ਅਨੁਸ਼ਾਸਨ ਦਾ ਭਾਵ – ਪੈਰਾ ਰਚਨਾ

ਅਨੁਸ਼ਾਸਨ ਮਨੁੱਖੀ ਜੀਵਨ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਅਨੁਸ਼ਾਸਨ ਦਾ ਮਤਲਬ ਹੈ – ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ। ਵਿਸ਼ਵ ਭਰ ਵਿਚ ਹਰ ਥਾਂ ਨਿਯਮਾਂ ਅਤੇ ਕਾਨੂੰਨਾਂ ਦਾ ਰਾਜ ਹੁੰਦਾ ਹੈ, ਜਿਸ ਦੀ ਮਨੁੱਖਾਂ ਨੂੰ ਪਾਲਣਾ ਕਰਨੀ ਪੈਂਦੀ ਹੈ। ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਜੇਕਰ ਸਾਡੇ ਆਲੇ – ਦੁਆਲੇ ਨਿਯਮ ਅਤੇ ਕਾਨੂੰਨ ਨਾ ਹੋਣ ਤਾਂ ਸਾਡੇ ਲਈ ਜੀਉਣਾ ਅਸੰਭਵ ਹੋ ਜਾਵੇ। ਅਨੁਸ਼ਾਸਨ ਤੋਂ ਬਿਨਾਂ ਸਾਡੀ ਹਾਲਤ ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ’ ਵਾਲੀ ਹੋਵੇਗੀ, ਜਿਸ ਨਾਲ ਹਰ ਪਾਸੇ ਗੜਬੜ ਤੇ ਖਲਬਲੀ ਮਚ ਜਾਵੇਗੀ। ਅਨੁਸ਼ਾਸਨ ਸਾਡੇ ਜੀਵਨ ਨੂੰ ਕਾਬੂ ਵਿਚ ਰੱਖਦਾ, ਨਿਸਚਿਤ ਸੇਧ ਦਿੰਦਾ ਤੇ ਇਸ ਵਿਚ ਮਿਠਾਸ ਭਰਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਇਹ ਮਨੁੱਖੀ ਸ਼ਖ਼ਸੀਅਤ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਫਿੱਕੀ, ਬੇਰੱਸ ਅਤੇ ਨੀਰਸ ਹੁੰਦੀ ਹੈ। ਅਨੁਸ਼ਾਸਨ ਤੋਂ ਬਿਨਾਂ ਸਾਡੇ ਆਲੇ – ਦੁਆਲੇ ਵਿਚ ਕਿਸੇ ਵੀ ਚੀਜ਼ ਦੀ ਹੋਂਦ ਸੰਭਵ ਨਹੀਂ। ਧਿਆਨ ਨਾਲ ਦੇਖੀਏ ਤੇ ਸਾਨੂੰ ਸਾਡੀ ਕੁਦਰਤ, ਸੂਰਜ, ਚੰਦ, ਤਾਰੇ, ਧਰਤੀ, ਹਵਾ, ਪਾਣੀ ਤੇ ਸਾਰੇ ਖੰਡ – ਬ੍ਰਹਿਮੰਡ ਇਕ ਅਨੁਸ਼ਾਸਨ ਵਿਚ ਬੱਝੇ ਦਿਖਾਈ ਦਿੰਦੇ ਹਨ। ਜੇਕਰ ਕੁਦਰਤ ਕੁੱਝ ਨਿਯਮਾਂ ਤੇ ਅਸੂਲਾਂ ਵਿਚ ਬੱਝ ਕੇ ਕੰਮ ਨਾ ਕਰਦੀ ਹੋਵੇ ਤਾਂ ਧਰਤੀ ਤੋਂ ਜੀਵਨ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇ। ਇਸ ਕਰਕੇ ਮਨੁੱਖ ਲਈ ਅਨੁਸ਼ਾਸਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਸਾਡੀ ਨੌਜਵਾਨ ਪੀੜ੍ਹੀ ਆਮ ਕਰਕੇ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿਚ ਰੁਕਾਵਟ ਸਮਝਦੀ ਹੈ। ਇਸ ਕਰਕੇ ਉਹ ਕਈ ਵਾਰੀ ਸਕੂਲਾਂ ਤੇ ਕਾਲਜਾਂ ਵਿਚ ਅਨੁਸ਼ਾਸਨ ਨੂੰ ਭੰਗ ਕਰਦੀ ਹੈ, ਪਰ ਇਸ ਦਾ ਨਤੀਜਾ ਉਸਾਰੂ ਨਹੀਂ, ਸਗੋਂ ਮਾਰੂ ਨਿਕਲਦਾ ਹੈ। ਸਾਨੂੰ ਵਿਦਿਆਰਥੀ ਦੇ ਰੂਪ ਵਿਚ, ਕਰਮਚਾਰੀ ਦੇ ਰੂਪ ਵਿਚ, ਖਿਡਾਰੀ ਦੇ ਰੂਪ ਵਿਚ ਤੇ ਦੇਸ਼ ਦੇ ਇਕ ਨਾਗਰਿਕ ਦੇ ਰੂਪ ਵਿਚ ਅਨੁਸ਼ਾਸਨ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਕੋਈ ਟੀਮ ਖੇਡ ਦੇ ਮੈਦਾਨ ਵਿਚ ਜਿੱਤ ਨਹੀਂ ਸਕਦੀ, ਜੇਕਰ ਉਹ ਅਨੁਸ਼ਾਸਨ ਵਿਚ ਰਹਿ ਕੇ ਨਹੀਂ ਖੇਡਦੀ। ਕੋਈ ਰਾਜਨੀਤਿਕ ਪਾਰਟੀ ਵੀ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੀ ਹੈ, ਜੇਕਰ ਉਸ ਦੇ ਪੈਰੋਕਾਰ ਪੂਰੀ ਤਰ੍ਹਾਂ ਅਨੁਸ਼ਾਸਨ ਵਿਚ ਰਹਿ ਕੇ ਕੰਮ ਕਰਨ। ਅਨੁਸ਼ਾਸਨ ਦੀ ਜਿੰਨੀ ਲੋੜ ਇਕ ਵਿਅਕਤੀ ਨੂੰ ਹੁੰਦੀ ਹੈ, ਓਨੀ ਲੋੜ ਹੀ ਇਕ ਸੰਗਠਨ ਨੂੰ ਵੀ ਹੁੰਦੀ ਹੈ। ਅਨੁਸ਼ਾਸਿਤ ਕੌਮ ਉੱਨਤੀ ਦੀਆਂ ਸਿਖਰਾਂ ਨੂੰ ਛੂਹੰਦੀ ਹੈ, ਪਰ ਅਨੁਸ਼ਾਸਨਹੀਣਤਾ ਦੀ ਸਥਿਤੀ ਵਿਚ ਉਹ ਗਿਰਾਵਟ ਤੇ ਗ਼ੁਲਾਮੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਅਨੁਸ਼ਾਸਨ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਇਹ ਇਕ ਕੀਮਤੀ ਖਜ਼ਾਨਾ ਹੈ। ਇਸ ਦੀ ਸੰਭਾਲ ਕਰ ਕੇ ਅਸੀਂ ਸੁਖ – ਆਰਾਮ, ਖੁਸ਼ਹਾਲੀ ਤੇ ਸਨਮਾਨ ਨੂੰ ਪ੍ਰਾਪਤ ਕਰਦੇ ਹਾਂ।