ਲੇਖ : ਪੁਸਤਕਾਂ ਦੀ ਚੋਣ


ਨਿਬੰਧ : ਪੁਸਤਕਾਂ ਦੀ ਚੋਣ


ਛਾਪੇਖਾਨੇ ਦੀ ਕਾਢ ਤੋਂ ਪਹਿਲਾਂ ਪੁਸਤਕਾਂ ਟਾਂਵੀਆਂ-ਟਾਂਵੀਆਂ ਹੀ ਹੁੰਦੀਆਂ ਸਨ, ਜੋ ਹੱਥਾਂ ਨਾਲ ਲਿਖੀਆਂ ਜਾਂਦੀਆਂ ਸਨ। ਲੋਕ ਇਨ੍ਹਾਂ ਨੂੰ ਸੰਭਾਲ-ਸੰਭਾਲ ਕੇ ਰਖਦੇ ਤੇ ਇਨ੍ਹਾਂ ਦੀ ਪੂਜਾ ਕਰਦੇ ਸਨ, ਕਿਉਂ ਜੋ ਇਨ੍ਹਾਂ ਮਹਾਂਪੁਰਸ਼ਾਂ ਤੇ ਵਿਚਾਰਵਾਨਾਂ ਦੇ ਵਿਚਾਰ ਤੇ ਜੀਵਨ ਵਿਚ ਕੰਮ ਆਉਣ ਵਾਲਾ ਗਿਆਨ ਭਰਿਆ ਹੁੰਦਾ ਸੀ। ਉਸ ਵੇਲੇ ਪੁਸਤਕਾਂ ਦੇ ਪਾਠਕ ਵੀ ਘੱਟ ਹੀ ਸਨ ਅਤੇ ਜਿਹੜੇ ਸਨ, ਉਨ੍ਹਾਂ ਨੂੰ ਵੀ ਕਦੀ ਕਦਾਈਂ ਕੋਈ ਪੁਸਤਕ ਪੜ੍ਹਨ ਨੂੰ ਮਿਲਦੀ ਸੀ। ਪਰ ਅੱਜ ਕਲ੍ਹ ਤਾਂ ਢੇਰਾਂ ਦੇ ਢੇਰ ਪੁਸਤਕਾਂ ਛਪ ਰਹੀਆਂ ਹਨ। ਸਾਰੀਆਂ ਪੁਸਤਕਾਂ ਕੋਈ ਵੀ ਨਹੀਂ ਪੜ੍ਹ ਸਕਦਾ, ਇਸ ਲਈ ਸਮੱਸਿਆ ਇਹ ਬਣ ਗਈ ਹੈ ਕਿ ਕਿਹੜੀ ਪੁਸਤਕ ਪੜ੍ਹੀ ਜਾਏ ਤੇ ਕਿਹੜੀ ਨਾ। ਬਹੁਤ ਪਾਠਕ ਪੁਸਤਕਾਂ ਦੀ ਚੋਣ ਕਰਨ ਦੇ ਅਸਮਰਥ ਹਨ ਤੇ ਜੋ ਕੁਝ ਹੱਥ ਲਗਦਾ ਹੈ, ਪੜ੍ਹਨ ਬਹਿ ਜਾਂਦੇ ਹਨ। ਸਾਡੇ ਬਹੁਤੇ ਨੌਜਵਾਨ ਫਿਲਮੀ ਰਸਾਲਿਆਂ, ਲੱਚਰ ਕਿਸਮ ਦੇ ਸਾਹਿਤ ਜਾਂ ਸਾਧਾਰਨ ਮਨ-ਪਰਚਾਵੇ ਦੀਆਂ ਰਚਨਾਵਾਂ, ਜਿਹਾ ਕਿ ਜਾਸੂਸੀ ਨਾਵਲਾਂ ਆਦਿ ਤੋਂ ਅੱਗੇ ਨਹੀਂ ਲੰਘਦੇ।

ਹੁਣ ਸਵਾਲ ਇਹ ਹੈ ਕਿਸ ਕਿਸਮ ਦੀਆਂ ਪੁਸਤਕਾਂ ਦੀ ਚੋਣ ਕੀਤੀ ਜਾਏ। ਕਿਉਂਕਿ ਉਮਰ ਤੇ ਰੁਚੀ ਦੇ ਅਨੁਸਾਰ ਵੱਖ-ਵੱਖ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੁੰਦੀ ਹੈ, ਇਸ ਲਈ ਪਹਿਲਾਂ ਇਹ ਸਮਝਣਾ ਠੀਕ ਰਹੇਗਾ ਕਿ ਕਿਹੜੀਆਂ ਪੁਸਤਕਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਅੱਜ ਕਲ੍ਹ ਚੰਗੀਆਂ ਨਾਲੋਂ ਘਟੀਆ ਤੇ ਹਾਨੀਕਾਰਕ ਪੁਸਤਕਾਂ ਵਧੇਰੇ ਛਪਦੀਆਂ ਹਨ। ਇਨ੍ਹਾਂ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਦਾ ਮੰਤਵ ਪਾਠਕਾਂ ਨੂੰ ਫਾਇਦਾ ਪਹੁੰਚਾਣਾ ਜਾਂ ਉਨ੍ਹਾਂ ਦਾ ਭਲਾ ਸੋਚਣਾ ਨਹੀਂ, ਸਗੋਂ ਟਕੇ ਬਟੋਰਨਾ ਹੁੰਦਾ ਹੈ। ਦਿਲਖਿਚਵੀਂ ਇਸ਼ਤਿਹਾਰਬਾਜ਼ੀ ਨਾਲ ਉਹ ਸੁਹਣੇ ਨਾਵਾਂ ਹੇਠ ਰੱਦੀ ਮਾਲ ਵੇਚਦੇ ਹਨ। ਉਹ ਪੁਸਤਕਾਂ ਅਜਿਹੀਆਂ ਹੁੰਦੀਆਂ ਹਨ ਕਿ ਉਹ ਪਾਠਕਾਂ ਦਾ ਆਚਰਨ ਵਿਗਾੜਨ ਵਾਲੀਆਂ ਅਤੇ ਉਨ੍ਹਾਂ ਨੂੰ ਬੁਰੀਆਂ ਆਦਤਾਂ ਸਿਖਾਉਂਣ ਵਾਲੀਆਂ ਹੁੰਦੀਆਂ ਹਨ। ਚੰਗੀ ਪੁਸਤਕ ‘ਇਕ ਚੰਗਾ ਸਾਥੀ ਤੇ ਮਿੱਤਰ ਹੁੰਦੀ ਹੈ,’ਪਰ ਬੁਰੇ ਮਿੱਤਰਾਂ ਵਾਂਙ ਗੰਦੀਆਂ ਪੁਸਤਕਾਂ ਦੀ ਸੰਗਤ ਮਨੁੱਖ ਦਾ ਸਤਿਆਨਾਸ ਕਰ ਦਿੰਦੀ ਹੈ। ਚੰਗੀਆਂ ਕਿਤਾਬਾਂ ਵਿਹਲਾ ਸਮਾਂ ਗੁਜ਼ਾਰਨ, ਇਕੱਲ ਦੀਆਂ ਘੜੀਆਂ ਨੂੰ ਸੁਹਾਉਣਾ ਬਨਾਉਣ ਤੇ ਜੀਅ-ਪਰਚਾਵੇ ਦਾ ਵਧੀਆ ਸਾਧਨ ਹਨ। ਪਰ ਲੱਚਰ ਕਿਤਾਬਾਂ ਸਮੇਂ ਨੂੰ ਕਤਲ ਕਰਦੀਆਂ ਤੇ ਸਿਰ-ਪੀੜ ਲਾ ਦਿੰਦੀਆਂ ਹਨ। ਇਹ ਪੁਸਤਕਾਂ ਮਿੱਠਾ ਜ਼ਹਿਰ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਭੁੱਲ ਕੇ ਵੀ ਹੱਥ ਨਹੀਂ ਲਗਾਉਣਾ ਚਾਹੀਦਾ।

ਹੁਣ ਸਵਾਲ ਹੈ ਚੰਗੀਆਂ ਪੁਸਤਕਾਂ ਦੀ ਚੋਣ ਦਾ। ਇਕ ਚੰਗੀ ਪੁਸਤਕ ਦੀ ਚੋਣ ਦਾ। ਇਕ ਚੰਗੀ ਪੁਸਤਕ ਦੀ ਪਛਾਣ ਇਹ ਹੈ ਕਿ ਜਦੋਂ ਪੜ੍ਹਨੀ ਸ਼ੁਰੂ ਕੀਤੀ ਜਾਏ, ਦਿਲ ਵਿਚ ਉਤਸ਼ਾਹ ਤੇ ਹੁਲਾਸ ਪੈਦਾ ਹੋਵੇ। ਉਸ ਨੂੰ ਪੜ੍ਹਦਿਆਂ ਇਕ ਟਿਕਾਓ ਵਿਚ ਆ ਜਾਈਏ ਤੇ ਜਦ ਉਹ ਪੁਸਤਕ ਮੁੱਕੇ, ਤਾਂ ਇਉਂ ਮਹਿਸੂਸ ਹੋਵੇ ਕਿ ਅਸੀਂ ਕੋਈ ਖੱਟੀ ਖੱਟ ਕੇ ਹਟੇ ਹਾਂ। ਸਾਡਾ ਮਨ ਭਰਿਆ-ਭਰਿਆਂ ਲਗੇ ਤੇ ਸਾਡਾ ਦਿਮਾਗ਼ ਤਾਜ਼ਗੀ ਮਹਿਸੂਸ ਕਰੇ। ਸਾਡੀ ਸੋਚ ਨੂੰ ਖੰਭ ਲਗ ਜਾਣ ਤੇ ਸਾਡੀ ਸ਼ਖਸੀਅਤ ਦੀ ਨੁਹਾਰ ਵਿਚ ਇਕ ਜਲਾਲ, ਇਕ ਸੁੰਦਰਤਾ ਜਾਗ ਉਠੇ।

ਜਿਵੇਂ ਉਪਰ ਦੱਸਿਆ ਹੈ, ਵੱਖ-ਵੱਖ ਉਮਰ ਦੇ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਦੀ ਲੋੜ ਹੈ। ਛੋਟੇ ਬਾਲ ਪਰੀ-ਕਹਾਣੀਆਂ, ਲੋਕ ਕਥਾਵਾਂ ਤੇ ਪਸ਼ੂਆਂ ਦੀਆਂ ਕਹਾਣੀਆਂ ਪੜ੍ਹ ਕੇ ਨਿਰਾ ਆਨੰਦ ਹੀ ਨਹੀਂ ਮਾਣਦੇ, ਸਗੋਂ ਇਨ੍ਹਾਂ ਦੇ ਪੜ੍ਹਨ ਨਾਲ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ : ਅਤੇ ਉਨ੍ਹਾਂ ਦੀ ਕਲਪਣਾ ਸ਼ਕਤੀ, ਗਿਆਨ ਤੇ ਸੂਝ-ਬੂਝ ਦਾ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਨੂੰ ਬਹੁਤਾ ਸਮਾਂ ਆਪਣੀ ਪੜ੍ਹਾਈ ਦੇ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ ਪੜ੍ਹਨ ਉਤੇ ਲਾਉਣਾ ਚਾਹੀਦਾ ਹੈ। ਅਜਿਹੀਆਂ ਪੁਸਤਕਾਂ ਕਈ ਵਾਰ ਫਿੱਕੀਆਂ ਤੇ ਰਸਹੀਣ ਵੀ ਜਾਪਦੀਆਂ ਹਨ ਤੇ ਇਨ੍ਹਾਂ ਨੂੰ ਪੜ੍ਹਨ ਤੇ ਜੀਅ ਨਹੀਂ ਕਰਦਾ। ਪਰ ਜੀਵਨ ਵਿਚ ਸਫਲਤਾ ਤੇ ਸਾਰਥਕਤਾ ਲਈ ਇਨ੍ਹਾਂ ਦਾ ਪੜ੍ਹਨਾ ਜ਼ਰੂਰੀ ਤੇ ਉਪਯੋਗੀ ਹੁੰਦਾ ਹੈ, ਇਸ ਲਈ ਮਨ ਮਾਰ ਕੇ ਵੀ ਪੜ੍ਹਨੀਆਂ ਚਾਹੀਦੀਆਂ ਹਨ।

ਪਰ ਵਿਦਿਆਰਥੀਆਂ ਤੇ ਵਿੱਦਿਆ ਪੂਰੀ ਕਰ ਚੁੱਕੇ ਨੌਜਵਾਨਾਂ ਲਈ ਆਪਣੇ ਸਕੂਲੀ ਤੇ ਕਾਲਜੀ ਵਿਸ਼ਿਆਂ ਤੋਂ ਛੁਟ ਸਾਹਿਤਿਕ ਪੁਸਤਕਾਂ-ਨਾਵਲ, ਨਾਟਕ, ਕਹਾਣੀ ਆਦਿ ਦੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਕਾਲਜ ਦੇ ਕੋਰਸਾਂ ਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਡਾਕਟਰ, ਇੰਜੀਨੀਅਰ, ਵਿਗਿਆਨੀ ਤੇ ਅਧਿਆਪਕ ਜਾਂ ਹੋਰ ਕਿਸੇ ਕਿੱਤੇ ਵਿਚ ਮਾਹਿਰ ਬਣ ਕੇ ਰੋਜ਼ੀ ਤਾਂ ਕਮਾ ਸਕਦੇ ਹਾਂ, ਪਰ ਸਾਡੇ ਸੁਹਜ- ਸੁਆਦ ਦੀ ਤ੍ਰਿਪਤੀ ਸਾਹਿਤਿਕ ਪੁਸਤਕਾਂ ਵਿੱਚੋਂ ਹੀ ਹੁੰਦੀ ਹੈ। ਇਨ੍ਹਾਂ ਦੇ ਪੜ੍ਹਨ ਨਾਲ ਸਾਡੀ ਸਮਾਜਕ ਸੂਝ-ਬੂਝ ਵਿਚ ਵਾਧਾ ਹੁੰਦਾ ਹੈ ਤੇ ਸਾਡੀ ਸਭਿਆਚਾਰਕ ਅਮੀਰੀ ਵਧਦੀ ਹੈ। ਇਹ ਪੁਸਤਕਾਂ ਹੀ ਵਿਹਲੇ ਸਮੇਂ ਨੂੰ ਸਫਲਤਾਪੂਰਵਕ ਗੁਜ਼ਾਰਨ ਤੇ ਜੀਅ-ਪਰਚਾਵੇ ਦਾ ਵਧੀਆ ਤੇ ਨਰੋਆ ਸਾਧਨ ਹਨ। ਇਨ੍ਹਾਂ ਦੇ ਪੜ੍ਹਨ ਨਾਲ ਜੀਵਨ ਵਿਚ ਖੁਸ਼ੀ, ਖੇੜਾ ਤੇ ਮਿਠਾਸ ਪੈਦਾ ਹੁੰਦੀ ਹੈ।

ਵਿਦਿਆ ਪ੍ਰਾਪਤੀ ਤੋਂ ਬਾਅਦ ਵੀ ਮਨੁੱਖ ਨੂੰ ਆਪੋ-ਆਪਣੇ ਹੁਨਰ ਤੇ ਕਿੱਤੇ ਦੀਆਂ ਪੁਸਤਕਾਂ ਪੜ੍ਹਦੇ ਰਹਿਣਾ ਚਾਹੀਦਾ ਹੈ। ਅੱਜ ਕਲ੍ਹ ਹਰੇਕ ਖੇਤਰ ਵਿਚ ਨਵੀਆਂ-ਨਵੀਆਂ ਕਾਢਾਂ ਨਿਕਲਦੀਆਂ ਤੇ ਖੋਜਾਂ ਹੁੰਦੀਆਂ ਹਨ। ਸੋ, ਹਰੇਕ ਵਿਸ਼ੇ ਉਤੇ ਨਵੀਆਂ ਛਪੀਆਂ ਪੁਸਤਕਾਂ ਪੜ੍ਹਨ ਨਾਲ ਪਾਠਕ ਦੇ ਗਿਆਨ ਤੇ ਹੁਨਰ ਵਿਚ ਵਾਧਾ ਹੋਵੇਗਾ ਤੇ ਉਹ ਆਰਥਿਕ ਤੌਰ ਤੇ ਉੱਨਤ ਹੋਵੇਗਾ। ਇਸੇ ਮੰਤਵ ਦੀ ਪ੍ਰਾਪਤੀ ਲਈ ਇਸਤਰੀਆਂ ਨੂੰ ਗ੍ਰਹਿ ਵਿਗਿਆਨ, ਰਸੋਈ ਸਿੱਖਿਆ, ਸਿਲਾਈ, ਕਢਾਈ, ਉਣਾਈ ਤੇ ਬੱਚਿਆਂ ਦੀ ਸਿੱਖਿਆ ਤੇ ਸੰਭਾਲ ਬਾਰੇ ਪੁਸਤਕਾਂ ਪੜ੍ਹਨ ਦੀ ਲੋੜ ਹੈ।

ਚੰਗੇ ਤੇ ਸਿਆਣੇ ਪਾਠਕ ਲਗਦੀ ਵਾਹ ਕੇਵਲ ਪ੍ਰਸਿੱਧ ਲਿਖਾਰੀਆਂ ਦੀਆ ਪੁਸਤਕਾਂ ਪੜ੍ਹਦੇ ਹਨ। ਚੋਣ ਕਰਨ ਲਗਿਆਂ ਉਨ੍ਹਾਂ ਨੂੰ ਆਪਣੇ ਅਧਿਆਪਕਾਂ ਤੇ ਵਿਦਵਾਨ ਮਿੱਤਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਰਸਾਲਿਆਂ ਤੇ ਅਖਬਾਰਾਂ ਵਿਚ ਨਵੀਆਂ ਪੁਸਤਕਾਂ ਦੇ ਰੀਵੀਊ ਛਪਦੇ ਰਹਿੰਦੇ ਹਨ। ਪਾਠਕ ਉਨ੍ਹਾਂ ਤੋਂ ਵੀ ਸਹਾਇਤਾ ਲੈ ਸਕਦੇ ਹਨ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਰੁਚੀ ਦਸ ਕੇ ਆਪਣੇ ਲਾਇਬ੍ਰੇਰੀਅਨ ਤੋਂ ਚੰਗੀਆਂ ਪੁਸਤਕਾਂ ਬਾਰੇ ਰਾਇ ਲਿਆ ਕਰਨ ਜਾਂ ਆਪਣੇ ਵਿਸ਼ੇ ਨਾਲ ਸੰਬੰਧਿਤ ਪ੍ਰੋਫੈਸਰ ਤੋਂ ਸਲਾਹ ਲੈਣ। ਹਰੇਕ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਲਿਖੇ ਸਾਹਿੱਤ ਨੂੰ ਹੀ ਚੰਗੀ ਤਰ੍ਹਾਂ ਸਮਝ ਤੇ ਮਾਣ ਸਕਦਾ ਹੈ, ਇਸ ਲਈ ਵਿਸ਼ੇਸ਼ ਕਰਕੇ ਪ੍ਰੀ-ਯੂਨੀਵਰਸਿਟੀ ਤਕ ਦੇ
ਵਿਦਿਆਰਥੀਆਂ ਨੂੰ ਨਾਵਲ, ਨਾਟਕ ਤੇ ਵਾਰਤਕ ਆਦਿ ਦੀਆਂ ਪੰਜਾਬੀ ਵਿਚ ਲਿਖੀਆਂ ਪੁਸਤਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਪੰਜਾਬੀ ਵਿਚ ਇਸ ਵੇਲੇ ਸੈਂਕੜੇ ਚੰਗੇ ਤੇ ਵਿਚਾਰਵਾਨ ਲੇਖਕ ਹਨ ਜਿਵੇਂ ਕਿ ਕਵਿਤਾ ਵਿਚ ਭਾਈ ਵੀਰ ਸਿੰਘ, ਧਨੀ ਰਾਮ ‘ਚਾਤ੍ਰਿਕ’, ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ‘ਸਫ਼ੀਰ’, ਸ਼ਿਵ ਕੁਮਾਰ ਬਟਾਲਵੀ, ਬਾਵਾ ਬਲਵੰਤ ਆਦਿ। ਇਸੇ ਤਰ੍ਹਾਂ ਨਾਵਲਕਾਰਾਂ ਵਿਚ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਨਰਿੰਦਰ ਪਾਲ ਸਿੰਘ, ਕੇਸਰ ਸਿੰਘ, ਗੁਰਦਿਆਲ ਸਿੰਘ ਆਦਿ ਵਧੇਰੇ ਪ੍ਰਸਿੱਧ ਹਨ। ਈਸ਼ਵਰ ਚੰਦਰ ਲਦਾ, ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ ਤੇ ਫੁੱਲ ਆਦਿ ਨੇ ਨਾਟਕ ਤੇ ਇਕਾਂਗੀ ਦੇ ਖੇਤਰ ਵਿਚ ਬੜਾ ਨਾਮਨਾ ਖੱਟਿਆ ਹੈ : ਅਤੇ ਸੁਜਾਨ ਸਿੰਘ, ਦੁੱਗਲ, ਕੁਲਵੰਤ ਸਿੰਘ, ਵਿਰਕ, ਨਵਤੇਜ ਸਿੰਘ, ਹਰੀ ਸਿੰਘ ਦਿਲਬਰ, ਗੁਲਜ਼ਾਰ ਸਿੰਘ ‘ਸੰਧੂ’, ਜਸਵੰਤ ਸਿੰਘ ਵਿਰਦੀ ਆਦਿ ਸਾਡੇ ਪ੍ਰਮੁੱਖ ਕਹਾਣੀਕਾਰ ਹਨ। ਪਰ ਇਨ੍ਹਾਂ ਤੋਂ ਛੁੱਟ ਹੋਰ ਸੈਂਕੜੇ ਪੁਰਾਣੇ ਤੇ ਨਵੇਂ ਸਾਹਿਤਕਾਰ ਅਜਿਹੇ ਹਨ, ਜਿਨ੍ਹਾਂ ਦੀਆਂ ਰਚਨਾਵਾਂ ਸਾਡੇ ਸੁਹਜ-ਸੁਆਦ ਨੂੰ ਪ੍ਰਫੁੱਲਿਤ ਤੇ ਸਮਾਜਕ ਚੇਤੰਨਤਾ ਦਾ ਵਿਕਾਸ ਕਰਦੀਆਂ ਹਨ।