ਲੇਖ – ਦਾਜ : ਇੱਕ ਸਮੱਸਿਆ
ਭੂਮਿਕਾ : ਸਾਡੇ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਦਾਜ ਬਣੀ ਰਹੀ ਹੈ ਤੇ ਅੱਜ ਵੀ ਹੈ। ਸਾਡੇ ਮਰਦ-ਪ੍ਰਧਾਨ ਸਮਾਜ ਵਿੱਚ ਕੁੜੀ ਨੂੰ ਵਿਆਹ ਕੇ ਮਰਦ ਆਪਣੇ ਘਰ ਲਿਆਉਂਦਾ ਹੈ। ਇਕੱਲੀ ਕੁੜੀ ਹੀ ਨਹੀਂ ਆਉਂਦੀ ਉਸ ਦੇ ਨਾਲ ਉਸ ਦੇ ਮਾਪਿਆਂ ਤੋਂ ਧਨ-ਦੌਲਤ, ਗਹਿਣੇ, ਕੱਪੜੇ ਅਤੇ ਘਰ ਵਿੱਚ ਕੰਮ ਆਉਣ ਵਾਲੀਆਂ ਅਨੇਕਾਂ ਦੂਸਰੀਆਂ ਵਸਤਾਂ ਵੀ ਆਉਂਦੀਆਂ ਹਨ। ਮਾਪੇ ਇਹ ਵਸਤਾਂ ਆਪਣੀ ਸਮਰੱਥਾ ਅਨੁਸਾਰ ਧੀ ਨੂੰ ਦਿੰਦੇ ਆ ਰਹੇ ਹਨ। ਇਸ ਨੂੰ ਇੱਕ ਜ਼ਰੂਰੀ ਰਸਮ ਮੰਨਿਆ ਜਾਂਦਾ ਸੀ।
ਲੋਕਾਂ ਵਿੱਚ ਵਧਦਾ ਲਾਲਚ : ਸਮਾਂ ਬੀਤਣ ਨਾਲ ਦਾਜ ਦੀ ਇਹ ਰਸਮ ਸਰਾਪ ਬਣ ਗਈ ਹੈ। ਲੋਕਾਂ ਵਿੱਚ ਵਧਦਾ ਪਦਾਰਥਿਕ ਮੋਹ, ਲਾਲਚ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਵੱਧ ਤੋਂ ਵੱਧ ਧਨ-ਦੌਲਤ ਦੀ ਆਸ ਲਾਉਣ ਲੱਗ ਪਏ ਤੇ ਫਿਰ ਹੌਲੀ-ਹੌਲੀ ਮੂੰਹ ਪਾੜ ਕੇ ਦਾਜ ਦੀ ਮੰਗ ਹੋਣ ਲੱਗ ਪਈ। ਨਾ ਕੇਵਲ ਵਿਆਹ ਦੇ ਸਮੇਂ ਸਗੋਂ ਵਿਆਹ ਉਪਰੰਤ ਵੀ ਮੰਗਾਂ ਜਾਰੀ ਰਹਿਣ ਲੱਗੀਆਂ। ਮੰਗਾਂ ਪੂਰੀਆਂ ਨਾ ਹੋਣ ਦੀ ਸਥਿਤੀ ਵਿੱਚ ਕੁੜੀ ਨੂੰ ਤੇ ਅਸਿੱਧੇ ਰੂਪ ਵਿੱਚ ਉਸ ਦੇ ਮਾਪਿਆਂ ਨੂੰ ਵੀ ਤੰਗ ਕੀਤਾ ਜਾਂਦਾ। ਇੱਥੇ ਹੀ ਬੱਸ ਨਹੀਂ ਇਸ ਮਜਬੂਰੀ ਨੇ ਕੁੜੀਆਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਕਈ ਥਾਈਂ ਸਹੁਰਿਆਂ ਵੱਲੋਂ ਕੁੜੀਆਂ ਨੂੰ ਮਾਰਨ-ਕੁੱਟਣ ਜਾਂ ਜਿਊਂਦਿਆਂ ਸਾੜ ਦੇਣ ਦੀਆਂ ਵਾਰਦਾਤਾਂ ਰੋਜ਼ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲੱਗ ਪਈਆਂ।
ਮਨੁੱਖ ਦੁਆਰਾ ਹੈਵਾਨ ਬਣਨਾ : ਪਦਾਰਥਿਕ ਸੁੱਖ-ਸਹੂਲਤਾਂ ਦੇ ਲੋਭ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ ਹੈ। ਪੜ੍ਹੀਆਂ-ਲਿਖੀਆਂ ਸੂਝਵਾਨ ਕੁੜੀਆਂ ਦੀ ਕਦਰ ਦਾ ਮਾਪ-ਦੰਡ ਦਾਜ ਬਣ ਗਿਆ ਹੈ। ਮਾਪਿਆਂ ਲਈ ਧੀਆਂ ਖ਼ੁਸ਼ੀ ਦਾ ਨਹੀਂ ਬੋਝ ਦਾ ਕਾਰਨ ਬਣਨ ਲੱਗੀਆਂ ਤਾਂ ਭਰੂਣ ਹੱਤਿਆ ਵਰਗੇ ਕੁਕਰਮ ਸ਼ੁਰੂ ਹੋ ਗਏ। ਗ਼ਰੀਬ ਮਾਪੇ ਕਾਰਾਂ-ਕੋਠੀਆਂ ਵਰਗੀਆਂ ਸੁਗਾਤਾਂ ਦੀ ਮੰਗ ਪੂਰੀ ਨਾ ਕਰਦੇ ਹੋਏ ਕਈ ਵਾਰ ਆਪ ਵੀ ਅਣਆਈ ਮੌਤ ਮਰ ਜਾਂਦੇ। ਜੇ ਕੋਈ ਕੁੜੀ ਜਾਂ ਉਸ ਦੇ ਮਾਪੇ ਇਸ ਪੱਖੋਂ ਬਚ ਜਾਂਦੇ, ਉਹਨਾਂ ਨੂੰ ਅਦਾਲਤਾਂ ਵਿੱਚ ਘਸੀਟਿਆ ਜਾਣ ਲੱਗਾ। ਤਲਾਕ ਦੇ ਮੁਕੱਦਮਿਆਂ ਦੀਆਂ ਕਤਾਰਾਂ ਲੱਗ ਗਈਆਂ। ਇਹਨਾਂ ਪਿੱਛੇ ਦਿਸਦੇ ਕਾਰਨ ਜੋ ਮਰਜ਼ੀ ਹੋਣ ਪਰ ਅਸਲ ਕਾਰਨ ਦਾਜ ਹੀ ਹੈ। ਜੇ ਕੁੜੀ ਘੱਟ ਦਾਜ ਲੈ ਕੇ ਆਵੇ ਤਾਂ ਝਗੜਾ ਸੁਭਾਵਿਕ ਹੈ ਪਰ ਜਦ ਕੋਈ ਕੁੜੀ ਆਪਣੇ ਸਹੁਰਿਆਂ ਦੀ ਹੈਸੀਅਤ ਤੋਂ ਵੱਧ ਦਾਜ ਲੈ ਕੇ ਆਵੇ ਝਗੜਾ ਤਾਂ ਵੀ ਰਹਿੰਦਾ ਹੈ। ਵੱਧ ਦਾਜ ਲਿਆਈ ਕੁੜੀ ਆਪਣੇ ਸਹੁਰਿਆਂ ਦਾ ਰੋਹਬ ਸਹਿਣ ਤੋਂ ਇਨਕਾਰੀ ਹੋ ਜਾਂਦੀ ਹੈ। ਹੌਲ਼ੀ-ਹੌਲ਼ੀ ਇਹ ਖਿੱਚੋ-ਤਾਣ ਅਦਾਲਤ ਜਾ ਪਹੁੰਚਦੀ ਹੈ। ਅਦਾਲਤਾਂ ਵਿੱਚ ਫ਼ੈਸਲੇ ਉਡੀਕਦਿਆਂ ਕੁੜੀਆਂ ਤੇ ਮੁੰਡਿਆਂ ਦੀ ਉਮਰ ਢਲਨ ਲੱਗਦੀ ਹੈ। ਨਤੀਜੇ ਵਜੋਂ ਕਈ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ ਤੇ ਮੂਲ ਕਾਰਨ ਹੈ ਦਾਜ।
ਵਿੱਦਿਆ ਦੀ ਥਾਂ ਦਾਜ ਨੂੰ ਅਹਿਮੀਅਤ: ਕੁੜੀਆਂ ਦੀ ਇੱਛਾ ਸੀ ‘ਵਿੱਦਿਆ ਪੜ੍ਹਾ ਦੇ ਬਾਬਲਾ, ਮੈਨੂੰ ਦਈਂ ਨਾ ਦਾਜ ਵਿੱਚ ਗਹਿਣੇ।’ ਪਰ ਵਿੱਦਿਆ ਦੇ ਬਾਵਜੂਦ ਦਾਜ ਦੀ ਮੰਗ ਗਹਿਣਿਆਂ, ਟੈਲੀਵੀਜ਼ਨ, ਫ਼ਰਿੱਜ, ਸੋਫ਼ਾ-ਸੈੱਟ, ਕਾਰ ਤੇ ਹੋਰ ਕਈ ਰੂਪਾਂ ਵਿੱਚ ਵਟ ਗਈ। ਇਸ ਵਿੱਚ ਮੁੱਖ ਕਸੂਰਵਾਰ ਭਾਵੇਂ ਮੁੰਡੇ ਵਾਲੇ ਹਨ ਪਰ ਇਹ ਵੀ ਜ਼ਰੂਰੀ ਨਹੀਂ। ਕਈ ਅਮੀਰ ਮਾਪੇ ਪੈਸੇ ਦੀ ਆੜ ਹੇਠ ਅਮੀਰ ਘਰਾਂ ਵਿੱਚ ਆਪਣੀਆਂ ਕੁੜੀਆਂ ਨੂੰ ਵਿਆਹੁਣ ਦਾ ਯਤਨ ਕਰਦੇ ਹਨ। ਲਾਲਚ ਹੋਰ ਵਧ ਜਾਂਦੇ ਹਨ ਤੇ ਨਤੀਜਾ ਉਹੀ ਹੁੰਦਾ ਹੈ— ਤਲਾਕ ਜਾਂ ਮੌਤ।
ਦਾਜ-ਵਿਰੋਧੀ ਕਨੂੰਨ : ਸਾਡੇ ਦੇਸ ਵਿੱਚ ਦਾਜ ਵਿਰੋਧੀ ਕਨੂੰਨ ਤਾਂ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਆਪ ਹੀ ਅਜਿਹੇ ਕਨੂੰਨਾਂ ਦੀਆਂ ਧੱਜੀਆਂ ਉਡਾ ਦਿੰਦੇ ਹਾਂ। ਵਿਆਹਾਂ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਸਵਾਲ ਇਹ ਹੈ ਕਿ ਸਮੱਸਿਆ ਹੱਲ ਕਿਵੇਂ ਕੀਤੀ ਜਾਵੇ? ਕੁੜੀ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਬਹੁਤ ਹੱਦ ਤੀਕ ਸਹੀ ਹੱਲ ਹੈ। ਇਸ ਨਾਲ ਲੜਕੀ ‘ਤੇ ਕਿਸੇ ਕਿਸਮ ਦਾ ਦਬਾਅ ਨਹੀਂ ਰਹਿੰਦਾ ਪਰ ਲੜਕੀਆਂ ਨੂੰ ਰੁਜ਼ਗਾਰ ਕਿਵੇਂ ਮਿਲ਼ੇ? ਇਹ ਵੀ ਸਮੱਸਿਆ ਹੈ। ਦੂਜੇ ਪਾਸੇ ਢਿੱਲੇ ਕਨੂੰਨ ਕਰਕੇ ਕਈ ਲੋਕ ਇਸ ਦਾ ਨਾਜਾਇਜ਼ ਲਾਭ ਵੀ ਉਠਾਉਂਦੇ ਹਨ। ਕਈ ਲੋਕ ਦਾਜ ਦੇ ਝੂਠੇ ਮੁਕੱਦਮੇ ਵੀ ਕਰ ਦਿੰਦੇ ਹਨ। ਇਸ ਵਿੱਚ ਕਈ ਬੇਦੋਸ਼ੇ ਲੋਕ ਫਸ ਜਾਂਦੇ ਹਨ। ਸਮੇਂ ਦੀ ਲੋੜ ਹੈ ਕਿ ਸਖ਼ਤ ਕਨੂੰਨ ਬਣਾਏ ਜਾਣ ਅਤੇ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।
ਨਾਰੀ-ਜਾਗਰੂਕਤਾ ਦੀ ਲੋੜ : ਸਭ ਤੋਂ ਵੱਧ ਸਾਰਥਿਕ ਸੋਚ ਇਹ ਹੈ ਕਿ ਦਾਜ-ਪ੍ਰਥਾ ਖ਼ਤਮ ਕਰਨ ਲਈ ਨਾਰੀ-ਜਾਤੀ ਨੂੰ ਜਾਗਰੂਕ ਹੋਣ ਦੀ ਲੋੜ ਹੈ। ਨੌਜਵਾਨ ਕੁੜੀਆਂ ਵਿੱਚ ਦਾਜ ਵਿਰੁੱਧ ਚੇਤਨਾ ਪੈਦਾ ਕਰਨ ਦੀ ਵੀ ਲੋੜ ਹੈ। ਕੁੜੀਆਂ ਜੇ ਇਹ ਨਿਰਨਾ ਕਰ ਲੈਣ ਕਿ ਉਹ ਦਾਜ ਨਾ ਲੈਣ ਵਾਲਿਆਂ ਨਾਲ ਹੀ ਵਿਆਹ ਕਰਨਗੀਆਂ ਤਾਂ ਇਸ ਨਾਲ ਸਮਾਜ ਵਿੱਚ ਇੱਕ ਉਚਿਤ ਸੰਦੇਸ਼ ਜਾਵੇਗਾ। ਮੁੰਡੇ ਵਾਲਿਆਂ ਨੂੰ ਵੀ ਪਤਾ ਹੋਵੇਗਾ ਕਿ ਦਾਜ ਨਹੀਂ ਮਿਲ਼ਨਾ। ਇਸ ਤਰ੍ਹਾਂ ਉਹਨਾਂ ਦੀ ਮਾਨਸਿਕਤਾ ਵਿੱਚ ਵੀ ਤਬਦੀਲੀ ਆਵੇਗੀ ਪਰ ਇਸ ਲਈ ਕੁੜੀਆਂ ਨੂੰ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਪਵੇਗਾ। ਸਵੈ-ਨਿਰਭਰ ਕੁੜੀਆਂ ਵਿੱਚ ਆਤਮ-ਵਿਸ਼ਵਾਸ ਹੀ ਵੱਖਰਾ ਹੁੰਦਾ ਹੈ।
ਸਾਰਾਂਸ਼ : ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਔਰਤ ਨੂੰ ਆਦਰਯੋਗ ਸਥਾਨ ਪ੍ਰਾਪਤ ਹੋਵੇ। ਇਹ ਸਥਾਨ ਤਾਂ ਹੀ ਮਿਲੇਗਾ ਜੇ ਉਸ ਵਿੱਚ ਆਤਮਨਿਰਭਰਤਾ ਆਵੇਗੀ, ਆਤਮਵਿਸ਼ਵਾਸ ਆਵੇਗਾ ਤੇ ਉਹ ਜਾਗਰੂਕ ਹੋਵੇਗੀ। ਇਸ ਦੇ ਨਾਲ ਇਹ ਨਾਅਰਾ ਆਪਣੇ-ਆਪ ਵਿਹਾਰਿਕ ਰੂਪ ਵਿੱਚ ਲਾਗੂ ਹੋ ਜਾਵੇਗਾ ਕਿ ‘ਦੁਲਹਨ ਹੀ ਦਹੇਜ ਹੈ’।