਼ਰੀਬ ਬੱਚਿਆਂ ਲਈ ਸਰਕਾਰਾਂ ਨੇ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਖ਼ਾਸ ਪ੍ਰਬੰਧ ਵੀ ਕੀਤਾ ਹੈ। ਬੱਚਿਆਂ ਨੂੰ ਕਈ ਸਹੂਲਤਾਂ ਵੀ ਦਿੱਤੀਆਂ ਹਨ, ਤਾਂ ਜੋ ਉਹ ਪੜ੍ਹ-ਲਿਖ ਜਾਣ ਪਰ ਫਿਰ ਵੀ ਇਨ੍ਹਾਂ ਸਹੂਲਤਾਂ ਦਾ ਲਾਭ ਚੰਦ ਕੁ ਲੋਕ ਹੀ ਲੈ ਰਹੇ ਹਨ। ਬਹੁ-ਗਿਣਤੀ ਦੇ ਬਾਲ ਅਜੇ ਵੀ ਮਜ਼ਦੂਰੀ ਵਿੱਚ ਜੁੱਟੇ ਹੋਏ ਹਨ। ਕਈ ਵਾਰ ਆਂਗਨਵਾੜੀ ਵਿੱਚ ਪਹੁੰਚਾਇਆ ਜਾਣ ਵਾਲਾ ਰਾਸ਼ਨ ਸਾਡੇ ਭ੍ਰਿਸ਼ਟ ਨੇਤਾਵਾਂ ਵਲੋਂ ਹੜੱਪ ਕਰ ਲਿਆ ਜਾਂਦਾ ਹੈ। ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਕਈ ਗ਼ੈਰ-ਜਥੇਬੰਦੀਆਂ ਪੱਛਮੀ ਦੇਸ਼ਾਂ ਤੋਂ ਬਾਲ-ਕਲਿਆਣ ਦੇ ਨਾਂ ਤੇ ਦਾਨ ਵਜੋਂ ਅਰਬਾਂ ਰੁਪਏ ਬਟੋਰ ਰਹੀਆਂ ਹਨ। ਇਹ ਕੇਵਲ ਵਿਖਾਵਾ ਹੀ ਹੈ। ਅਸਲ ਵਿੱਚ ਇਹ ਆਪਣਾ ਢਿੱਡ ਭਰ ਰਹੀਆਂ ਹਨ।

ਬਾਲ ਮਜ਼ਦੂਰਾਂ ਸਬੰਧੀ ਕਾਨੂੰਨ : ਅੱਜ ਦੇਸ਼ ਦੇ ਹਰ ਪ੍ਰਾਂਤ ਵਿੱਚ ਬਾਲ-ਮਜ਼ਦੂਰੀ ਦੇ ਖ਼ਾਤਮੇ ਲਈ ਕਾਨੂੰਨ ਬਣੇ ਹਨ ਪਰ ਲਾਗੂ ਨਹੀਂ ਹੁੰਦੇ। ਸੁਪਰੀਮ ਕੋਰਟ ਨੇ ਤਾਂ ਇੱਕ ਫ਼ੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਜਿਹੜੇ ਵਿਅਕਤੀ ਖ਼ਤਰਨਾਕ ਸਨਅਤਾਂ ਵਿੱਚ ਬੱਚਿਆਂ ਨੂੰ ਨੌਕਰ ਰੱਖਣਗੇ ਉਹਨਾਂ ਨੂੰ ਫੜ੍ਹੇ ਜਾਣ ‘ਤੇ ਇਨ੍ਹਾਂ ਮਜ਼ਦੂਰਾਂ ਦੇ ਮੁੜ ਵਸੇਬੇ ਲਈ ਖ਼ਰਚ ਦੇਣਾ ਪਵੇਗਾ।

ਸਾਰੰਸ਼ : ਸੋ ਬਾਲ-ਮਜ਼ਦੂਰੀ ਇੱਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਮਜ਼ਦੂਰੀ ਕਰਨ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਸਰਕਾਰ ਅਨਾਜ ਦੀ ਸਹੀ ਵੰਡ ਕਰੇ ਤਾਂ ਗ਼ਰੀਬੀ, ਬਾਲ-ਮਜ਼ਦੂਰੀ ਵਰਗੀਆਂ ਬੁਰਾਈਆਂ ਲਈ ਦਾ ਤਾਂ ਖ਼ਾਤਮਾ ਸਹਿਜੇ ਹੀ ਹੋ ਸਕਦਾ ਹੈ।