CBSEEducationਸੰਖੇਪ ਰਚਨਾ (Precis writing)

ਸੰਖੇਪ ਰਚਨਾ : ਤੰਦਰੁਸਤੀ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ :-

ਸਰੀਰ ਮਨ ਦਾ ਘੋੜਾ ਹੈ। ਜਿਸ ਤਰ੍ਹਾਂ ਮਨ ਇਸ ਨੂੰ ਚਲਾਉਂਦਾ ਹੈ, ਉਸੇ ਤਰ੍ਹਾਂ ਚਲਦਾ ਹੈ। ਪਰ ਜੀਵਨ ਦੀ ਖੇਡ ਖੇਡਣ ਲਈ ਅਤੇ ਜ਼ਿੰਦਗੀ ਦੀ ਵਾਟ ਕੱਟਣ ਲਈ ਘੋੜੇ ਨੂੰ ਵੀ ਰਿਸ਼ਟ-ਪੁਸ਼ਟ ਰੱਖਣਾ ਜ਼ਰੂਰੀ ਹੈ। ਜੇ ਘੋੜਾ ਮਰੀਅਲ ਹੋ ਜਾਏ, ਤਾਂ ਮਨ ਅਤੇ ਆਤਮਾ ਦੀ ਖੇਡ ਵੀ ਢਿੱਲੀ ਪੈ ਜਾਂਦੀ ਹੈ। ਇਸ ਸਰੀਰ-ਘੋੜੇ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਇਸ ਦੀ ਚੰਗੀ ਦੇਖ-ਭਾਲ ਜ਼ਰੂਰੀ ਹੈ। ਸਾਡਾ ਸਰੀਰ ਅਰਬਾਂ-ਖ਼ਰਬਾਂ ਜੀਵਾਣੂਆਂ ਅਥਵਾ ਜਿਊਂਦੇ ਸੈੱਲਾਂ ਦਾ ਬਣਿਆ ਹੋਇਆ ਹੈ। ਇਨ੍ਹਾਂ ਵਿੱਚੋਂ ਲੱਖਾਂ-ਕਰੋੜਾਂ ਹਰ ਰੋਜ਼ ਮਰਦੇ ਅਤੇ ਉਨ੍ਹਾਂ ਦੀ ਥਾਂ ਲੈਣ ਲਈ ਲੱਖਾਂ ਕਰੋੜਾਂ ਹਰ ਰੋਜ਼ ਜੰਮਦੇ ਹਨ। ਨਰੋਏ ਜੀਵਾਣੂ ਬਣਾਉਣ ਲਈ ਖ਼ੂਨ ਦਾ ਨਰੋਆ ਹੋਣਾ ਲਾਜ਼ਮੀ ਹੈ। ਖ਼ੂਨ ਬਣਦਾ ਹੈ ਖ਼ੁਰਾਕ ਤੋਂ, ਜਲ ਤੋਂ, ਵਾਯੂ ਤੋਂ। ਨਿਰਮਲ ਜਲ, ਖੁੱਲ੍ਹੀ ਪਵਿੱਤਰ ਵਾਯੂ ਅਤੇ ਸ਼ੁੱਧ ਅਹਾਰ ਇਹ ਸਭ ਕੁੱਝ ਹੋਵੇ, ਤਾਂ ਹੀ ਰਿਸ਼ਟ-ਪੁਸ਼ਟ ਬਣਿਆ ਰਹਿ ਸਕਦਾ ਹੈ। ਘੱਟ ਖਾਣਾ, ਸੰਤੁਲਤ ਖ਼ੁਰਾਕ ਖਾਣੀ, ਖ਼ੂਬ ਚਿੱਥ-ਚਿੱਥ ਕੇ ਖਾਣੀ, ਮੁਸ਼ੱਕਤ ਜਾਂ ਕਸਰਤ ਕਰਨੀ, ਖ਼ੁਸ਼ ਰਹਿਣਾ, ਤਾਜ਼ਾ ਆਕਸੀਜਨ ਭਰਪੂਰ ਹਵਾ ਫੱਕਣੀ ਅਤੇ ਨਿਰਮਲ ਜਲ ਪੀਣਾ-ਇਹੋ ਹੀ ਤੰਦਰੁਸਤੀ ਅਤੇ ਦੀਰਘ ਆਯੂ ਦਾ ਨੁਸਖਾ ਹੈ।

ਉੱਤਰ :

ਸਿਰਲੇਖ : ਤੰਦਰੁਸਤੀ ।

ਸੰਖੇਪ-ਰਚਨਾ : ਜਿਊਣ ਵਾਸਤੇ ਮਨ ਲਈ ਘੋੜੇ ਦਾ ਕੰਮ ਕਰਦੇ ਸਰੀਰ ਦਾ ਰਿਸ਼ਟ-ਪੁਸ਼ਟ ਰਹਿਣਾ ਜ਼ਰੂਰੀ ਹੈ। ਨਰੋਏ ਸਰੀਰ ਵਿੱਚ ਹੀ ਮਨ ਤੇ ਆਤਮਾ ਤਕੜੇ ਰਹਿੰਦੇ ਹਨ। ਅਣਗਣਿਤ ਜੀਵਾਣੂਆਂ ਦੀ ਟੁੱਟ-ਭੱਜ ਨੂੰ ਪੂਰਨ ਲਈ ਲੋੜੀਂਦੇ ਨਰੋਏ ਖ਼ੂਨ ਵਾਸਤੇ ਸੰਤੁਲਿਤ ਖ਼ੁਰਾਕ ਤੇ ਨਿਰਮਲ ਹਵਾ-ਪਾਣੀ ਜ਼ਰੂਰੀ ਹਨ। ਘੱਟ ਪਰ ਚਿੱਥ ਕੇ ਖਾਣ, ਕਸਰਤ ਕਰਨ ਤੇ ਖ਼ੁਸ਼ ਰਹਿਣ ਨਾਲ ਤੰਦਰੁਸਤੀ ਭਰੀ ਲੰਮੀ ਉਮਰ ਮਿਲ ਸਕਦੀ ਹੈ।