ਮਨਿ ਜੀਤੈ ਜਗੁ ਜੀਤ – ਪੈਰਾ ਰਚਨਾ
ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਸਿੱਧ ਬਾਣੀ ‘ਜਪੁਜੀ’ ਵਿਚ ਉਚਾਰੀ ਇਸ ਤੁਕ ਵਿਚ ਜੀਵਨ ਦੀ ਇਸ ਅਟੱਲ ਸਚਾਈ ਨੂੰ ਅੰਕਿਤ ਕੀਤਾ ਹੈ ਕਿ ਮਨ ਨੂੰ ਜਿੱਤਣ ਨਾਲ ਮਨੁੱਖ ਸਾਰੀ ਦੁਨੀਆ ਉੱਤੇ ਜਿੱਤਣ ਪ੍ਰਾਪਤ ਕਰ ਸਕਦਾ ਹੈ। ਮਨ ਨੂੰ ਅਜਿਹੇ ਰਸਤੇ ਉੱਪਰ ਲਿਆਂਦਾ ਜਾਣਾ ਚਾਹੀਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਮਨੁੱਖ ਤੋਂ ਬੁਰੇ ਕੰਮ – ਚੋਰੀ, ਠੱਗੀ, ਬੇਈਮਾਨੀ, ਝੂਠ, ਫ਼ਰੇਬ ਤੇ ਜਬਰ – ਜ਼ੁਲਮ ਨਾ ਕਰਾਏ ਅਤੇ ਪਰਾਇਆ ਹੱਕ ਮਾਰਨ ਲਈ ਮਜਬੂਰ ਨਾ ਕਰੇ। ਮਨੁੱਖ ਖੁਦਗਰਜ਼ੀ ਅਤੇ ਹਉਮੈਂ ਨੂੰ ਤਿਆਗ ਕੇ ਕੇਵਲ ਉਹੋ ਕੰਮ ਹੀ ਕਰੋ, ਜੋ ਸਮੁੱਚੇ ਸਮਾਜ ਅਤੇ ਮਨੁੱਖਤਾ ਲਈ ਕਲਿਆਣਕਾਰੀ ਹੋਣ। ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੋਇਆ ਦੂਜਿਆਂ ਦੇ ਲਾਭਾਂ, ਅਧਿਕਾਰਾਂ ਅਤੇ ਇੱਛਾਵਾਂ ਦਾ ਖ਼ਿਆਲ ਰੱਖੇ। ਅਜਿਹੇ ਅਨੁਸ਼ਾਸਨ ਵਿਚ ਬੱਝੇ ਹੋਏ ਮਨ ਨੂੰ ‘ਜਿੱਤਿਆ ਮਨ’ ਕਿਹਾ ਜਾ ਸਕਦਾ ਹੈ। ਜੇਕਰ ਮਨ ਅਜਿਹੇ ਅਨੁਸ਼ਾਸਨ ਵਿਚ ਬੱਝਾ ਹੋਇਆ ਹੋਵੇ ਤਾਂ ਉਹ ਮਨੁੱਖ ਤੇ ਮਨੁੱਖਤਾ ਲਈ ਬਹੁਤ ਸਾਰੇ ਦੁੱਖਾਂ ਦਾ ਕਾਰਨ ਬਣਦਾ ਹੈ। ‘ਮਨ ਨੂੰ ਸ਼ੈਤਾਨ ਦਾ ਕਾਰਖ਼ਾਨਾ ਕਿਹਾ ਜਾਂਦਾ ਹੈ ਅਤੇ ਬੇਮੁਹਾਰੇ ਮਨ ਵਿਚ ਬੇਮੁਹਾਰੀਆਂ ਸ਼ੈਤਾਨੀਆਂ ਪੈਦਾ ਹੁੰਦੀਆਂ ਹਨ, ਜੋ ਮਨੁੱਖ ਵਿਚ ਭਟਕਣ, ਅਸ਼ਾਂਤੀ ਤੇ ਅਸੰਤੁਸ਼ਟਤਾ ਪੈਦਾ ਕਰਦੀਆਂ ਹਨ। ਪਰ ਜਿਸ ਆਦਮੀ ਨੇ ਗੁਰਮਤਿ ਅਨੁਸਾਰ ਸਹਿਜ ਮਾਰਗ ਨੂੰ ਅਪਣਾਉਂਦਿਆ ਆਪਣੇ ਮਨ ਨੂੰ ਜਿੱਤਿਆ ਹੁੰਦਾ ਹੈ, ਉਹ ਰੱਬ ਦੇ ਪੈਦਾ ਕੀਤੇ ਸਾਰੇ ਮਨੁੱਖਾਂ ਦੇ ਸੁੱਖ ਤੇ ਆਰਾਮ ਵਿਚ ਆਪਣਾ ਸੁਖ ਅਨੁਭਵ ਕਰਦਾ ਹੈ। ਅਜਿਹਾ ਆਦਮੀ ਦੁਨੀਆਂ ਨੂੰ ਜਿੱਤ ਲੈਂਦਾ ਹੈ। ਉਸ ਦੇ ਅੰਦਰੋਂ ਸੰਸਾਰਕ ਪਦਾਰਥਾਂ ਲਈ ਭਟਕਣ ਖ਼ਤਮ ਹੋ ਜਾਂਦੀ ਹੈ ਤੇ ਉਹ ਸੁੱਖ – ਸ਼ਾਂਤੀ ਵਿਚ ਨਿਵਾਸ ਕਰਦਾ ਹੈ।