ਪੈਰਾ ਰਚਨਾ : ਮਿਲਵਰਤਨ
ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਮਨੁੱਖੀ ਸਮਾਜ ਵਿਚ ਮਿਲਵਰਤਨ ਦੀ ਭਾਰੀ ਮਹਾਨਤਾ ਹੈ। ਅਸਲ ਵਿਚ ਸਮਾਜ ਦੀ ਹੋਂਦ ਹੀ ਮਨੁੱਖਾਂ ਦੇ ਆਪਸੀ ਮਿਲਵਰਤਨ ਤੋਂ ਉਪਜੀ ਹੈ। ਮਿਲਵਰਤਨ ਦੀ ਸਾਨੂੰ ਆਪਣੇ ਪਰਿਵਾਰ, ਸਕੇ-ਸੰਬੰਧੀਆਂ, ਮਿੱਤਰਾਂ-ਦੋਸਤਾਂ, ਗਵਾਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਥਾਂ-ਥਾਂ ‘ਤੇ ਜ਼ਰੂਰਤ ਪੈਂਦੀ ਹੈ। ਇਕ-ਦੂਸਰੇ ਦੇ ਮਿਲਵਰਤਨ ਤੋਂ ਬਿਨਾਂ ਸਾਡੀ ਯੋਗਤਾ ਤੇ ਸਮਰੱਥਾ ਨਕਾਰੀ ਹੋ ਕੇ ਰਹਿ ਜਾਂਦੀ ਹੈ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਦੇਈਏ ਜਾਂ ਉਹ ਸਾਡੇ ਨਾਲ ਮਿਲਵਰਤਨ ਨਾ ਕਰਨ, ਤਾਂ ਸਾਡਾ ਜੀਉਣਾ ਦੁੱਭਰ ਹੋ ਜਾਵੇ। ਅਸੀਂ ਦੂਸਰੇ ਲੋਕਾਂ ਨੂੰ ਮਿਲਵਰਤਨ ਦੇ ਕੇ ਤੇ ਉਨ੍ਹਾਂ ਦੀ ਮਿਲਵਰਤਨ ਲੈ ਕੇ ਹੀ ਆਪਣੇ ਜੀਵਨ ਦੀ ਗੱਡੀ ਚਲਾ ਸਕਦੇ ਹਾਂ। ਜੇਕਰ ਅਸੀਂ ਕਿਸੇ ਦੇ ਕੰਮ ਵਿਚ ਰੁਕਾਵਟ ਪਾਈਏ ‘ਤੇ ਆਪਣੀ ਮਨ-ਮਰਜ਼ੀ ਕਰੀਏ, ਤਾਂ ਅਸੀਂ ਨਾ ਕੇਵਲ ਦੂਜਿਆਂ ਲਈ, ਸਗੋਂ ਆਪਣੇ ਲਈ ਵੀ ਮੁਸੀਬਤਾਂ ਖੜ੍ਹੀਆਂ ਕਰਾਂਗੇ। ਅਸੀਂ ਮਿਲਵਰਤਨ ਨਾਲ ਪਰਿਵਾਰਿਕ ਸੁਖ ਤੇ ਆਮਦਨ ਵਿਚ ਵਾਧਾ ਕਰ ਸਕਦੇ ਹਾਂ ਅਤੇ ਔਕੜਾਂ ਤੇ ਮੁਸੀਬਤਾਂ ਦਾ ਵਧੇਰੇ ਸਫਲਤਾ ਨਾਲ ਟਾਕਰਾ ਕਰ ਸਕਦੇ ਹਾਂ। ਇਸੇ ਪ੍ਰਕਾਰ ਗਵਾਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਕਰ ਕੇ ਅਸੀਂ ਦੂਜਿਆਂ ਦੇ ਜੀਵਨ ਵਿਚ ਵੀ ਸਰਲਤਾ ਪੈਦਾ ਕਰ ਸਕਦੇ ਹਾਂ ਤੇ ਆਪਣੇ ਜੀਵਨ ਵਿਚ ਵੀ। ਮਿਲ ਕੇ ਕੀਤੇ ਕੰਮ ਇਕ ਤਾਂ ਛੇਤੀ ਮੁੱਕਦੇ ਹਨ, ਦੂਸਰੇ ਉਨ੍ਹਾਂ ਉੱਪਰ ਸ਼ਕਤੀ ਵੀ ਘੱਟ ਲਗਦੀ ਹੈ ਤੇ ਤੀਸਰੇ ਮਨ ਵਿਚ ਆਸ਼ਾਵਾਦ ਤੇ ਪ੍ਰਸੰਨਤਾ ਪੈਦਾ ਹੁੰਦੀ ਹੈ। ਇਸ ਕਰਕੇ ਸਾਨੂੰ ਸਧਾਰਨ ਜਾਂ ਔਖੇ ਕੰਮਾਂ, ਦੁੱਖ-ਸੁੱਖ ਤੇ ਜ਼ਿੰਮੇਵਾਰੀਆਂ ਨਿਭਾਉਣ ਵਿਚ ਇਕ-ਦੂਜੇ ਨੂੰ ਵੱਧ ਤੋਂ ਵੱਧ ਮਿਲਵਰਤਨ ਦੇਣਾ ਚਾਹੀਦਾ ਹੈ।