ਪਾਤਰ ਚਿਤਰਨ : ਅਸ਼ਕ
ਇਕ ਹੋਰ ਨਵਾਂ ਸਾਲ : ਅਸ਼ਕ
ਪ੍ਰਸ਼ਨ. ਅਸ਼ਕ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਅਸ਼ਕ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਪਰਵੇਜ਼ ਉਸ ਦਾ ਸਾਥੀ ਹੈ। ਉਹ ਦੋਵੇਂ ਉਰਦੂ ਦੇ ਸ਼ਾਇਰ ਹਨ ਅਤੇ ਉਹ ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿਖੇ ਰਣਜੀਤ ਸਿੰਘ ਹਾਲ ਵਿਚ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦੇ ਕਵੀ ਦਰਵਾਰ ਵਿਚ ਹਿੱਸਾ ਲੈਣ ਆਏ ਹਨ। ਦੋਹਾਂ ਨੇ ਖੁੱਲ੍ਹੇ ਕੁੜਤੇ-ਪਜਾਮੇ ਪਾਏ ਹੋਏ ਹਨ। ਇਨ੍ਹਾਂ ਕੱਪੜਿਆਂ ਉੱਪਰ ਉਨ੍ਹਾਂ ਵਾਸਕਟਾਂ ਪਾਈਆਂ ਹੋਈਆਂ ਹਨ। ਦੋਹਾਂ ਦੇ ਲੰਮੇ-ਲੰਮੇ ਵਾਲ ਹਨ ਤੇ ਹੱਥਾਂ ਵਿਚ ਬੈਗ ਫੜੇ ਹੋਏ ਹਨ। ਦੋਵੇ ਪਾਨ ਚਬਾ ਰਹੇ ਹਨ, ਪਰੰਤੂ ਅਸ਼ਕ ਪਰਵੇਜ਼ ਵਾਂਗ ਸਿਗਰਟ ਨਹੀਂ ਪੀ ਰਿਹਾ। ਉਂਞ ਦੋਵੇਂ ਲੜਖੜਾ ਰਹੇ ਹਨ।
ਇਕ ਪ੍ਰਭਾਵਸ਼ਾਲੀ ਸ਼ਾਇਰ : ਪਰਵੇਜ਼ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਾ ਹੋਇਆ ਕਹਿੰਦਾ ਹੈ,
”…….. ਉਂਞ ਜੋ ਗੱਲ ਤੁਹਾਡੇ ਕਲਾਮ ਵਿਚ ਹੈ, ਉਹ ਬਹੁਤ ਘੱਟ ਸ਼ਾਇਰਾਂ ਨੂੰ ਨਸੀਬ ਹੋਈ ਹੈ।”
ਗਜ਼ਲ-ਕਾਰ : ਪਰਵੇਜ਼ ਦੇ ਪੁੱਛਣ ਤੇ ਉਹ ਦੱਸਦਾ ਹੈ ਉਸ ਨੇ ਕਦੀ ਕਿਸੇ ਮਜ਼ਦੂਰ ਉੱਤੇ ਕਵਿਤਾ ਨਹੀਂ ਲਿਖੀ ਤੇ ਉਹ ਹਮੇਸ਼ਾਂ ਗਜ਼ਲ ਹੀ ਲਿਖਦਾ ਹੈ।
ਕਾਵਿਮਈ ਗੱਲਾਂ ਕਰਨ ਵਾਲਾ : ਜਦੋਂ ਉਹ ਬੰਤੇ ਨੂੰ ਕਹਿੰਦਾ ਹੈ ਕਿ ਅੱਜ ਰਾਤ ਉਹ ਉਸ ਬਾਰੇ ਇਕ ਜ਼ੋਰਦਾਰ ਕਵਿਤਾ ਲਿਖੇਗਾ, ਤਾਂ ਬੰਤਾ ਪੁੱਛਦਾ ਹੈ ਕਿ ਕੀ ਕਵਿਤਾ ਲਿਖ ਕੇ ਉਸ ਦੇ ਪੇਟ ਦੀ ਭੁੱਖ ਮਿਟ ਜਾਂਦੀ ਹੈ, ਤਾਂ ਇਹ ਉੱਤਰ ਦਿੰਦਾ ਹੈ, ”ਮਿਟਦੀ ਤਾਂ ਨਹੀਂ, ਪਰ ਟਲ ਜ਼ਰੂਰ ਜਾਂਦੀ ਹੈ।”
ਪੈਸੇ ਲੈਣ ਲਈ ਕਵਿਤਾ ਲਿਖਣ ਵਾਲਾ : ਉਹ ਪਰਵੇਜ਼ ਵਾਂਗ ਹੀ ਪੈਸੇ ਲੈਣ ਖ਼ਾਤਰ ਮੁਸ਼ਾਇਰੇ ਵਿਚ ਕਵਿਤਾ ਬੋਲਣ ਲਈ ਆਇਆ ਹੈ। ਉਸ ਨੂੰ ਆਸ ਹੈ ਕਿ ਮੁਸ਼ਾਇਰੇ ਪਿੱਛੋਂ ਪਰਵੇਜ਼ ਦੇ ਨਾਲ ਹੀ ਉਸ ਨੂੰ ਵੀਹ-ਪੰਝੀ ਤੋਂ ਵੱਧ ਰੁਪਏ ਮਿਲ ਜਾਣਗੇ।
ਸਿਹਤ ਦੀ ਖ਼ਰਾਬੀ : ਉਸ ਦੀ ਸਿਹਤ ਵਿਚ ਕੁੱਝ ਖ਼ਰਾਬੀ ਹੈ। ਉਹ ਆਪ ਕਹਿੰਦਾ ਹੈ, ”ਕੁਝ ਸਿਹਤ ਇਜਾਜ਼ਤ ਨਹੀਂ ਦਿੰਦੀ, ਕੁੱਝ ਵਿਹਲ ਨਹੀਂ ਮਿਲਦਾ।”
ਸੰਪਾਦਕ : ਉਹ ‘ਦਿਲਗੀਰ’ ਪਰਚੇ ਦਾ ਸੰਪਾਦਕ ਹੈ ਅਤੇ ਉਸ ਦਾ ਪੱਧਰ ਉੱਚਾ ਰੱਖਣ ਲਈ ਮਿਹਨਤ ਕਰਦਾ ਹੈ।
ਉਰਦੂ ਦੇ ਖ਼ਤਮ ਹੋਣ ਦਾ ਝੋਰਾ : ਉਸ ਨੂੰ ਉਰਦੂ ਜਿਹੀ ਸ਼ਾਹੀ ਜ਼ਬਾਨ ਦੇ ਹੌਲੀ-ਹੌਲੀ ਖ਼ਤਮ ਹੋਣ ਦਾ ਝੋਰਾ ਹੈ।