ਪ੍ਰਸੰਗ ਸਹਿਤ ਵਿਆਖਿਆ : ਕਿੱਸੇ ਦਾ ਆਰੰਭ
ਵਾਰਿਸ ਸ਼ਾਹ : ਕਿੱਸੇ ਦਾ ਆਰੰਭ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਇੱਕ ਤਖ਼ਤ ਹਜ਼ਾਰਿਓਂ ਗੱਲ ਕੀਚੇ,
ਜਿਥੇ ਰਾਂਝਿਆਂ ਰੰਗ ਮਚਾਇਆ ਈ ।
ਛੈਲ, ਗੱਭਰੂ, ਮਸਤ, ਅਲਬੇਲੜੇ ਨੀ,
ਸੁੰਦਰ ਇੱਕ ਥੀਂ ਇੱਕ ਸਵਾਇਆ ਈ ।
ਵਾਲੇ, ਕੋਕਲੇ, ਮੁੰਦਰੀ, ਮੰਝ ਲੁੰਙੀ,
ਨਵਾਂ ਠਾਠ ਤੇ ਠਾਠ ਚੜ੍ਹਾਇਆ ਈ ।
ਕਿਹੀ ਸਿਫ਼ਤ ਹਜ਼ਾਰੇ ਦੀ ਆਖ ਸੱਕਾਂ,
ਗੋਇਆ ਬਹਿਸ਼ਤ ਜ਼ਮੀਨ ‘ਤੇ ਆਇਆ ਈ ।
ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਕਿੱਸੇ ਦਾ ਆਰੰਭ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਰਾਂਝਿਆਂ ਦੇ ਪਿੰਡ ਤਖ਼ਤ ਹਜ਼ਾਰੇ ਦੀ ਅਤੇ ਉੱਥੇ ਵਸਦੇ ਗੱਭਰੂਆਂ ਦੀ ਸਿਫ਼ਤ ਗਾਈ ਹੈ।
ਵਿਆਖਿਆ : ਕਵੀ ਕਹਿੰਦਾ ਹੈ ਕਿ ਮੈਂ ਤਖ਼ਤ ਹਜ਼ਾਰੇ ਦੀ ਇਕ ਗੱਲ ਕਰਦਾ ਹਾਂ, ਜਿੱਥੇ ਵਸਦੇ ਰਾਂਝਿਆਂ ਨੇ ਬੜੀ ਰੌਣਕ ਲਾਈ ਹੋਈ ਹੈ। ਉੱਥੋਂ ਦੇ ਰਹਿਣ ਵਾਲੇ ਰਾਂਝੇ ਬੜੇ ਬਾਂਕੇ ਅਤੇ ਬੇਪਰਵਾਹ ਗੱਭਰੂ ਹਨ ਅਤੇ ਉਹ ਇਕ-ਦੂਜੇ ਤੋਂ ਵੱਧ ਕੇ ਸੁੰਦਰ ਹਨ। ਉਹ ਕੰਨਾਂ ਵਿੱਚ ਵਾਲੇ, ਕੋਕਲੇ ਤੇ ਉਂਗਲੀਆਂ ਵਿੱਚ ਮੁੰਦਰੀਆਂ ਪਹਿਨਦੇ ਹਨ ਅਤੇ ਲੱਕ ਨਾਲ ਧਾਰੀਦਾਰ ਤਹਿਮਤ ਬੰਨ੍ਹਦੇ ਹਨ। ਇਸ ਤਰ੍ਹਾਂ ਹਰ ਗੱਭਰੂ ਨੇ ਆਪਣੀ ਸ਼ੋਭਾ ਇਕ-ਦੂਜੇ ਤੋਂ ਵੱਧ ਕੇ ਨਵੀਨ ਤੇ ਪ੍ਰਭਾਵਸ਼ਾਲੀ ਬਣਾਈ ਹੋਈ ਹੈ। ਕਵੀ ਕਹਿੰਦਾ ਹੈ ਕਿ ਮੈਂ ਤਖ਼ਤ ਹਜ਼ਾਰੇ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ? ਮੈਨੂੰ ਜਾਪਦਾ ਹੈ ਕਿ ਇਹ ਤਾਂ ਅਸਮਾਨਾਂ ਤੋਂ ਬਹਿਸ਼ਤ ਧਰਤੀ ਉੱਤੇ ਆਣ ਲੱਥਾ ਹੈ।