CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਰਸਮ ਰਿਵਾਜ : 25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਰਸਮ-ਰਿਵਾਜ’ ਤੋਂ ਕੀ ਭਾਵ ਹੈ?

ਉੱਤਰ : ‘ਰਸਮ-ਰਿਵਾਜ’ ਤੋਂ ਭਾਵ ਸਾਡੇ ਉਹਨਾਂ ਵਿਸ਼ਵਾਸਾਂ ਤੋਂ ਹੈ ਜਿਨ੍ਹਾਂ ਨੂੰ ਅਸੀਂ ਜਨਮ, ਵਿਆਹ ਅਤੇ ਮੌਤ ਵਰਗੇ ਮੌਕਿਆਂ ‘ਤੇ ਨਿਭਾਉਂਦੇ ਹਾਂ। ਵਾਰ-ਵਾਰ ਨਿਭਾਈ ਜਾਣ ਵਾਲ਼ੀ ਰਸਮ ਹੀ ਰਿਵਾਜ ਬਣ ਜਾਂਦੀ ਹੈ। ਰਸਮ-ਰਿਵਾਜ ਸਾਡੀਆਂ ਇੱਛਾਵਾਂ, ਸੱਧਰਾਂ, ਜਜ਼ਬਿਆਂ ਅਤੇ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ। ਇਹ ਸਾਡੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ।

ਪ੍ਰਸ਼ਨ 2. ਰਸਮ-ਰਿਵਾਜਾਂ ਦੇ ਮਹੱਤਵ ਬਾਰੇ ਜਾਣਕਾਰੀ ਦਿਓ।

ਉੱਤਰ : ਮਨੁੱਖੀ ਜੀਵਨ ਵਿੱਚ ਰਸਮ-ਰਿਵਾਜਾਂ ਦਾ ਵਿਸ਼ੇਸ਼ ਮਹੱਤਵ ਹੈ। ਇਹਨਾਂ ਰਸਮ-ਰਿਵਾਜਾਂ ਤੋਂ ਸਾਡੇ ਵਿਸ਼ਵਾਸਾਂ, ਸਮਾਜਿਕ ਸੰਸਕਾਰਾਂ, ਭਾਈਚਾਰਕ ਸਾਂਝ ਅਤੇ ਸੱਭਿਆਚਾਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਰਸਮ-ਰਿਵਾਜਾਂ ਤੋਂ ਜੀਵਨ ਦੇ ਵਿਭਿੰਨ ਪੱਖਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ 3. ਪੰਜਾਬ ਦੇ ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕਿਹੜੇ ਕਾਰਨ ਸਨ?

ਉੱਤਰ : ਪੰਜਾਬ ਦੇ ਬਹੁਤੇ ਰਸਮ-ਰਿਵਾਜਾਂ ਦਾ ਅਰੰਭ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਕਰਕੇ ਹੋਇਆ। ਕੁਝ ਰਸਮ-ਰਿਵਾਜ ਜਾਂ ਸੰਸਕਾਰ ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਉਪਜੇ ਸਿੱਧ ਹੁੰਦੇ ਹਨ। ਮਨੂ ਅਨੁਸਾਰ ਮਨੁੱਖੀ ਜੀਵਨ ਨੂੰ ਜਿਨ੍ਹਾਂ ਚਾਰ ਭਾਗਾਂ ਵਿੱਚ ਵੰਡਿਆ ਗਿਆ, ਉਹਨਾਂ ਨਾਲ ਵੀ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ।

ਪ੍ਰਸ਼ਨ 4. ਪੰਜਾਬ ਦੇ ਬਹੁਤੇ ਸੰਸਕਾਰ ਕਿਨ੍ਹਾਂ ਰਾਹੀਂ ਨੇਪਰੇ ਚੜ੍ਹ ਜਾਂਦੇ ਹਨ ਅਤੇ ਕਿਉਂ?

ਉੱਤਰ : ਪੰਜਾਬ ਦੇ ਬਹੁਤੇ ਸੰਸਕਾਰ/ਰਸਮ-ਰਿਵਾਜ ਅੱਗ, ਪਾਣੀ, ਲੋਹੇ, ਅਨਾਜ ਅਤੇ ਦਰਖ਼ਤਾਂ ਦੀਆਂ ਟਾਹਣੀਆਂ ਦੇ ਮਾਧਿਅਮ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਸਨ। ਜਿੱਥੇ ਅੱਗ ਚਾਨਣ ਦਾ ਚਿੰਨ੍ਹ ਹੈ ਉੱਥੇ ਪਾਣੀ ਸ਼ੁੱਧਤਾ ਦਾ, ਲੋਹਾ ਬਚਾਅ ਦਾ, ਅਨਾਜ ਚੜ੍ਹਾਵੇ ਦਾ ਅਤੇ ਦਰਖ਼ਤ ਦੀ ਟਾਹਣੀ ਜਾਂ ਹਰੇ ਘਾਹ (ਦੱਭ) ਨੂੰ ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ।

ਪ੍ਰਸ਼ਨ 5. ਪਹਿਲੇ ਬੱਚੇ ਦੇ ਜਨਮ ’ਤੇ ਕੁੜੀ ਨੂੰ ਉਸ ਦੇ ਪੇਕੇ ਕਿਉਂ ਭੇਜ ਦਿੱਤਾ ਜਾਂਦਾ ਸੀ?

ਉੱਤਰ : ਪੰਜਾਬ ਵਿੱਚ ਆਮ ਤੌਰ ‘ਤੇ ਪਹਿਲੇ ਬੱਚੇ ਦੇ ਜਨਮ ‘ਤੇ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਜਾਂਦਾ ਸੀ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਸੀ ਕਿ ਕੁੜੀ ਦੀ ਮਾਂ ਉਸ ਦੀਆਂ ਸਰੀਰਿਕ ਲੋੜਾਂ ਨੂੰ ਸਹੁਰੇ ਘਰ ਨਾਲੋਂ ਜ਼ਿਆਦਾ ਜਾਣਦੀ ਹੈ। ਇਸੇ ਲਈ ਪਹਿਲੇ ਬੱਚੇ ਦਾ ਜਨਮ ਆਮ ਤੌਰ ‘ਤੇ ਉਸ ਦੇ ਨਾਨਕੇ ਘਰ ਹੁੰਦਾ ਹੈ।

ਪ੍ਰਸ਼ਨ 6. ਬੱਚੇ ਦੇ ਜਨਮ ਤੋਂ ਬਾਅਦ ਕਿੰਨੇ ਦਿਨ ਤੱਕ ਦੀਵਾ ਜਗਦਾ ਰਹਿੰਦਾ ਸੀ?

ਉੱਤਰ : ਬੱਚੇ ਦੇ ਜਨਮ ਤੋਂ ਬਾਅਦ ਬੱਚੇ ਅਤੇ ਉਸ ਦੀ ਮਾਂ (ਜੱਚਾ) ਨੂੰ ਧੂਫ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਲ ਕੇ ਰੱਖਦੇ ਸਨ। ਇਹ ਦੀਵਾ ਦਸ ਦਿਨਾਂ ਤੱਕ ਲਗਾਤਾਰ ਜਗਦਾ ਰਹਿੰਦਾ ਸੀ।

ਪ੍ਰਸ਼ਨ 7. ਗੁੜ੍ਹਤੀ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਬੱਚੇ ਦੇ ਜਨਮ ਤੋਂ ਇਕਦਮ ਬਾਅਦ ਉਸ ਦੇ ਮੂੰਹ ਨੂੰ ਕੋਈ ਚੀਜ਼ (ਗੁੜ, ਸ਼ਹਿਦ ਜਾਂ ਦੁੱਧ ਆਦਿ) ਲਾਈ ਜਾਂ ਚਟਾਈ ਜਾਂਦੀ ਸੀ। ਇਸ ਨੂੰ ‘ਗੁੜ੍ਹਤੀ ਦੇਣ’ ਦੀ ਰਸਮ ਕਹਿੰਦੇ ਸਨ। ਗੁੜ੍ਹਤੀ ਲਈ ਮਿਸ਼ਰੀ ਦੀ ਡਲੀ ਜਾਂ ਭੇਡ/ਬੱਕਰੀ ਦੇ ਦੁੱਧ ਦੀ ਵਰਤੋਂ ਹੁੰਦੀ ਸੀ। ਇਹ ਰਸਮ ਕੁਝ ਬਦਲੇ ਹੋਏ ਰੂਪ ਵਿੱਚ ਅਜੇ ਤੱਕ ਪ੍ਰਚਲਿਤ ਹੈ।

ਪ੍ਰਸ਼ਨ 8. ‘ਪੰਜਵੀਂ ਨ੍ਹਾਉਣ’ ਦੀ ਰੀਤ ਬਾਰੇ ਜਾਣਕਾਰੀ ਦਿਓ।

ਉੱਤਰ : ਜਣੇਪੇ ਤੋਂ ਪੰਜਵੇਂ ਦਿਨ ਮਾਂ ਪਾਣੀ ਵਿੱਚ ਸੇਂਜੀ, ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀ ਸੀ। ‘ਪੰਜਵੀਂ ਨ੍ਹਾਉਣ’ ਦੀ ਇਹ ਰਸਮ ਦਾਈ ਕਰਵਾਉਂਦੀ ਸੀ। ਨ੍ਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਹੇਠ ਕੁਝ ਨਕਦੀ ਰਖਵਾ ਲੈਂਦੀ ਸੀ ਜੋ ਬਾਅਦ ਵਿੱਚ ਉਸ ਨੂੰ (ਦਾਈ ਨੂੰ) ਹੀ ਦੇ ਦਿੱਤੀ ਜਾਂਦੀ ਸੀ।

ਪ੍ਰਸ਼ਨ 9. ਛਟੀ ਦੀ ਰਸਮ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਜਣੇਪੇ ਤੋਂ ਛੇਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਉਂਦੇ ਸਨ। ਪੰਜਾਬ ਵਿੱਚ ਇਸ ਰੀਤ ਨੂੰ ਛਟੀ ਕਿਹਾ ਜਾਂਦਾ ਸੀ। ਇਸ ਵੇਲੇ ਮਾਂ ਤਾਣਦੀਆ ਰੱਜ ਕੇ ਖਾਂਦੀ ਸੀ ਕਿਉਂਕਿ ਇਹ ਵਿਸ਼ਵਾਸ ਸੀ ਕਿ ਉਹ ਜਿੰਨੀ ਨੀਤ ਭਰ ਕੇ ਖਾਏਗੀ ਉਸ ਦੇ ਬੱਚੇ ਦੀ ਨੀਤ ਓਨੀ ਭਰੀ ਰਹੇਗੀ।

ਪ੍ਰਸ਼ਨ 10. ‘ਮੁੰਡਨ ਸੰਸਕਾਰ’ ਕਦੋਂ ਅਤੇ ਕਿੱਥੇ ਕੀਤਾ ਜਾਂਦਾ ਹੈ?

ਉੱਤਰ : ਹਿੰਦੂ ਪਰਿਵਾਰ ਬੱਚੇ ਦਾ ‘ਮੁੰਡਨ ਸੰਸਕਾਰ’ ਤੀਜੇ ਤੋਂ ਪੰਜਵੇਂ ਸਾਲ ਵਿੱਚ ਕਰਦੇ ਹਨ। ਇਹ ਸੰਸਕਾਰ ਆਮ ਤੌਰ ‘ਤੇ ਉੱਥੇ ਕੀਤਾ ਜਾਂਦਾ ਹੈ ਜਿੱਥੇ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੁੰਦੀ ਹੈ।

ਪ੍ਰਸ਼ਨ 11. ਧੀਆਂ ਪ੍ਰਤਿ ਸਾਡੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਕਿਉਂ ਆ ਰਹੀ ਹੈ?

ਉੱਤਰ : ਛੋਟੇ ਪਰਿਵਾਰਾਂ ਦੀ ਲੋੜ ਕਾਰਨ ਮਾਪਿਆਂ ਦੇ ਹਰ ਬੱਚੇ ਪ੍ਰਤਿ ਰੁਝਾਨ ਵਿੱਚ ਤਬਦੀਲੀ ਆਈ ਹੈ। ਹੁਣ ਧੀਆਂ ਪੜ੍ਹ-ਲਿਖ ਰਹੀਆਂ ਹਨ ਅਤੇ ਕਮਾਉਣ ਵੀ ਲੱਗ ਪਈਆਂ ਹਨ। ਘਰ ਵਿੱਚ ਉਹਨਾਂ ਦਾ ਸਥਾਨ ਸਤਿਕਾਰਯੋਗ ਹੋ ਗਿਆ ਹੈ। ਸਿੱਟੇ ਵਜੋਂ ਧੀਆਂ ਪ੍ਰਤਿ ਸਾਡੇ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਆ ਰਹੀ ਹੈ।

ਪ੍ਰਸ਼ਨ 12. ਕੁੜਮਾਈ ਜਾਂ ਸਗਾਈ ਦੀ ਰਸਮ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਕੁੜਮਾਈ/ਸਗਾਈ ਲਈ ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਮੁੰਡੇ ਵਾਲਿਆਂ ਨੂੰ ਸ਼ਗਨ ਦਾ ਸਮਾਨ ਭੇਜਿਆ ਜਾਂਦਾ ਹੈ। ਨਾਈ ਮੁੰਡੇ ਨੂੰ ਕੇਸਰ ਦਾ ਟਿੱਕਾ ਲਾਉਂਦਾ ਹੈ ਅਤੇ ਮੁੰਡੇ ਦਾ ਬਾਪ ਜਾਂ ਵਿਚੋਲਾ ਮੁੰਡੇ ਦੇ ਮੂਹ ਵਿੱਚ ਛੁਹਾਰਾ ਤੇ ਮਿਸ਼ਰੀ ਪਾਉਂਦਾ ਹੈ। ਦੂਸਰੇ ਪਾਸੇ ਨਾਇਣ ਮੁੰਡੇ ਵਾਲਿਆਂ ਵੱਲੋਂ ਭੇਜੀ ਨਕਦੀ ਕੁੜੀ ਦੀ ਝੋਲੀ ਪਾ ਕੇ ਉਸ ਦੇ ਮੂੰਹ ਵਿੱਚ ਖੰਡ ਤੇ ਛੁਹਾਰਾ ਪਾ ਦਿੰਦੀ ਹੈ।

ਪ੍ਰਸ਼ਨ 13. ਕੁੜੀ ਦੀ ਕੁੜਮਾਈ ਦੀਆਂ ਰਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਮੁੰਡੇ ਵਾਲਿਆਂ ਵੱਲੋਂ ਨਾਈ ਦੇ ਹੱਥ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾ ਤੇ ਨਕਦੀ ਆਦਿ ਸਮਾਨ ਭੇਜਿਆ ਜਾਂਦਾ ਸੀ। ਕੁੜੀ ਕੱਪੜੇ ਤੇ ਲਾਲ ਪਰਾਂਦੀ ਪਾ ਕੇ ਚੜ੍ਹਦੇ ਪਾਸੇ ਵੱਲ ਮੂੰਹ ਕਰ ਪੀੜ੍ਹੇ ਉੱਤੇ ਬੈਠ ਜਾਂਦੀ ਸੀ। ਨਾਇਣ ਸਹੁਰਿਆਂ ਵੱਲੋਂ ਭੇਜੀ ਨਕਦੀ ਉਸ ਦੀ ਝੋਲੀ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੂੰਹ ਵਿੱਚ ਪਾ ਦਿੰਦੀ ਸੀ। ਇਸ ਤਰ੍ਹਾਂ ਕੁੜੀ ਦੀ ਵੀ ਕੁੜਮਾਈ ਹੋ ਜਾਂਦੀ ਸੀ।

ਪ੍ਰਸ਼ਨ 14. ‘ਸਾਹੇ ਦੀ ਚਿੱਠੀ’ ਕੌਣ ਅਤੇ ਕਿਵੇਂ ਭੇਜਦੇ ਹਨ?

ਜਾਂ

ਪ੍ਰਸ਼ਨ. ‘ਸਾਹੇ ਦੀ ਚਿੱਠੀ’ ਜਾਂ ‘ਲਗਨ’ ਬਾਰੇ ਜਾਣਕਾਰੀ ਦਿਓ।

ਉੱਤਰ : ਸਾਹਾ ਕਢਾਉਣ ਤੋਂ ਬਾਅਦ ਜਦ ਵਿਆਹ ਵਿੱਚ ਥੋੜ੍ਹੇ ਹੀ ਦਿਨ ਰਹਿ ਜਾਂਦੇ ਹਨ ਤਾਂ ਕੁੜੀ ਵਾਲ਼ੇ ‘ਸਾਹੇ ਦੀ ਚਿੱਠੀ’ ਜਾਂ ‘ਲਗਨ’ ਲਿਖਵਾਉਂਦੇ ਹਨ। ਇਹ ਚਿੱਠੀ ਦੱਭ, ਚੌਲ, ਹਲਦੀ, ਖੰਮ੍ਹਣੀ ਆਦਿ ਵਿੱਚ ਲਪੇਟ ਕੇ ਨਾਈ, ਪੰਡਤ ਜਾਂ ਵਿਚੋਲੇ ਹੱਥ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਹੈ ਜਿਸ ਵਿੱਚ ਵਿਆਹ ਦੀ ਤਾਰੀਖ਼ ਦੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਇਸ ਚਿੱਠੀ ਨੂੰ ਪੰਚਾਇਤ ਅਤੇ ਮੁੰਡੇ ਦੀ ਹਾਜ਼ਰੀ ਵਿੱਚ ਖੋਲ੍ਹਿਆ ਤੇ ਪੜ੍ਹਿਆ ਜਾਂਦਾ ਹੈ।

ਪ੍ਰਸ਼ਨ 15. ‘ਸਾਹੇ ਲੱਤ ਬੰਨ੍ਹਣ’ ਜਾਂ ‘ਥੜ੍ਹੇ ਪਾਉਣ’ ਤੋਂ ਕੀ ਭਾਵ ਹੈ?

ਉੱਤਰ : ਲਗਨ ਭੇਜਣ ਵਾਲੇ ਦਿਨ ਤੋਂ ਕੁੜੀ-ਮੁੰਡੇ ਦੇ ਬਾਹਰ ਨਿਕਲਨ, ਕਿਸੇ ਨਾਲ ਹੱਸਣ, ਬੋਲਣ ਤੇ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ। ਇਸ ਨੂੰ ‘ਸਾਹੇ ਲੱਤ ਬੰਨ੍ਹਣਾ’ ਜਾਂ ‘ਥੜ੍ਹੇ ਪਾਉਣਾ’ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ।

ਪ੍ਰਸ਼ਨ 16. ਵਿਆਹ ਦੀਆਂ ਰਸਮਾਂ ਦੇ ਸੰਬੰਧ ਵਿੱਚ ਸੱਤ ਸੁਹਾਗਣਾਂ ਦੀ ਕੀ ਭੂਮਿਕਾ ਹੁੰਦੀ ਸੀ?

ਉੱਤਰ : ‘ਸਾਹੇ ਲੱਤ ਬੰਨ੍ਹਣ’ ਤੋਂ ਬਾਅਦ ਸੱਤ ਸੁਹਾਗਣਾਂ ਨੂੰ ਇਕੱਠੀਆਂ ਕਰ ਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਸੀ। ਵਿਆਹ ਦੇ ਹਰ ਕੰਮ ਵਿੱਚ ਇਹ ਸੁਹਾਗਣਾਂ ਇਕੱਠੀਆਂ ਹੁੰਦੀਆਂ ਸਨ। ਕਿਸੇ ਸਮੇਂ ਇਹਨਾਂ ਵਿੱਚੋਂ ਇੱਕ ਵੀ ਸੁਹਾਗਣ ਘੱਟ ਹੁੰਦੀ ਤਾਂ ਵਿਆਹ ਦੀ ਕੋਈ ਰਸਮ ਸ਼ੁਰੂ ਨਹੀਂ ਸੀ ਹੁੰਦੀ।

ਪ੍ਰਸ਼ਨ 17. ਮਾਈਏ ਜਾਂ ਵਟਣੇ ਦੀ ਰਸਮ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਵਿਆਹ ਤੋਂ ਪਹਿਲਾਂ ਮਾਈਏਂ/ਵਟਣੇ ਦੀ ਵੱਡੀ ਰਸਮ ਲਈ ਬੰਨੜੇ/ਬੰਨੜੀ ਦੇ ਸਿਰ ‘ਤੇ ਚਾਰ ਕੁੜੀਆਂ ਪੀਲ਼ੀ ਚਾਦਰ ਦਾ ਚੰਦੋਆ ਤਾਣਦੀਆਂ ਹਨ। ਠੂਠੀ ਵਿੱਚ ਤੇਲ, ਹਲਦੀ ਤੇ ਪਾਣੀ ਮਿਲਾ ਕੇ ਵਟਣਾ ਬਣਾਇਆ ਜਾਂਦਾ ਹੈ। ਇਸ ਨੂੰ ਘਾਹ ਦੀ ਗੁੱਟੀ ਨਾਲ ਮੁੰਡੇ/ਕੁੜੀ ਦੀ ਵਾਲਾਂ ਦੀ ਲਿਟ ਨੂੰ ਲਾਇਆ ਜਾਂਦਾ ਹੈ ਤੇ ਫਿਰ ਹੱਥਾਂ-ਪੈਰਾਂ ਤੇ ਚਿਹਰੇ ‘ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ। ਵਟਣਾ ਵਿਆਹ ਵਾਲ਼ੇ ਦਿਨ ਤੱਕ ਲੱਗਦਾ ਰਹਿੰਦਾ ਸੀ।

ਪ੍ਰਸ਼ਨ 18. ਸਿਹਰੇ ਦੀ ਰਸਮ ਤੋਂ ਜਾਣੂ ਕਰਵਾਓ।

ਉੱਤਰ : ਨਾਨਕਿਆਂ ਦੇ ਮੇਲ ਦੇ ਪਹੁੰਚਣ ਤੋਂ ਦੂਜੇ ਦਿਨ ਮੁੰਡੇ ਨੂੰ ਆਖ਼ਰੀ ਵਟਣਾ ਮਲ ਕੇ ਨੁਹਾਇਆ ਜਾਂਦਾ ਹੈ ਅਤੇ ਉਸ ਨੂੰ ਮਾਮੇ ਦੀ ਲਿਆਂਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਉਸ ਦੇ ਸਿਰ ‘ਤੇ ਮੁਕਟ ਜਾਂ ਮੱਥੇ ‘ਤੇ ਸਿਹਰਾ ਬੰਨ੍ਹਿਆ ਜਾਂਦਾ ਹੈ। ਸਰਬਾਲੇ ਨੂੰ ਵੀ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ।

ਪ੍ਰਸ਼ਨ 19. ‘ਲਾਂਵਾਂ’ ਜਾਂ ‘ਫੇਰੇ’ ਕਿਸ ਨੂੰ ਕਹਿੰਦੇ ਹਨ?

ਉੱਤਰ : ‘ਲਾਂਵਾਂ’ ਜਾਂ ‘ਫੇਰੇ’ ਵਿਆਹ ਦੀ ਇੱਕ ਮਹੱਤਵਪੂਰਨ ਰਸਮ ਹੈ। ਇਸ ਤੋਂ ਬਿਨਾਂ ਵਿਆਹ ਸੰਪੂਰਨ ਨਹੀਂ ਹੁੰਦਾ। ਹਿੰਦੂਆਂ ਵਿੱਚ ਵਰ ਤੇ ਕੰਨਿਆਂ ਦੁਆਰਾ ਅਗਨੀ ਦੁਆਲੇ ਵੇਦੀ ‘ਤੇ ਚਾਰ ਜਾਂ ਸੱਤ ਲਾਂਵਾਂ ਲਈਆਂ ਜਾਂਦੀਆਂ ਹਨ। ਸਿੱਖਾਂ ਵਿੱਚ ਅਨੰਦ ਕਾਰਜ ਦੀ ਪ੍ਰਥਾ ਅਨੁਸਾਰ ਸੁਹਾਗ-ਜੋੜੀ ਲਾਂਵਾਂ ਦੇ ਪਾਠ ਤੇ ਕੀਰਤਨ ਸਮੇਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਆਲ਼ੇ-ਦੁਆਲ਼ੇ ਚਾਰ ਫੇਰੇ ਲੈਂਦੀ ਹੈ।

ਪ੍ਰਸ਼ਨ 20. ਮਿਰਤਕ ਦੀ ਅੰਤਿਮ ਯਾਤਰਾ ਤੋਂ ਜਾਣੂ ਕਰਵਾਓ।

ਉੱਤਰ : ਸੰਸਕਾਰ ਤੋਂ ਪਹਿਲਾਂ ਮਿਰਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ ਅਤੇ ਉਸ ਦੀ ਅੰਤਿਮ ਯਾਤਰਾ ਦੀ ਤਿਆਰੀ ਕੀਤੀ ਜਾਂਦੀ ਹੈ। ਮਿਰਤਕ ਜੇਕਰ ਸੁਹਾਗਣ ਹੋਵੇ ਤਾਂ ਉਸ ਦਾ ਹਾਰ-ਸ਼ਿੰਗਾਰ ਕਰ ਕੇ ਉਸ ਨੂੰ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ।

ਪ੍ਰਸ਼ਨ 21. ‘ਕਪਾਲ-ਕ੍ਰਿਆ’ ਕਿਸ ਨੂੰ ਕਹਿੰਦੇ ਹਨ?

ਉੱਤਰ : ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗਦੀ ਹੈ ਤਾਂ ਕੋਈ ਵਿਅਕਤੀ ਅਰਥੀ ਦਾ ਇੱਕ ਡੰਡਾ ਕੱਢ ਕੇ ਇਸ ਨਾਲ ਮੁਰਦੇ ਦੀ ਖੋਪਰੀ ਨੂੰ ਠਕੋਰਦਾ ਹੈ। ਫਿਰ ਉਹ ਹੱਥ ਵਿਚਲੇ ਡੰਡੇ ਨੂੰ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁਟੱਦਾ ਹੈ। ਇਸ ਨੂੰ ‘ਕਪਾਲ- ਕ੍ਰਿਆ’ ਕਿਹਾ ਜਾਂਦਾ ਹੈ।

ਪ੍ਰਸ਼ਨ 22. ਮਿਰਤਕ ਦੇ ਫੁੱਲ ਚੁਗਣ ਅਤੇ ਜਲ-ਪ੍ਰਵਾਹ ਕਰਨ ਸੰਬੰਧੀ ਜਾਣਕਾਰੀ ਦਿਓ।

ਉੱਤਰ : ਮੌਤ ਤੋਂ ਤੀਸਰੇ ਦਿਨ ਮਿਰਤਕ ਦੇ ਫੁੱਲ ਚੁਗਣ ਦੀ ਰਸਮ ਕੀਤੀ ਜਾਂਦੀ ਹੈ। ਮਿਰਤਕ ਦੇ ਫੁੱਲਾਂ ਜਾਂ ਅਸਤੀਆਂ ਨੂੰ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।

ਪ੍ਰਸ਼ਨ 23. ਪਗੜੀ ਦੀ ਰਸਮ ਤੋਂ ਜਾਣੂ ਕਰਵਾਓ।

ਉੱਤਰ : ਮੌਤ ਤੋਂ ਦਸਵੇਂ, ਗਿਆਰ੍ਹਵੇਂ ਜਾਂ ਤੇਰ੍ਹਵੇਂ ਦਿਨ ਪਗੜੀ ਦੀ ਰਸਮ ਹੁੰਦੀ ਹੈ। ਇਸ ਨੂੰ ਰਸਮ-ਕਿਰਿਆ ਵੀ ਕਹਿੰਦੇ ਹਨ। ਭਾਈਚਾਰੇ ਦੀ ਹਾਜ਼ਰੀ ਵਿੱਚ ਵੱਡੇ ਪੁੱਤਰ ਦੇ ਪਗੜੀ ਬੰਨ੍ਹੀ ਜਾਂਦੀ ਹੈ ਜੋ ਉਸ ਦੇ ਸਹੁਰੇ ਲਿਆਉਂਦੇ ਹਨ।

ਪ੍ਰਸ਼ਨ 24. ਪੰਜਾਬ ਦੇ ਰਸਮ-ਰਿਵਾਜਾਂ ਵਿੱਚ ਤਬਦੀਲੀ ਕਿਉਂ ਆਈ ਹੈ?

ਉੱਤਰ : ਵਿੱਦਿਆ ਦੇ ਪਸਾਰ ਕਾਰਨ ਸਾਡੀ ਸੋਚ ਦੇ ਬਦਲਨ, ਮਨੁੱਖ ਕੋਲ ਵਿਹਲ ਦੇ ਘਟਣ, ਰੋਜ਼ੀ-ਰੋਟੀ ਲਈ ਸੰਘਰਸ਼ ਦੇ ਵਧਣ, ਕੁੜੀਆਂ ਦੇ ਪੜ੍ਹ-ਲਿਖ ਕੇ ਕਮਾਉਣ ਲੱਗ ਜਾਣ ਆਦਿ ਕਾਰਨਾਂ ਕਰ ਕੇ ਪੰਜਾਬ ਦੇ ਰਸਮ-ਰਿਵਾਜਾਂ ਵਿੱਚ ਤਬਦੀਲੀ ਆਈ ਹੈ।