CBSEclass 11 PunjabiEducationPunjab School Education Board(PSEB)

ਪ੍ਰਸੰਗ ਸਹਿਤ ਵਿਆਖਿਆ : ਕਾਲਿਆ ਹਰਨਾ


ਲੰਮੀ ਬੋਲੀ : ਕਾਲਿਆ ਹਰਨਾ


ਕਾਲਿਆ ਹਰਨਾ ਰੋਹੀਏਂ ਫਿਰਨਾ,

ਤੇਰੇ ਪੈਰੀਂ ਝਾਂਜਰਾਂ ਪਾਈਆਂ।

ਸਿੰਗਾਂ ਤੇਰਿਆਂ ‘ਤੇ ਕੀ ਕੁਛ ਲਿਖਿਆ,

ਤਿੱਤਰ ਤੇ ਮੁਰਗਾਈਆਂ।

ਚੱਬਣ ਨੂੰ ਤੇਰੇ ਮੋਠ ਬਾਜਰਾ,

ਪਹਿਨਣ ਨੂੰ ਮੁਗ਼ਲਾਈਆਂ।

ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ,

ਹੁਣ ਨੀ ਟੱਪੀਦੀਆਂ ਖਾਈਆਂ।

ਖਾਈ ਟੱਪਦੇ ਦੇ ਵੱਜਿਆ ਕੰਡਾ,

ਦੇਵੇਂ ਰਾਮ-ਦੁਹਾਈਆਂ।

ਮਾਸ-ਮਾਸ ਤੇਰਾ ਕੁੱਤਿਆਂ ਖਾਧਾ,

ਹੱਡੀਆਂ ਰੇਤ ਰਲਾਈਆਂ।

ਜਿਉਣੇ ਮੌੜ ਦੀਆਂ,

ਸਤਰੰਗੀਆਂ ਭਰਜਾਈਆਂ………..।

ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ‘ਕਾਲਿਆ ਹਰਨਾ’ ਸਿਰਲੇਖ ਹੇਠ ਦਰਜ ਹਨ। ਇਸ ਬੋਲੀ ਵਿੱਚ ਪ੍ਰਤੀਕਾਤਮਿਕ ਢੰਗ ਨਾਲ ਜੀਵਨ ਦੀ ਇਸ ਸਚਾਈ ਨੂੰ ਪ੍ਰਗਟਾਇਆ ਗਿਆ ਹੈ ਕਿ ਜਵਾਨੀ ਦੀ ਤਾਕਤ ਹਮੇਸ਼ਾਂ ਨਹੀਂ ਰਹਿਣੀ। ਬੁਢੇਪੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਅੰਤ ਮੌਤ ਵੀ ਨਿਸ਼ਚਿਤ ਹੈ।

ਵਿਆਖਿਆ : ਕਾਲਿਆ ਹਰਨਾ। ਤੂੰ ਜੰਗਲ ਬੀਆਬਾਨ ਵਿੱਚ ਫਿਰਦਾ ਹੈ। ਤੇਰੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹਨ। ਤੇਰਿਆਂ ਸਿੰਗਾਂ ਤੇ ਤਿੱਤਰ ਤੇ ਮੁਰਗਾਬੀਆਂ ਦੇ ਚਿੱਤਰ ਉਕਰੇ ਹੋਏ ਹਨ। ਤੇਰੇ ਚੱਬਣ ਨੂੰ ਮੋਠ ਬਾਜਰਾ ਹੈ ਅਤੇ ਪਹਿਨਣ ਨੂੰ ਮੁਗਲਈ ਪਹਿਰਾਵਾ ਹੈ। ਅੱਗੇ ਤਾਂ (ਜਵਾਨੀ ਵਿੱਚ) ਤੂੰ ਨੌਂ-ਨੌਂ ਕੋਠੇ ਟੱਪਦਾ ਸੈਂ ਪਰ ਹੁਣ (ਬੁਢੇਪੇ ਵਿੱਚ) ਤੇਰੇ ਤੋਂ ਖਾਈਆਂ ਵੀ ਨਹੀਂ ਟੱਪੀਆਂ ਜਾਂਦੀਆਂ। ਖਾਈ ਟੱਪਦੇ ਦੇ ਤੇਰੇ ਕੰਡਾ ਲੱਗ ਗਿਆ ਤੇ ਤੂੰ ਰਾਮ-ਦੁਹਾਈਆਂ ਦੇ ਦਿੱਤੀਆਂ। ਤੇਰਾ ਮਾਸ ਤਾਂ ਕੁੱਤਿਆਂ ਨੇ ਖਾ ਲਿਆ ਅਤੇ ਹੱਡੀਆਂ ਰੇਤਾ ਵਿੱਚ ਰਲਾ ਦਿੱਤੀਆਂ। ਜਿਉਣੇ ਮੌੜ (ਮਾਲਵੇ ਦੇ ਸੂਰਮੇ) ਦੀਆਂ ਸਤਰੰਗੀਆਂ ਭਰਜਾਈਆਂ ਸਨ।


ਔਖੇ ਸ਼ਬਦਾਂ ਦੇ ਅਰਥ

ਰੋਹੀ : ਜੰਗਲ, ਬੀਆਬਾਨ, ਰੇਤਲੀ ਧਰਤੀ।

ਮੁਗ਼ਲਾਈਆਂ : ਖੁੱਲ੍ਹੇ/ਢਿੱਲੇ ਕੁੜਤੇ।

ਖਾਈ : ਟੋਆ।

ਰਾਮ-ਦੁਹਾਈਆਂ : ਰੱਬ ਦਾ ਨਾਂ ਲੈ ਕੇ ਮਦਦ ਲਈ ਪੁਕਾਰਨਾ।

ਰਾਮ-ਦੁਹਾਈ ਦੇਣਾ : ਰੱਬ ਦਾ ਵਾਸਤਾ ਪਾਉਣਾ।

ਜਿਉਣਾ ਮੌੜ : ਮਾਲਵੇ ਦਾ ਇੱਕ ਸੂਰਮਾ।