ਲੇਖ : ਆਨਲਾਈਨ ਸਿੱਖਿਆ


ਭੂਮਿਕਾ : ਸਿੱਖਿਆ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਚੰਗੀ ਸਿੱਖਿਆ ਪ੍ਰਾਪਤ ਕਰਨਾ ਹਰ ਦੇਸ ਦੇ ਨਾਗਰਿਕ ਦਾ ਅਧਿਕਾਰ ਹੈ। ਪੜ੍ਹਿਆ-ਲਿਖਿਆ ਵਿਅਕਤੀ ਚੰਗੀ ਸਿੱਖਿਆ ਦੇ ਬਲ ‘ਤੇ ਆਪਣੇ ਜੀਵਨ ਦਾ ਨਿਰਮਾਣ ਕਰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਹੋਈ ਉੱਨਤੀ ਦੇ ਕਾਰਨ ਪਹਿਲਾਂ ਦੀ ਤੁਲਨਾ ਵਿੱਚ ਸਿੱਖਿਆ ਪ੍ਰਦਾਨ ਕਰਨ ਦੇ ਅੱਜ ਕਈ ਢੰਗ ਹਨ। ਮੌਜੂਦਾ ਜੀਵਨ ਵਿੱਚ ਆਨਲਾਈਨ ਸਿੱਖਿਆ ਦਾ ਬੋਲਬਾਲਾ ਹੈ। ਆਨਲਾਈਨ ਸਿੱਖਿਆ ਇੱਕ ਅਜਿਹਾ ਮਾਧਿਅਮ ਹੈ ਜਿੱਥੇ ਅਧਿਆਪਕ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇੰਟਰਨੈੱਟ ਰਾਹੀਂ ਵਿਦਿਆਰਥੀਆਂ ਨਾਲ ਜੁੜ ਸਕਦੇ ਹਨ। ਅਧਿਆਪਕ ਸਕਾਈਪ, ਜ਼ੂਮ ਆਦਿ ਦੇ ਮਾਧਿਅਮ ਰਾਹੀਂ ਵੀਡੀਓ ਕਾਲ ਕਰਦੇ ਹਨ ਅਤੇ ਬੱਚੇ ਮੋਬਾਈਲ, ਲੈਪਟਾਪ ਜਾਂ ਕੰਪਿਊਟਰ ‘ਤੇ ਅਧਿਆਪਕ ਨੂੰ ਦੇਖ ਅਤੇ ਸੁਣ ਸਕਦੇ ਹਨ।

ਅਸਾਨ ਤਰੀਕਾ : ਅੱਜ ਦੇ ਸੰਸਾਰ ਵਿੱਚ ਆਨਲਾਈਨ ਸਿੱਖਿਆ ਨੇ ਆਪਣੀ ਥਾਂ ਬਣਾ ਲਈ ਹੈ। ਅੱਜ ਦੁਨੀਆ ਦੇ ਸਾਰੇ ਦੇਸਾਂ ਦੇ ਬੱਚੇ ਆਨਲਾਈਨ ਸਿੱਖਿਆ ਦੀ ਵਰਤੋਂ ਕਰਕੇ ਅਸਾਨੀ ਨਾਲ ਪੜ੍ਹਾਈ ਕਰ ਰਹੇ ਹਨ। ਆਨਲਾਈਨ ਸਿੱਖਿਆ ਪ੍ਰਾਪਤ ਕਰਨ ਲਈ ਚੰਗੇ ਅਤੇ ਤੇਜ਼ ਕਿਸਮ ਦੇ ਇੰਟਰਨੈੱਟ ਦੀ ਜ਼ਰੂਰਤ ਹੁੰਦੀ ਹੈ। ਅਧਿਆਪਕ ਦੂਰੋਂ ਸਿੱਖਿਆ ਦਿੰਦਿਆਂ ਇੰਟਰਨੈੱਟ ਦੀ ਮਦਦ ਨਾਲ਼ ਪਾਠ-ਕ੍ਰਮ ਅਨੁਸਾਰ ਬੱਚਿਆਂ ਨੂੰ ਪੜ੍ਹਾਉਂਦੇ ਹਨ।

ਵਿਦੇਸ਼ਾਂ ਤੋਂ ਵੀ ਆਨਲਾਈਨ ਸਿੱਖਿਆ ਦੀ ਸਹੂਲਤ: ਆਨਲਾਈਨ ਸਿੱਖਿਆ ਨਾਲ ਅਸੀਂ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਹਾਸਲ ਕਰ ਲੈਂਦੇ ਹਾਂ। ਇਸ ਨਾਲ ਸਾਡਾ ਗਿਆਨ ਕਾਫ਼ੀ ਵਿਕਸਿਤ ਹੁੰਦਾ ਹੈ।

ਰਿਕਾਰਡ ਕਰਨ ਵਿੱਚ ਸਹੂਲਤ : ਆਨਲਾਈਨ ਸਿੱਖਿਆ ਵਿੱਚ ਵਿਦਿਆਰਥੀ ਅਧਿਆਪਕ ਦੁਆਰਾ ਲਈ ਗਈ ਕਲਾਸ ਨੂੰ ਰਿਕਾਰਡ ਕਰ ਸਕਦੇ ਹਨ। ਇਸ ਨਾਲ ਕਲਾਸ ਤੋਂ ਬਾਅਦ ਵਿਦਿਆਰਥੀ ਰਿਕਾਰਡਿੰਗ ਨੂੰ ਦੁਬਾਰਾ ਸੁਣ ਸਕਦੇ ਹਨ ਅਤੇ ਜੇ ਕੋਈ ਸ਼ੱਕ ਹੋਵੇ ਤਾਂ ਬਿਨਾਂ ਝਿਜਕ ਅਗਲੀ ਕਲਾਸ ਵਿੱਚ ਪੁੱਛ ਸਕਦੇ ਹਨ।

ਆਨਲਾਈਨ ਸਿੱਖਿਆ-ਇੱਕ ਬਿਹਤਰ ਵਿਕਲਪ : ਆਨਲਾਈਨ ਸਿੱਖਿਆ ਇੱਕ ਬਿਹਤਰ ਵਿਕਲਪ ਹੈ। ਅੱਜ-ਕੱਲ੍ਹ ਤੇਜ਼ੀ ਨਾਲ ਅੱਗੇ ਵਧਦੀ ਦੁਨੀਆ ਕੋਲ ਸਮੇਂ ਦੀ ਘਾਟ ਹੈ ਅਤੇ ਵੈਬ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲੋਕ-ਪ੍ਰਿਅਤਾ ਪ੍ਰਾਪਤ ਕਰ ਰਹੀਆਂ ਹਨ। ਆਨਲਾਈਨ ਸਿੱਖਿਆ ਦਾ ਮਾਧਿਅਮ ਵਿਦਿਆਰਥੀਆਂ ਨੂੰ ਇੱਕ ਲਚਕਦਾਰ ਸਮਾਂ-ਸਾਰਨੀ ਅਤੇ ਘੱਟ ਖ਼ਰਚ ਵਿੱਚ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹ ਆਪਣੇ ਕੋਰਸ ਨੂੰ ਆਪਣੀ ਸਮਾਂ-ਸਾਰਨੀ ਅਨੁਸਾਰ ਸਿੱਖ ਸਕਦੇ ਹਨ। ਇਹ ਸਿੱਖਿਆਰਥੀਆਂ ਵਾਸਤੇ ਨਵੇਂ ਹੁਨਰ ਹਾਸਲ ਕਰਨ ਅਤੇ ਆਪਣੇ ਗਿਆਨ ਨੂੰ ਵਧਾਉਣ ਦਾ ਇੱਕ ਵਧੀਆ ਸਾਧਨ ਹੈ।

ਗ਼ਰੀਬ ਵਿਦਿਆਰਥੀਆਂ ਦੀਆਂ ਮੁਸ਼ਕਲਾਂ : ਆਨਲਾਈਨ ਸਿੱਖਿਆ ਵੱਲ ਲੋਕ ਵੱਡੇ ਪੈਮਾਨੇ ‘ਤੇ ਆਕਰਸ਼ਿਤ ਹੋ ਰਹੇ ਹਨ ਕਿਉਂਕਿ ਇਹ ਸਹੂਲਤ ਵਾਲੀ ਹੋਣ ਦੇ ਨਾਲ-ਨਾਲ ਪੈਸੇ ਅਤੇ ਸਮੇਂ ਦੀ ਵੀ ਬੱਚਤ ਕਰਦੀ ਹੈ। ਪਰ ਗ਼ਰੀਬ ਬੱਚੇ ਜਿਨ੍ਹਾਂ ਕੋਲ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੂਲਤ ਨਹੀਂ ਹੈ, ਉਹ ਆਨਲਾਈਨ ਸਿੱਖਿਆ ਪ੍ਰਾਪਤ ਕਰਨ ਵਿੱਚ ਅਸਮਰਥ ਹਨ। ਹਰ ਪਰਿਵਾਰ ਇੰਟਰਨੈੱਟ ਦਾ ਖ਼ਰਚਾ ਨਹੀਂ ਚੁੱਕ ਸਕਦਾ। ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਆਨਲਾਈਨ ਸਿੱਖਿਆ ਲਈ ਕਈ ਐਪ : ਆਨਲਾਈਨ ਸਿੱਖਿਆ ਲਈ ਕਈ ਲੋਕ-ਪ੍ਰਿਅ ਲਰਨਿੰਗ ਐਪ ਹਨ ਜਿਨ੍ਹਾਂ ਵਿੱਚ ਸੀ. ਬੀ. ਐੱਸ. ਈ. ਦੇ ਸਲੇਬਸ ਦੀਆਂ ਸਾਰੀਆਂ ਕਲਾਸਾਂ ਦੀ ਵਿਸ਼ਾ-ਸਮਗਰੀ ਮੌਜੂਦ ਹੈ। ਇਹਨਾਂ ਰਾਹੀਂ ਬੱਚੇ ਵੀਡੀਓ ਦੇਖ ਕੇ ਮੁਸ਼ਕਲ ਪਾਠ ਨੂੰ ਅਸਾਨੀ ਨਾਲ ਸਮਝ ਸਕਦੇ ਹਨ। ਆਨਲਾਈਨ ਸਿੱਖਿਆ ਪ੍ਰਨਾਲੀ ਨੂੰ ਦਿਲਚਸਪ ਬਣਾਉਣ ਲਈ ਹਰ ਅਧਿਆਪਕ ਬਿਹਤਰ ਟੂਲਜ਼ ਦੀ ਵਰਤੋਂ ਕਰਦਾ ਹੈ ਤਾਂ ਕਿ ਬੱਚਿਆਂ ਨੂੰ ਸਿੱਖਣ ਵਿੱਚ ਅਸਾਨੀ ਹੋਵੇ।

ਸਾਰਾਂਸ਼ : ਆਨਲਾਈਨ ਸਿੱਖਿਆ ਉਹਨਾਂ ਲੋਕਾਂ ਲਈ ਵਧੀਆ ਵਿਕਲਪ ਹੈ ਜੋ ਕੰਮ ਕਰਦੇ ਹੋਏ ਜਾਂ ਘਰ ਦੀ ਦੇਖ-ਭਾਲ ਕਰਨ ਦੇ ਨਾਲ਼-ਨਾਲ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ। ਉਹ ਆਪਣੀ ਸੌਖ ਅਨੁਸਾਰ ਆਨਲਾਈਨ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇਹ ਇੱਕ ਨਵੀਂ ਤਰ੍ਹਾਂ ਦੀ ਸਿੱਖਿਆ ਹੈ ਜੋ ਹਰ ਦੇਸ ਅਪਣਾ ਰਿਹਾ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਦਿਲ ਲਗਾ ਕੇ ਪੜ੍ਹਨ ਅਤੇ ਆਪਣਾ ਤੇ ਆਪਣੇ ਦੇਸ ਦਾ ਭਵਿਖ ਉੱਜਲ ਕਰਨ।